ਫ਼ਿਲਮ 'ਬੈਂਡ ਬਾਜਾ ਬਾਰਾਤ' ਤੋਂ ਆਪਣਾ ਕਰੀਅਰ ਸਫਲਤਾਪੂਰਕ ਸ਼ੁਰੂ ਕਰਨ ਵਾਲੇ ਰਣਵੀਰ ਸਿੰਘ ਆਪਣੇ ਕੰਮ ਦੇ ਨਾਲ-ਨਾਲ ਰੋਮਾਂਸ ਨੂੰ ਲੈ ਕੇ ਵੀ ਹਮੇਸ਼ਾ ਖ਼ਬਰਾਂ 'ਚ ਬਣੇ ਰਹਿੰਦੇ ਹਨ। ਕਦੇ ਉਨ੍ਹਾਂ ਦਾ ਨਾਂ ਅਨੁਸ਼ਕਾ ਸ਼ਰਮਾ ਨਾਲ ਜੋੜਿਆ ਗਿਆ ਤਾਂ ਹੁਣ ਦੀਪਿਕਾ ਪਾਦੁਕੋਣ ਨਾਲ ਉਸ ਦਾ ਅਫੇਅਰ ਚਰਚਾ ਵਿਚ ਹੈ। ਹਾਲਾਂਕਿ ਰਣਵੀਰ ਨਿੱਜੀ ਜ਼ਿੰਦਗੀ ਜਾਂ ਰਿਸ਼ਤਿਆਂ ਨੂੰ ਲੈ ਕੇ ਗੱਲ ਕਰਨਾ ਪਸੰਦ ਨਹੀਂ ਕਰਦਾ। ਇੰਨਾ ਹੀ ਨਹੀਂ, ਉਸ ਨੇ ਕਰਨ ਜੌਹਰ ਦੀ ਫਿਲਮ 'ਸ਼ੁੱਧੀ' ਠੁਕਰਾ ਕੇ ਸੰਜੇ ਲੀਲਾ ਭੰਸਾਲੀ ਦੀ 'ਬਾਜੀਰਾਵ ਮਸਤਾਨੀ' ਸਾਈਨ ਕੀਤੀ ਹੈ। ਇਸ ਵਿਚ ਇਕ ਵਾਰ ਫਿਰ ਉਸ ਦੀ ਜੋੜੀ ਦੀਪਿਕਾ ਪਾਦੁਕੋਣ ਨਾਲ ਹੈ। ਹੁਣ ਉਸ ਦੀ ਫਿਲਮ 'ਕਿਲ ਦਿਲ' ਵੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਰਣਵੀਰ ਨਾਲ ਗੋਵਿੰਦਾ ਵੀ ਹੈ। ਪਿਛਲੇ ਦਿਨੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਰਣਵੀਰ ਸਿੰਘ ਨਾਲ ਮੁਲਾਕਾਤ ਕਰਕੇ ਗੱਲਬਾਤ ਕੀਤੀ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਮੁੱਖ ਅੰਸ਼ :
* ਫਿਲਮ 'ਬਾਜੀਰਾਵ ਮਸਤਾਨੀ' ਵਿਚ ਤੁਹਾਡੀ ਕੀ ਭੂਮਿਕਾ ਹੈ?
- ਇਹ ਇਕ ਪੀਰੀਅਡ ਫਿਲਮ ਹੈ, ਜਿਸ ਵਿਚ ਮੇਰਾ ਕਿਰਦਾਰ ਬਹੁਤ ਹੀ ਵੱਖਰਾ ਹੈ। ਇਸ ਲਈ ਮੈਨੂੰ ਸਿਰ ਦੇ ਵਾਲ ਕਟਵਾਉਣੇ ਪੈਣੇ ਹਨ। ਘੋੜਸਵਾਰੀ ਅਤੇ ਤਲਵਾਰਬਾਜ਼ੀ ਸਿੱਖ ਰਿਹਾ ਹਾਂ। 'ਬਾਜੀਰਾਵ ਮਸਤਾਨੀ' ਉਤੇ ਫਿਲਮ ਬਣਾਉਣਾ ਸੰਜੇ ਲੀਲਾ ਭੰਸਾਲੀ ਦਾ ਬਹੁਤ ਵੱਡਾ ਸੁਪਨਾ ਰਿਹਾ ਹੈ। ਇਸ ਦੀ ਕਹਾਣੀ ਇਤਿਹਾਸ ਦਾ ਬਹੁਤ ਵੱਡਾ ਅਧਿਆਏ ਹੈ, ਜਿਸ ਬਾਰੇ ਹਰ ਕਿਸੇ ਨੂੰ ਜਾਣਨਾ ਚਾਹੀਦਾ ਹੈ।
* ਤੁਹਾਡੇ ਦੀਪਿਕਾ ਪਾਦੁਕੋਣ ਨਾਲ 'ਫਾਈਂÎਡਿੰਗ ਫੈਨੀ' ਵਿਚ ਵਿਆਹ ਦੇ ਜੋ ਸੀਨ ਹਨ, ਉਸ ਦੀਆਂ ਫੋਟੋਆਂ ਬਾਜ਼ਾਰ 'ਚ ਖੂਬ ਵਿਕੀਆਂ ਸਨ।
- ਇਸ ਸਿਲਸਿਲੇ 'ਚ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਹਾਂ, ਮੈਂ ਹੋਮੀ ਅਦਜਾਨੀਆਂ ਨਾਲ ਕੰਮ ਕਰਨਾ ਚਾਹੁੰਦਾ ਸੀ। ਇਕ ਦਿਨ ਉਨ੍ਹਾਂ ਨੇ ਉਂਝ ਹੀ ਮੇਰੇ ਕੋਲ ਚਰਚਾ ਕੀਤੀ ਕਿ ਉਨ੍ਹਾਂ ਨੂੰ ਫਿਲਮ 'ਚ ਕਾਮੇਡੀ ਲਈ ਕਲਾਕਾਰ ਦੀ ਭਾਲ ਹੈ। ਮੈਂ ਕਿਹਾ ਕਿ ਮੈਂ ਕੰਮ ਕਰਨਾ ਚਾਹੁੰਦਾ ਹਾਂ ਅਤੇ ਮੈਂ ਗੋਆ ਸ਼ੂਟਿੰਗ ਕਰਨ ਪਹੁੰਚ ਗਿਆ।
* ਅੱਜਕਲ ਦੀਪਿਕਾ ਪਾਦੁਕੋਣ ਨਾਲ ਤੁਹਾਡੇ ਰਿਸ਼ਤਿਆਂ ਦੀ ਵੀ ਚਰਚਾ ਹੁੰਦੀ ਰਹਿੰਦੀ ਹੈ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
- ਦੀਪਿਕਾ ਦੀ ਮੇਰੀ ਜ਼ਿੰਦਗੀ ਵਿਚ ਵੱਖਰੀ ਥਾਂ ਹੈ। ਮੈਂ ਕਦੀ ਇਹ ਨਹੀਂ ਕਿਹਾ ਕਿ ਮੈਂ ਉਸਦੇ ਨੇੜੇ ਨਹੀਂ ਹਾਂ ਪਰ ਮੈਂ ਸਿੰਗਲ ਹਾਂ। ਮੈਂ ਕਿਸੇ ਦੀ ਸੋਚ 'ਤੇ ਲਗਾਮ ਤਾਂ ਨਹੀਂ ਲਗਾ ਸਕਦਾ। ਮੈਂ ਤਾਂ ਖੁੱਲ੍ਹੀ ਕਿਤਾਬ ਹਾਂ। ਮੇਰੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ।
* ਤੁਸੀਂ ਫਿਲਮ 'ਲੁਟੇਰਾ' ਵਿਚ ਸੰਜੀਦਾ ਕਿਰਦਾਰ ਨਿਭਾਇਆ ਪਰ ਲੋਕਾਂ ਨੂੰ ਪਸੰਦ ਨਹੀਂ ਆਇਆ। ਇਸ 'ਤੇ ਤੁਸੀਂ ਕੀ ਕਹੋਗੇ?
- ਤੁਸੀਂ ਬਿਲਕੁਲ ਸਹੀ ਕਿਹਾ। ਮੈਂ ਵੀ 'ਲੁਟੇਰਾ' ਇਸ ਲਈ ਕੀਤੀ ਸੀ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਦੂਜੇ ਮਿਜਾਜ਼ ਦੇ ਕਿਰਦਾਰ ਵੀ ਨਿਭਾਅ ਸਕਦਾ ਹਾਂ। 'ਲੁਟੇਰਾ' ਇਕ ਅੰਡਰ ਰੇਟਿਡ ਫਿਲਮ ਰਹੀ। ਮੇਰੀ ਪ੍ਰਫਾਰਮੈਂਸ ਵੀ ਅੰਡਰ ਰੇਟਿਡ ਰਹੀ ਪਰ ਮੈਂ ਜੋ ਕਰਨਾ ਚਾਹੁੰਦਾ ਸੀ, ਉਹ ਮੈਂ 'ਲੁਟੇਰਾ' ਦੇ ਜ਼ਰੀਏ ਕਰ ਲਿਆ। ਫਿਲਮਕਾਰਾਂ ਦੀ ਸਮਝ 'ਚ ਆ ਗਿਆ ਕਿ ਹਮੇਸ਼ਾ ਹਾਈ-ਐਨਰਜੀ ਕਲਰਫੁਲ ਕਿਰਦਾਰ ਨਿਭਾਉਣ ਤੋਂ ਇਲਾਵਾ ਦੂਜੀ ਤਰ੍ਹਾਂ ਦੇ ਕਿਰਦਾਰ ਵੀ ਰਣਵੀਰ ਨਿਭਾਅ ਸਕਦਾ ਹੈ।
* ਤੁਸੀਂ ਆਪਣੇ ਐਕਟਿੰਗ ਸਟਾਈਲ ਨੂੰ ਲੈ ਕੇ ਕੀ ਕਹੋਗੇ?
- ਮੈਂ ਤਾਂ ਆਪਣੇ ਆਪ ਨੂੰ 'ਭੇਲਪੁਰੀ' ਕਲਾਕਾਰ ਮੰਨਦਾ ਹਾਂ। ਮੈਂ ਤਾਂ ਇਧਰ-ਓਧਰ ਹਰ ਜਗ੍ਹਾ ਤੋਂ ਪ੍ਰੇਰਣਾ ਲੈਂਦਾ ਰਹਿੰਦਾ ਹਾਂ। ਹਰ ਦਿਨ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ। ਤੁਹਾਨੂੰ ਮੇਰੀ ਇਹ ਕੋਸ਼ਿਸ਼ ਉਸ ਸਮੇਂ ਨਜ਼ਰ ਆਵੇਗੀ, ਜਦੋਂ ਮੇਰੀਆਂ ਕਈ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹੋਣਗੀਆਂ ਤੇ ਉਦੋਂ ਤੁਸੀਂ ਕਹੋਗੇ ਕਿ ਇਹ ਤਾਂ 'ਰਣਵੀਰ' ਦਾ ਮੌਲਿਕ ਸਟਾਈਲ ਹੈ।
* ਕੀ ਤੁਸੀਂ ਰਣਬੀਰ ਕਪੂਰ ਨੂੰ ਆਪਣਾ ਸਭ ਤੋਂ ਵੱਡਾ ਮੁਕਾਬਲੇਬਾਜ਼ ਮੰਨਦੇ ਹੋ?
- ਮੈਨੂੰ ਲੱਗਦਾ ਹੈ ਕਿ ਰਣਬੀਰ ਕਪੂਰ ਨਾਲ ਮੇਰੀ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ । ਸਾਡਾ ਦੋਹਾਂ ਦਾ ਕਰੀਅਰ ਗ੍ਰਾਫ ਬਹੁਤ ਵੱਖਰਾ ਹੈ। ਉਹ ਮੇਰੇ ਸੀਨੀਅਰ ਹਨ। ਉਨ੍ਹਾਂ ਦੀ ਪਰਵਰਿਸ਼ ਫਿਲਮੀ ਮਾਹੌਲ 'ਚ ਹੋਈ ਹੈ, ਮੈਂ ਗੈਰ-ਫਿਲਮੀ ਪਿਛੋਕੜ ਤੋਂ ਹਾਂ। ਹੁਣ ਤੱਕ ਉਨ੍ਹਾਂ ਨੇ ਜਿੰਨੀਆਂ ਫਿਲਮਾਂ ਕੀਤੀਆਂ ਹਨ, ਹਰ ਫਿਲਮ 'ਚ ਬਿਹਤਰੀਨ ਕੰਮ ਕੀਤਾ ਹੈ।
* ਫਿਲਮ 'ਕਿਲ ਦਿਲ' ਵਿਚ ਗੋਵਿੰਦਾ ਨਾਲ ਕੰਮ ਕਰਕੇ ਕਿਹੋ ਜਿਹਾ ਲੱਗਾ?
- ਗੋਵਿੰਦਾ ਜੀ ਨਾਲ ਪਰਦੇ 'ਤੇ ਆਉਣਾ ਮੇਰੇ ਜੀਵਨ ਦੀ ਬਹੁਤ ਵੱਡੀ ਪ੍ਰਾਪਤੀ ਹੈ। ਗੋਵਿੰਦਾ ਜੀ ਦੀਆਂ ਫਿਲਮਾਂ ਦੇਖਦੇ ਹੋਏ ਹੀ ਮੈਂ ਐਕਟਿੰਗ ਦੇ ਸੁਪਨੇ ਦੇਖਣੇ ਸ਼ੁਰੂ ਕੀਤੇ ਸਨ। ਹੁਣ ਜਦੋਂ ਮੈਂ ਉਨ੍ਹਾਂ ਨਾਲ ਫਿਲਮ 'ਚ ਨਜ਼ਰ ਆਉਣ ਵਾਲਾ ਹਾਂ ਤਾਂ ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ। ਇਹ ਮੇਰੇ ਲਈ ਇਕ ਸੁਪਨਾ ਪੂਰਾ ਹੋਣ ਵਾਂਗ ਹੈ। ਜਿਸ ਦਿਨ ਮੈਂ 'ਕਿਲ ਦਿਲ' ਦੀ ਸ਼ੂਟਿੰਗ ਲਈ ਘਰੋਂ ਨਿਕਲ ਰਿਹਾ ਸੀ, ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਅੱਜ ਮੈਂ ਗੋਵਿੰਦਾ ਜੀ ਨਾਲ ਐਕਟਿੰਗ ਕਰਾਂਗਾ।
* ਤੁਸੀਂ ਇਕ ਕਲਾਕਾਰ ਦੇ ਤੌਰ 'ਤੇ ਸਭ ਤੋਂ ਵੱਡੀ ਚੁਣੌਤੀ ਕੀ ਮੰਨਦੇ ਹੋ?
- ਦਰਸ਼ਕਾਂ ਦੀ ਨਬਜ਼ ਨੂੰ ਸਮਝਣਾ ਹੀ ਸਭ ਤੋਂ ਵੱਡੀ ਚੁਣੌਤੀ ਹੈ। ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਮੈਂ ਸੱਤਿਆਜੀਤ ਰੇਅ ਦੇ ਸਮੇਂ 'ਚ ਨਹੀਂ ਸੀ ਪਰ ਮੇਰਾ ਮੰਨਣਾ ਹੈ ਕਿ ਅੱਜ ਦੀ ਤਰੀਕ 'ਚ ਹਿੰਦੀ ਸਿਨੇਮਾ ਲਈ ਚੰਗਾ ਸਮਾਂ ਹੈ। ਅੱਜ ਦਰਸ਼ਕਾਂ ਨੂੰ ਖੁਸ਼ ਕਰਨਾ ਕਾਫੀ ਮੁਸ਼ਕਿਲ ਹੈ। ਅੱਜ ਦਾ ਦਰਸ਼ਕ ਇੰਟਰਨੈੱਟ, ਫਿਲਮਾਂ 'ਚ ਵਿਸ਼ਵੀਕਰਨ ਅਤੇ ਟੀ. ਵੀ. ਚੈਨਲਾਂ 'ਤੇ ਪ੍ਰਸਾਰਿਤ ਹੋ ਰਹੀਆਂ ਰਾਸ਼ਟਰੀ-ਅੰਤਰਰਾਸ਼ਟਰੀ ਫਿਲਮਾਂ ਦੀ ਵਜ੍ਹਾ ਨਾਲ ਕਾਫੀ ਜਾਗਰੂਕ ਹੈ। ਅੱਜ ਮੁਕਾਬਲਾ ਵੀ ਜ਼ਿਆਦਾ ਹੈ।
* ਤੁਹਾਡੇ ਅੰਦਰ ਸਫਲਤਾ ਤੋਂ ਬਾਅਦ ਕੀ ਤਬਦੀਲੀ ਆਈ ਹੈ?
- ਮੈਂ ਆਪਣੇ-ਆਪ ਨੂੰ ਬਦਲਣਾ ਨਹੀਂ ਚਾਹੁੰਦਾ। ਮੈਨੂੰ ਜੋ ਚੰਗਾ ਲੱਗਦਾ ਹੈ, ਉਹੀ ਕਰਦਾ ਹਾਂ। ਮੈਂ ਕਦੀ ਗੰਭੀਰ ਹੋ ਹੀ ਨਹੀਂ ਸਕਦਾ। ਹਮੇਸ਼ਾ ਚੁਟਕਲੇ ਸੁਣਾਉਂਦਾ ਰਹਿੰਦਾ ਹਾਂ। ਹੱਸਦਾ ਰਹਿੰਦਾ ਹਾਂ ਅਤੇ ਲੋਕਾਂ ਨੂੰ ਹਸਾਉਂਦਾ ਰਹਿੰਦਾ ਹਾਂ।
* ਤੁਹਾਡੀ ਪਛਾਣ ਤਾਂ 'ਲਵਰ ਬੁਆਏ' ਦੀ ਬਣੀ ਹੋਈ ਹੈ।
-ਮੈਂ ਰੋਮਾਂਟਿਕ ਇਨਸਾਨ ਹਾਂ ਪਰ ਆਪਣੀ ਪਛਾਣ ਆਪਣੀਆਂ ਫਿਲਮਾਂ ਅਤੇ ਆਪਣੇ ਅਭਿਨੈ ਨਾਲ ਬਣਾਉਣਾ ਚਾਹੁੰਦਾ ਹਾਂ। ਜੇਕਰ ਮੇਰੀ ਚਰਚਾ ਮੇਰੀਆਂ ਫਿਲਮਾਂ ਕਰਕੇ ਹੋਵੇਗੀ ਤਾਂ ਮੈਨੂੰ ਜ਼ਿਆਦਾ ਖੁਸ਼ੀ ਹੋਵੇਗੀ।