ਮਲਿਆਲੀ ਪਿਤਾ ਅਤੇ ਆਸਟ੍ਰੇਲੀਅਨ ਮਾਤਾ ਦੀ ਸੰਤਾਨ ਲਿਜ਼ਾ ਹੇਡਨ ਦਾ ਜਨਮ ਦੇ ਸਮੇਂ ਦਾ ਨਾਂ ਐਲਿਜ਼ਾਬੇਥ ਮੇਰੀ ਹੇਡਨ ਸੀ। 18 ਸਾਲ ਦੀ ਉਮਰ 'ਚ ਉਹ ਯੋਗਾ ਟੀਚਰ ਬਣਨ ਦੀ ਇੱਛੁਕ ਸੀ। ਮਨੋਵਿਗਿਆਨ ਦੀ ਪੜ੍ਹਾਈ ਕਰਦੇ ਸਮੇਂ ਆਪਣੀਆਂ ਕਲਾਸਾਂ ਦਾ ਖਰਚਾ ਅਤੇ ਕਿਰਾਇਆ ਦੇਣ ਲਈ ਉਸ ਨੇ ਮਾਡਲਿੰਗ ਸ਼ੁਰੂ ਕਰ ਦਿੱਤੀ। ਅੱਗੇ ਚੱਲ ਕੇ ਉਹ ਆਸਟ੍ਰੇਲੀਆ ਤੋਂ ਭਾਰਤ ਆ ਗਈ ਅਤੇ ਇਥੇ ਮਾਡਲਿੰਗ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ। ਇਕ ਕਾਫੀ ਸ਼ਾਪ 'ਚ ਅਨਿਲ ਕਪੂਰ ਨੇ ਲਿਜ਼ਾ ਨੂੰ ਦੇਖਿਆ ਅਤੇ ਆਪਣੀ ਫਿਲਮ 'ਆਇਸ਼ਾ' ਲਈ ਉਸ ਨੂੰ ਚੁਣ ਲਿਆ। ਇਸ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਭਾਵੇਂ ਛੋਟਾ ਸੀ ਪਰ ਉਸ ਨੂੰ ਕਾਫੀ ਤਾਰੀਫ ਮਿਲੀ। ਇਸ ਤੋਂ ਬਾਅਦ ਉਸ ਨੂੰ ਫਿਲਮਾਂ 'ਚ ਕੰਮ ਮਿਲਣਾ ਸ਼ੁਰੂ ਹੋ ਗਿਆ ਅਤੇ ਉਸ ਨੇ 'ਰਾਸਕਲਸ' ਅਤੇ 'ਕਵੀਨ' 'ਚ ਕਿਰਦਾਰ ਨਿਭਾਏ। ਉਸ ਨੇ ਤੇਲਗੂ 'ਚ ਵੀ ਇਕ ਫਿਲਮ ਕੀਤੀ ਸੀ। ਹੁਣ ਉਹ 1982 'ਚ ਬਾਸੂ ਚੈਟਰਜੀ ਨਿਰਦੇਸ਼ਿਤ ਫਿਲਮ 'ਸ਼ੌਕੀਨ' ਦੇ ਰੀਮੇਕ 'ਦਿ ਸ਼ੌਕੀਨਸ' 'ਚ ਨਜ਼ਰ ਆਏਗੀ। ਜ਼ਿਕਰਯੋਗ ਹੈ ਕਿ ਲਿਜ਼ਾ 2005 ਤੋਂ ਵਪਾਰੀ ਅਤੇ ਡੀ. ਜੇ. ਕਰਨ ਭੋਜਵਾਨੀ ਨਾਲ ਰਿਲੇਸ਼ਨਸ਼ਿਪ 'ਚ ਹੈ। ਪੇਸ਼ ਹਨ ਲਿਜ਼ਾ ਨਾਲ ਇਕ ਰੋਚਕ ਗੱਲਬਾਤ ਦੇ ਮੁੱਖ ਅੰਸ਼ :
* ਸਭ ਤੋਂ ਪਹਿਲਾਂ ਆਪਣੇ ਬਾਰੇ ਕੁਝ ਦੱਸੋ?
— ਮੇਰਾ ਜਨਮ ਚੇਨਈ 'ਚ ਹੋਇਆ ਸੀ। ਮੈਂ ਆਪਣੀ ਹਾਈ ਸਕੂਲ ਦੀ ਸਿੱਖਿਆ ਆਸਟ੍ਰੇਲੀਆ 'ਚ ਪ੍ਰਾਪਤ ਕੀਤੀ ਸੀ। ਮੇਰੀ ਭੈਣ ਮਲਿਕਾ ਹੇਡਨ ਭਾਰਤ 'ਚ ਮਾਡਲਿੰਗ ਕਰ ਰਹੀ ਸੀ, ਉਸ ਦੇ ਕਹਿਣ 'ਤੇ ਮੈਂ ਮਾਡਲਿੰਗ ਨੂੰ ਕਰੀਅਰ ਦੇ ਤੌਰ 'ਤੇ ਚੁਣਿਆ ਅਤੇ ਆਸਟ੍ਰੇਲੀਆ ਛੱਡ ਮੁੰਬਈ ਆ ਗਈ। ਇਥੇ ਮੈਂ ਵਿਲਸਲਾ ਇਫ ਸਟਾਈਲ ਇੰਡੀਆ ਫੈਸ਼ਨ ਵੀਕ ਤੋਂ ਇਲਾਵਾ ਕਈ ਹੋਰ ਮਹੱਤਵਪੂਰਨ ਮਾਡਲਿੰਗ ਅਸਾਈਨਮੈਂਟ ਕੀਤੇ। ਮੈਂ 2010 'ਚ ਰਿਤਿਕ ਰੋਸ਼ਨ ਨਾਲ ਇਕ ਵਿਗਿਆਪਨ ਵੀ ਕੀਤਾ ਸੀ। ਫਿਰ ਮੈਨੂੰ 'ਆਇਸ਼ਾ' ਮਿਲੀ ਤੇ ਸਫਰ ਸ਼ੁਰੂ ਹੋਇਆ।
* ਸਭ ਤੋਂ ਪਹਿਲਾਂ ਤਾਂ ਆਪਣੀ ਫਿਲਮ 'ਦਿ ਸ਼ੌਕੀਨਸ' ਬਾਰੇ ਕੁਝ ਦੱਸੋ?
— ਮੈਂ ਇਸ ਦਾ ਅਸਲੀ ਐਡੀਸ਼ਨ ਪੂਰਾ ਨਹੀਂ ਦੇਖਿਆ ਪਰ ਉਸ 'ਚ ਰਤੀ ਅਗਨੀਹੋਤਰੀ ਨੇ ਬਹੁਤ ਸ਼ਾਨਦਾਰ ਕੰਮ ਕੀਤਾ ਸੀ। 'ਦਿ ਸ਼ੌਕੀਨਸ' 'ਚ ਮੇਰੇ ਕਿਰਦਾਰ ਦਾ ਨਾਂ ਅਹਾਨਾ ਹੈ, ਜੋ ਉਸ ਤੋਂ ਬਿਲਕੁਲ ਵੱਖ ਹੈ। ਹਾਲਾਂਕਿ ਮੈਂ ਖੁਦ ਨੂੰ ਰਤੀ ਜੀ ਜਿੰਨੀ ਪ੍ਰਤਿਭਾਸ਼ਾਲੀ ਤਾਂ ਨਹੀਂ ਮੰਨਦੀ ਪਰ ਇਸ ਫਿਲਮ 'ਚ ਮੈਂ ਆਪਣਾ ਸੌ ਫੀਸਦੀ ਦਿੱਤਾ ਹੈ। ਇਸ ਨੂੰ ਲੈ ਕੇ ਮੈਂ ਕਾਫੀ ਉਤਸ਼ਾਹਿਤ ਹਾਂ ਕਿਉਂਕਿ ਇਸ ਵਿਚ ਮੇਰੇ ਆਪੋਜ਼ਿਟ ਅਕਸ਼ੈ ਕੁਮਾਰ ਹੈ।
* ਬਾਲੀਵੁੱਡ 'ਚ ਸਭ ਤੋਂ ਜ਼ਿਆਦਾ ਸੈਕਸੀ ਐਕਟਰ ਕਿਸ ਨੂੰ ਮੰਨਦੇ ਹੋ?
— ਕਿਸੇ ਇਕ ਦੀ ਗੱਲ ਨਹੀਂ ਕਰਾਂਗੀ। ਮੈਂ ਅਸਲ 'ਚ ਕਰੀਨਾ ਕਪੂਰ, ਵਿੱਦਿਆ ਬਾਲਨ, ਰਿਤਿਕ ਰੋਸ਼ਨ ਤੇ ਰਣਬੀਰ ਕਪੂਰ ਨੂੰ ਸਭ ਤੋਂ ਜ਼ਿਆਦਾ ਸੈਕਸੀ ਮੰਨਦੀ ਹਾਂ।
* ਕਿਹੜੇ ਕਾਸਮੈਟਿਕਸ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ ਹੁੰਦਾ?
— ਮੈਂ ਅੰਡਰ ਆਈਕ੍ਰੀਮ, ਲਿਪ ਬਾਮ ਤੇ ਬਲੱਸ਼ ਦੇ ਬਿਨਾਂ ਨਹੀਂ ਰਹਿ ਸਕਦੀ।
* ਜੇਕਰ ਮੌਕਾ ਮਿਲਦਾ ਤਾਂ ਕਿਸ ਫਿਲਮ ਨੂੰ ਆਪਣਾ 'ਡ੍ਰੀਮ ਡੈਬਿਊ' ਚੁਣਦੇ?
— ਇਮਾਨਦਾਰੀ ਨਾਲ ਕਹਾਂ ਤਾਂ ਆਪਣੀ ਡੈਬਿਊ ਦੇ ਫਿਲਮ ਦੇ ਤੌਰ 'ਤੇ ਮੈਂ 'ਆਇਸ਼ਾ' ਤੋਂ ਹੀ ਖੁਸ਼ ਹਾਂ।
* ਆਪਣੇ ਸਟਾਈਲ ਬਾਰੇ ਕੀ ਕਹੋਗੇ?
— ਮੈਂ ਆਪਣਾ ਸਟਾਈਲ ਸਿੰਪਲ ਰੱਖਦੀ ਹਾਂ ਅਤੇ ਜ਼ਿਆਦਾ 'ਓਵਰ ਦਿ ਟੌਪ' ਨਹੀਂ ਹੁੰਦੀ। ਮੇਰਾ ਮੰਨਣਾ ਹੈ ਕਿ ਫੈਸ਼ਨ ਹਰ ਕਿਸੇ ਲਈ ਹੈ।
* ਕੋਈ ਆਈਟਮ ਨੰਬਰ ਜੋ ਤੁਸੀਂ ਕਰਨਾ ਚਾਹੋ..?
— ਮੈਂ 'ਚਿਕਨੀ ਚਮੇਲੀ' ਜਿਹੇ ਸ਼ੁੱਧ ਭਾਰਤੀ ਆਈਟਮ ਗੀਤ 'ਤੇ ਨੱਚਣਾ ਪਸੰਦ ਕਰਾਂਗੀ।
* ਜੇਕਰ ਤੁਸੀਂ ਕਿਸੇ ਮੈਗਜ਼ੀਨ ਦੇ ਐਡੀਟਰ ਹੁੰਦੇ ਤਾਂ ਕਵਰ 'ਤੇ ਕਿਸ ਨੂੰ ਜਗ੍ਹਾ ਦਿੰਦੇ?
— ਉਸ ਨੂੰ ਜੋ ਸੱਚਮੁੱਚ ਕੋਈ ਮਹੱਤਵਪੂਰਨ ਕੰਮ ਕਰ ਰਹੇ ਹਨ ਜਿਵੇਂ ਹਿਲੇਰੀ ਕਲਿੰਟਨ ਅਤੇ ਐਂਜੇਲਿਨਾ ਜੋਲੀ।
* ਤੁਹਾਡਾ ਚੰਗਾ ਦਿਨ ਕਿਵੇਂ ਬੀਤਦਾ ਹੈ?
— ਜਦੋਂ ਮੈਂ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸਮਾਂ ਬਿਤਾਉਂਦੀ ਹਾਂ।
* ...ਤੇ ਦਿਨ ਵਿਗੜਦਾ ਕਿਵੇਂ ਹੈ?
— ਜਦੋਂ ਮੇਰਾ ਮੂਡ ਵਿਗੜੇ ਤਾਂ ਮੇਰਾ ਦਿਨ ਵੀ ਵਿਗੜ ਜਾਂਦਾ ਹੈ।
* ਤੁਹਾਡਾ ਮਨਪਸੰਦ ਗੈਜੇਟ?
— ਮੇਰਾ ਆਈਪੈਡ।
* ਤੁਸੀਂ ਆਪਣੇ ਸਭ ਤੋਂ ਨੇੜੇ ਕਿਸ ਨੂੰ ਮੰਨਦੇ ਹੋ?
— ਆਪਣੀ ਮਾਂ ਨੂੰ ਮੈਂ ਆਪਣੇ ਸਭ ਤੋਂ ਨੇੜੇ ਮੰਨਦੀ ਹਾਂ। ਮੇਰੇ ਮਾਤਾ-ਪਿਤਾ ਮੇਰੇ ਲਈ ਸਭ ਤੋਂ ਕੀਮਤੀ ਹਨ।
* ਜੇਕਰ ਮੌਕਾ ਮਿਲੇ ਤਾਂ ਕਿੱਥੇ ਰਹਿਣਾ ਪਸੰਦ ਕਰੋਗੇ?
— ਤੇਲ ਅਵੀਵ ਤੇ ਬਾਲੀ 'ਚ, ਉਥੇ ਗਰਮੀਆਂ ਬਿਤਾਉਣਾ ਬਹੁਤ ਮਜ਼ੇਦਾਰ ਹੁੰਦਾ ਹੈ। ਇਸ ਤੋਂ ਇਲਾਵਾ ਮੈਂ ਦੱਖਣੀ ਅਮਰੀਕਾ, ਬ੍ਰਾਜ਼ੀਲ, ਅਰਜਨਟੀਨਾ ਤੇ ਪੇਰੂ ਘੁੰਮਣਾ ਪਸੰਦ ਕਰਾਂਗੀ।
* ਜ਼ਿੰਦਗੀ 'ਚ ਖੁਦ ਨੂੰ ਸਿਖਰ 'ਤੇ ਕਦੋਂ ਮਹਿਸੂਸ ਕੀਤਾ ਸੀ?
— 19 ਸਾਲ ਦੀ ਉਮਰ 'ਚ ਜਦੋਂ ਮੈਂ ਚੰਗੀ ਕਮਾਈ ਕਰਨ ਲੱਗੀ ਸੀ।
* ...ਤੇ ਨਿਰਾਸ਼ਾ ਕਦੋਂ ਮਹਿਸੂਸ ਹੋਈ ਸੀ?
— ਜਦੋਂ ਮੈਂ ਭਾਰਤ ਵਾਪਸ ਆਈ ਸੀ ਕਿਉਂਕਿ ਮੈਨੂੰ ਸਭ ਕੁਝ ਖਾਲੀ ਹੱਥ ਸ਼ੁਰੂ ਕਰਨਾ ਪਿਆ ਸੀ।