ਹੁਸ਼ਿਆਰਪੁਰ, (ਘੁੰਮਣ)-ਜ਼ਿਲੇ ਦੇ ਪਿੰਡ ਖਨੌੜਾ ਵਿਚ 10.40 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਸਰਕਾਰ ਵਲੋਂ ਬਣਾਏ ਸੈਂਟਰ ਆਫ਼ ਐਕਸੀਲੈਂਸ ਨੂੰ ਅੱਜ ਇੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ ਨੂੰ ਸਮਰਪਿਤ ਕੀਤਾ। ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੈਂਟਰ ਕਿਸਾਨਾਂ ਦੀ ਹਰ ਸਮੱਸਿਆ ਦਾ ਹੱਲ ਕਰੇਗਾ।
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਰਲ ਕੇ ਲੜੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਪੱਕਾ ਹੈ ਅਤੇ ਦੋਵੇਂ ਪਾਰਟੀਆਂ ਇਹ ਚੋਣਾਂ ਮਿਲ ਕੇ ਲੜਨਗੀਆਂ।
ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਡੀਜ਼ਲ 'ਤੇ ਵੈਟ ਕੇਵਲ ਪੰਜਾਬ ਸਰਕਾਰ ਵਲੋਂ ਹੀ ਨਹੀਂ ਲਗਾਇਆ ਗਿਆ, ਬਲਕਿ ਦੇਸ਼ ਦੀਆਂ ਹੋਰ ਕਈ ਸੂਬਾ ਸਰਕਾਰਾਂ ਨੇ ਵੀ ਇਹ ਟੈਕਸ ਡੀਜ਼ਲ 'ਤੇ ਲਗਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਡੀਜ਼ਲ 'ਤੇ ਲਾਇਆ ਗਿਆ ਵੈਟ ਹੋਰਨਾਂ ਸੂਬਿਆਂ ਤੋਂ ਕਿਤੇ ਜ਼ਿਆਦਾ ਘੱਟ ਹੈ।
ਸਮਾਗਮ ਨੂੰ ਕੇਂਦਰੀ ਸਮਾਜਿਕ ਸੁਰੱਖਿਆ ਰਾਜ ਮੰਤਰੀ ਵਿਜੇ ਸਾਂਪਲਾ ਨੇ ਸੰਬੋਧਨ ਕਰਦੇ ਹੋਏ, ਇਸ ਪ੍ਰੋਜੈਕਟ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਫੂਡ ਪ੍ਰੋਸੈਸਿੰਗ ਸਨਅਤ ਨੂੰ ਵੀ ਹੋਰ ਬੜ੍ਹਾਵਾ ਦੇਣ ਦੀ ਲੋੜ ਹੈ।
ਸਮਾਗਮ ਨੂੰ ਇਜ਼ਰਾਈਲ ਦੇ ਅੰਬੈਸਡਰ ਡੈਨੀਅਲ ਕਾਰਮਲ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਦੋਵਾਂ ਮੁਲਕਾਂ ਵਿਚਾਲੇ ਸਬੰਧ ਹੋਰ ਵੀ ਮਜ਼ਬੂਤ ਹੋਣਗੇ। ਮੁੱਖ ਮੰਤਰੀ ਸ. ਬਾਦਲ ਨੂੰ ਜ਼ਿਲੇ ਦੇ ਬਾਗਵਾਨਾਂ ਵਲੋਂ ਪ੍ਰਮੁੱਖ ਬਾਗਵਾਨ ਕੁਲਵੰਤ ਸਿੰਘ ਛਾਉਣੀ ਕਲਾਂ ਨੇ ਸਨਮਾਨ ਚਿੰਨ੍ਹ ਭੇਟ ਕੀਤਾ।
ਸ਼ੱਕੀ ਹਲਾਤਾਂ 'ਚ ਮਿਲੀ ਨੌਜਵਾਨ ਲੜਕੀ ਦੀ ਲਾਸ਼
NEXT STORY