ਪੰਜਾਬ ਸਰਕਾਰ ਨੇ ਸੂਬੇ ਨੂੰ ਕਰਜ਼ਾਈ ਕੀਤਾ : ਬਾਜਵਾ
ਬਾਬਾ ਬਕਾਲਾ ਸਾਹਿਬ, (ਰਾਕੇਸ਼)- ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਨੂੰ ਕਰਜ਼ਾਈ ਕਰਕੇ ਰੱਖ ਦਿੱਤਾ ਹੈ ਤੇ ਇਸ ਵੇਲੇ ਪੰਜਾਬ ਦੇ ਸਿਰ 2 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਜਦਕਿ ਸੂਬੇ ਨੂੰ ਇਸ ਵੇਲੇ 33 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੈ ਪਰ ਖਰਚ 44 ਹਜ਼ਾਰ ਕਰੋੜ ਰੁਪਏ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ, ਜੋ ਕਿ ਰਈਆ ਵਿਖੇ ਹੋ ਰਹੀਆਂ ਨਗਰ ਪੰਚਾਇਤ ਦੀਆਂ ਚੋਣਾਂ ਸਬੰਧੀ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਇਥੇ ਪੁੱਜੇ ਹੋਏ ਸਨ ਤੇ ਮੋੜ ਬਾਬਾ ਬਕਾਲਾ ਸਾਹਿਬ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਥੇ ਪਹੁੰਚਣ 'ਤੇ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਤੇ ਚੇਅਰਮੈਨ ਜਸਬੀਰ ਸਿੰਘ ਡਿੰਪਾ ਦੀ ਅਗਵਾਈ ਹੇਠ ਬਲਾਕ ਕਾਂਗਰਸ ਕਮੇਟੀ ਵਲੋਂ ਬਾਜਵਾ ਦਾ ਨਿੱਘਾ ਸਵਾਗਤ ਕੀਤਾ ਗਿਆ। ਬਾਜਵਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀ ਜੋ ਕਮਾਈ 2 ਨੰਬਰ ਦੀ ਹੋ ਰਹੀ ਹੈ, ਵਿਚੋਂ 30 ਫੀਸਦੀ ਭਾਜਪਾ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਹਰ ਸਾਲ ਹਸਪਤਾਲਾਂ ਨੂੰ 250 ਕਰੋੜ ਰੁਪਏ ਦੀਆਂ ਦਵਾਈਆਂ ਭੇਜੀਆਂ ਜਾਂਦੀਆਂ ਹਨ, ਜੋ ਕਿ ਮਰੀਜ਼ਾਂ ਕੋਲ ਪਹੁੰਚਣ ਤੋਂ ਪਹਿਲਾਂ ਹੀ ਅਲੋਪ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ 19 ਹਜ਼ਾਰ ਕਾਰਖਾਨੇ ਬੰਦ ਹੋ ਚੁੱਕੇ ਹਨ, ਬਿਜਲੀ, ਪੈਨਸ਼ਨ, ਆਟਾ-ਦਾਲ ਤੇ ਹੋਰ ਸਹੂਲਤਾਂ ਨਾਂ ਦੀਆਂ ਹੀ ਰਹਿ ਗਈਆਂ ਹਨ। ਰੇਤਾ-ਬੱਜਰੀ ਤੇ ਸ਼ਰਾਬ ਦੇ ਠੇਕਿਆਂ 'ਤੇ ਸੁਖਬੀਰ ਬਾਦਲ ਦਾ ਕਬਜ਼ਾ ਹੈ ਤੇ ਇਸੇ ਕਰਕੇ ਹੀ ਪਿੰਡਾਂ ਵਿਚ ਸਕੂਲ ਘੱਟ ਤੇ ਸ਼ਰਾਬ ਦੇ ਠੇਕੇ ਵੱਧ ਹਨ। ਬਾਜਵਾ ਨੇ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਜੇਕਰ ਉਹ ਸਚਮੁੱਚ ਹੀ ਅਕਾਲੀਆਂ ਦੇ ਵਿਰੁੱਧ ਹੈ ਤਾਂ ਪਹਿਲਾਂ ਆਪਣੀ ਪਤਨੀ ਤੋਂ ਅਸਤੀਫਾ ਦਿਵਾਏ।
ਸਾਬਕਾ ਵਿਧਾਇਕ ਡਿੰਪਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਦੀ ਇਕ ਰਾਜਸਥਾਨੀ ਹਵੇਲੀ ਤਿਆਰ ਹੋ ਰਹੀ ਹੈ, ਜਿਸ 'ਤੇ 32 ਕਰੋੜ ਰੁਪਏ ਖਰਚ ਆਉਣੇ ਹਨ ਤੇ ਇਸ ਨੂੰ ਤਿਆਰ ਕਰਨ ਲਈ 8 ਸਾਲ ਤੋਂ ਰਾਜ ਮਿਸਤਰੀ ਕੰਮ ਕਰ ਰਹੇ ਹਨ।
ਇਸ ਮੌਕੇ ਹਰਮਿੰਦਰ ਸਿੰਘ ਗਿੱਲ, ਬਲਾਕ ਪ੍ਰਧਾਨ ਕੇ. ਕੇ. ਸ਼ਰਮਾ, ਰਮਿੰਦਰ ਸਿੰਘ ਰਟੌਲ, ਪਿੰਦਰਜੀਤ ਸਰਲੀ, ਸੂਰਤਾ ਸਿੰਘ ਬੂਲੇਨੰਗਲ, ਜਸਵੰਤ ਸਿੰਘ ਬਿੱਲਾ, ਹਰਦੀਪ ਸਿੰਘ ਬੱਬੀ, ਦਲਜੀਤ ਸਿੰਘ ਮੰਗਾ, ਮਨਪ੍ਰੀਤ ਸਿੰਘ ਮਨੂੰ, ਹਰਚਰਨ ਸਿੰਘ ਦਨਿਆਲ, ਕੁਲਦੀਪ ਰਾਏ ਬੁੱਟਰ, ਐਡਵੋਕੇਟ ਰਜਿੰਦਰ ਸਿੰਘ ਟਪਿਆਲਾ, ਵਰਿੰਦਰ ਸਿੰਘ ਵਿੱਕੀ ਭਿੰਡਰ ਤੇ ਹਰਮੇਲ ਸਿੰਘ ਆਦਿ ਹਾਜ਼ਰ ਸਨ।
ਪਹਿਲਾਂ ਭੰਨੀ ਗੱਡੀ ਫਿਰ ਨੌਜਵਾਨ ਨੂੰ ਮਾਰੀ ਗੋਲੀ (ਦੇਖੋ ਤਸਵੀਰਾਂ)
NEXT STORY