ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਚ ਵੀਰਵਾਰ ਨੂੰ ਪੁਲਸ ਵਲੋਂ ਵਿਦਿਆਰਥੀਆਂ 'ਤੇ ਲਾਠੀਚਾਰਜ ਕੀਤੇ ਜਾਣ ਦੇ ਸਬੰਧ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੁਲਸ ਕੋਲੋਂ ਨੋਟਿਸ ਮੰਗਿਆ ਹੈ। ਮੁੱਖ ਮੰਤਰੀ ਵਲੋਂ ਪੁਲਸ ਵਲੋਂ ਕੀਤੇ ਗਏ ਲਾਠੀਚਾਰਜ ਦੇ ਸਬੰਧ 'ਚ ਪੁਲਸ ਕੋਲੋਂ ਰਿਪੋਰਟ ਮੰਗੀ ਹੈ ਜਿਸ ਦੇ ਚੱਲਦਿਆਂ ਮੁੱਖ ਮੰਤਰੀ ਬਾਦਲ ਨੇ ਡਿਪਟੀ ਕਮਿਸ਼ਨਰ ਨੂੰ ਜਲਦ ਤੋਂ ਜਲਦ ਰਿਪੋਰਟ ਸੌਂਪਣ ਲਈ ਆਖਿਆ। ਪੁਲਸ ਦੇ ਇਸ ਲਾਠੀਚਾਰਜ ਕਰਕੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਸੋਮਵਾਰ ਤਕ ਬੰਦ ਰਹੇਗੀ।
ਜ਼ਿਕਰਯੋਗ ਹੈ ਕਿ ਹੋਸਟਲ ਫੀਸਾਂ 'ਚ ਵਾਧੇ ਤੇ ਹੋਰ ਵਿਦਿਆਰਥੀ ਮੰਗਾਂ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵੀਰਵਾਰ ਨੂੰ ਪੁਲਸ ਅਤੇ ਵਿਦਿਆਰਥੀਆਂ ਵਿਚਾਲੇ ਖੂਨੀ ਝੜਪ ਹੋ ਗਈ ਸੀ। ਸਵੇਰ ਤੋਂ ਹੀ ਮੁੱਖ ਗੇਟ ਬੰਦ ਕਰਕੇ ਬੈਠੇ ਚਾਰ ਜਥੇਬੰਦੀਆਂ ਦੇ ਵਿਦਿਆਰਥੀਆਂ ਤੇ ਪਟਿਆਲਾ ਪੁਲਸ ਵਲੋਂ ਮੁੱਖ ਗੇਟ ਖੁਲ੍ਹਵਾਉਣ ਲਈ ਜ਼ੋਰਦਾਰ ਲਾਠੀਚਾਰਜ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ ਸੀ ਅਤੇ ਵਿਦਿਆਰਥੀਆਂ ਨੇ ਪਥਰਾਅ ਵੀ ਕੀਤਾ ਸੀ।
ਪੁਲਸ ਵਲੋਂ ਕੀਤੀ ਗਈ ਇਸ ਕਾਰਵਾਈ ਵਿਚ ਡੇਢ ਦਰਜਨ ਵਿਦਿਆਰਥੀ ਅਤੇ ਅੱਧੀ ਦਰਜਨ ਪੁਲਸ ਕਰਮਚਾਰੀ ਜ਼ਖਮੀ ਹੋਏ ਸਨ। ਇਸ ਸਾਰੇ ਮਾਮਲੇ ਦੇ ਸੰਦਰਭ 'ਚ ਮੁੱਖ ਮੰਤਰੀ ਬਾਦਲ ਵਲੋ ਨੋਟਿਸ ਲਿਆ ਗਿਆ ਹੈ ਅਤੇ ਪੁਲਸ ਵਲੋਂ ਲਾਠੀਚਾਰਜ ਦੀ ਰਿਪੋਰਟ ਮੰਗੀ ਗਈ ਹੈ।
ਫੇਸਬੁੱਕ 'ਤੇ ਪਿਆਰ ਕਰਨ ਦੀ ਮਿਲੀ ਖੌਫਨਾਕ ਸਜ਼ਾ
NEXT STORY