ਕੇਰਲ ਦੇ ਕਨੂਰ ਸ਼ਹਿਰ ਤੋਂ 23 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਤਾਲਿਪਰੰਭਾ ਇਲਾਕੇ 'ਚ ਬਣਿਆ ਅਤਿ ਵਿਸ਼ਾਲ ਅਤੇ ਸ਼ਾਨਦਾਰ ਸ਼੍ਰੀ 'ਰਾਜਾ-ਰਾਜੇਸ਼ਵਰ ਮੰਦਰ' ਦੱਖਣ ਵਿਚ ਭਗਵਾਨ ਸ਼ਿਵ ਦੇ ਮੁੱਖ ਮੰਦਰਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ। ਆਦਿਦੇਵ ਦਾ ਇਹ ਮੰਦਰ ਪ੍ਰਾਚੀਨ ਭਾਰਤ ਦੇ 51 ਸ਼ਕਤੀਪੀਠਾਂ ਵਿਚ ਵੀ ਸ਼ਾਮਲ ਹੁੰਦਾ ਹੈ, ਜਿਥੇ ਆਦਿਸ਼ਕਤੀ ਮਾਂ ਜਗਦੰਬਾ ਨੇ ਖੁਦ ਦੀ ਯੋਗ ਅਗਨੀ ਵਿਚ ਸੜੇ ਆਪਣੇ ਸਿਰ ਦਾ ਹਿੱਸਾ ਸੁੱਟਿਆ ਸੀ। 'ਰਾਜ-ਰਾਜੇਸ਼ਵਰ' ਦਾ ਅਰਥ ਹੈ ਰਾਜਿਆਂ ਦਾ ਰਾਜਾ। ਭਾਰਤ ਦੇ ਪੱਛਮੀ ਕਿਨਾਰੇ 'ਤੇ ਸਥਿਤ ਇਸ ਮੰਦਰ ਨੂੰ ਦੱਖਣ ਭਾਰਤ ਦੇ ਮੰਦਰਾਂ ਦੇ ਮਾਰਗਦਰਸ਼ਕ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ। ਜੇਕਰ ਦੱਖਣ ਭਾਰਤ ਦੇ ਮੰਦਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਕੋਈ ਵਿਵਾਦ ਹੋ ਜਾਏ ਜਾਂ ਕੋਈ ਗੁੰਝਲਦਾਰ ਸਥਿਤੀ ਪੈਦਾ ਹੋ ਜਾਏ ਤਾਂ ਇਸ ਦਾ ਹੱਲ ਸ਼੍ਰੀ ਰਾਜਾ ਰਾਜੇਸ਼ਵਰ ਮੰਦਰ 'ਚ ਹੀ ਕੀਤਾ ਜਾਂਦਾ ਹੈ। ਇਸ ਸ਼ਾਨਦਾਰ ਮੰਦਰ ਵਿਚ 'ਚੋਲ' ਭਵਨ ਨਿਰਮਾਣ ਕਲਾ ਦੀ ਛਾਪ ਸਾਫ ਨਜ਼ਰ ਆਉਂਦੀ ਹੈ। ਇਸ ਮੰਦਰ ਵਿਚ ਸਥਾਪਿਤ ਸ਼ਿਵਲਿੰਗ ਹਜ਼ਾਰਾਂ ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਮਾਨਤਾ ਪ੍ਰਾਪਤ ਕਥਾ ਅਨੁਸਾਰ ਆਦਿਕਾਲ ਵਿਚ ਭਗਵਾਨ ਸ਼ਿਵ ਨੇ ਮਾਂ ਸਤੀ ਨੂੰ ਪੂਜਾ ਕਰਨ ਲਈ ਤਿੰਨ ਸ਼ਿਵਲਿੰਗ ਦਿੱਤੇ ਸਨ। ਉਨ੍ਹਾਂ 'ਚੋਂ ਹੀ ਸਭ ਤੋਂ ਪਹਿਲਾਂ ਇਕ ਸ਼ਿਵਲਿੰਗ ਨੂੰ ਆਦਿਸ਼ਕਤੀ ਮਾਂ ਨੇ ਭਗਵਾਨ ਸ਼ਿਵ ਦੀ ਤਪੱਸਿਆ ਦੇ ਨਤੀਜੇ ਵਜੋਂ 'ਮਹਾਰਿਸ਼ੀ ਮਾਨਦੰਡ' ਨੂੰ ਦਿੱਤਾ। ਮਹਾਰਿਸ਼ੀ ਮਾਨਦੰਡ ਇਨ੍ਹਾਂ ਸ਼ਿਵ ਪ੍ਰਤੀਬਿੰਬ ਨੂੰ ਸਥਾਪਿਤ ਕਰਨ ਲਈ ਕੋਈ ਬੇਹੱਦ ਪਵਿੱਤਰ ਸਥਾਨ ਲੱਭਦੇ ਰਹੇ ਤਾਂ ਅਖੀਰ ਵਰਤਮਾਨ ਵਿਚ ਕੇਰਲ ਸੂਬੇ ਵਿਚ ਸਥਿਤ ਇਸ ਤਾਲਿਪਾਰੰਭਾ ਇਲਾਕੇ ਵਿਚ ਸਥਾਪਿਤ ਕੀਤਾ। ਮਹਾਰਿਸ਼ੀ ਮਾਨਦੰਡ ਹਮੇਸ਼ਾ ਸ਼ਿਵ ਭਗਤੀ ਵਿਚ ਲੀਨ ਰਹਿੰਦੇ ਸਨ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਸ਼ਿਵਲਿੰਗ ਉਥੋਂ ਅਲੋਪ ਹੋ ਕੇ ਧਰਤੀ ਵਿਚ ਸਮਾ ਗਏ। ਮਾਨਤਾ ਅਨੁਸਾਰ ਮਹਾਰਿਸ਼ੀ ਮਾਨਦੰਡ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ 'ਮਹਾਰਿਸ਼ੀ ਮੁਚਕੁੰਦ', ਜੋ ਕਿ ਭਗਵਾਨ ਸ਼ਿਵ ਅਤੇ ਆਦਿਸ਼ਕਤੀ ਮਾਂ ਦੇ ਅਨਿੰਨ ਭਗਤ ਸਨ, ਨੇ ਆਪਣੀ ਸ਼ਕਤੀ ਨਾਲ ਦੇਵੀ ਮਾਂ ਨੂੰ ਖੁਸ਼ ਕਰਕੇ ਉਨ੍ਹਾਂ ਤੋਂ ਦੂਜਾ ਸ਼ਿਵਲਿੰਗ ਪ੍ਰਾਪਤ ਕਰਕੇ ਉਨ੍ਹਾਂ ਨੂੰ ਇਸੇ ਸਥਾਨ 'ਤੇ ਸਥਾਪਿਤ ਕੀਤਾ। ਕਈ ਸੌ ਸਾਲ ਬਾਅਦ ਜਦੋਂ ਉਹ ਜਯੋਤਿਰਲਿੰਗ ਵੀ ਅਲੋਪ ਹੋ ਗਿਆ ਤਾਂ ਮਹਾਰਿਸ਼ੀ ਅਗਸਤਯ ਦੀ ਪ੍ਰੇਰਨਾ ਨਾਲ ਕੋਲਾਗਾਡ ਵੰਸ਼ ਦੇ ਸਮਰਾਟ ਜੋ ਕਿ ਸੁਭਾਵਿਕ ਤੌਰ 'ਤੇ ਸ਼ਿਵਭਗਤ ਸਨ, ਨੇ ਦੇਵੀ ਮਾਂ ਤੋਂ ਸ਼ਿਵ ਸਰੂਪ ਸ਼ਿਵਲਿੰਗ ਸਥਾਪਿਤ ਕਰਨ ਲਈ ਉਨ੍ਹਾਂ ਦੀ ਭਗਤੀ ਕੀਤੀ ਅਤੇ ਦੇਵੀ ਦੀ ਕ੍ਰਿਪਾ ਨਾਲ ਇਸ ਸਥਾਨ 'ਤੇ ਸਥਾਈ ਰੂਪ ਵਿਚ ਸ਼ਿਵਲਿੰਗ ਸਥਾਪਿਤ ਹੋ ਗਏ। ਮੰਦਰ ਵਿਚ ਅੱਜ ਤੱਕ ਸਥਾਪਿਤ ਇਹ ਸ਼ਿਵਲਿੰਗ ਬੇਹੱਦ ਤੇਜਸਵੀ ਰੂਪ ਵਿਚ ਹੈ ਅਤੇ ਜਿਨ੍ਹਾਂ ਦੀ ਪੂਜਾ ਤੇ ਦਰਸ਼ਨਾਂ ਰਾਹੀਂ ਅੰਦਰੂਨੀ ਸ਼ਕਤੀ ਪ੍ਰਾਪਤ ਹੋਣ ਦੇ ਨਾਲ-ਨਾਲ ਹੀ ਸਰੀਰਕ ਰੋਗਾਂ ਦਾ ਨਾਸ਼ ਵੀ ਹੁੰਦਾ ਹੈ। ਇਸ ਤਰ੍ਹਾਂ ਦਵਾਪਰ ਯੁੱਗ, ਤ੍ਰੇਤਾ ਯੁੱਗ ਅਤੇ ਕਲਯੁੱਗ ਵਿਚ ਆਦਿਸ਼ਕਤੀ ਵਲੋਂ ਸ਼ਿਵ ਭਗਤਾਂ ਨੂੰ ਇਹ ਤਿੰਨੇ ਸ਼ਿਵਲਿੰਗ ਪ੍ਰਦਾਨ ਕੀਤੇ ਗਏ।
ਇਕ ਹੋਰ ਮਾਨਤਾ ਅਨੁਸਾਰ ਦੇਵਰਿਸ਼ੀ ਨਾਰਦ ਨੇ ਇਸ ਸਥਾਨ ਦਾ ਮਹੱਤਵ 'ਪਰਸ਼ੂਰਾਮ' ਜੀ ਨੂੰ ਦੱਸਿਆ, ਜਿਨ੍ਹਾਂ ਨੇ ਇਥੇ ਸਭ ਤੋਂ ਪਹਿਲਾਂ ਮੰਦਰ ਦਾ ਨਿਰਮਾਣ ਕਰਵਾਇਆ। ਇਸ ਮੰਦਰ ਦਾ ਮੂਲ ਢਾਂਚਾ ਤਿਆਰ ਕੀਤਾ ਗਿਆ ਅਤੇ ਮਹਾਰਿਸ਼ੀ ਅਗਸਤਯ ਨੇ ਘਿਓ ਦਾ ਦੀਵਾ ਬਾਲਿਆ, ਜੋ ਅੱਜ ਤੱਕ ਬਲ ਰਿਹਾ ਹੈ ਅਤੇ ਇਸ ਵਿਚ ਭਗਤਾਂ ਵਲੋਂ ਸੋਨੇ, ਚਾਂਦੀ ਅਤੇ ਪਿੱਤਲ ਦੇ ਬਰਤਨਾਂ ਰਾਹੀਂ ਘਿਓ ਲਗਾਤਾਰ ਪਾਇਆ ਜਾ ਰਿਹਾ ਹੈ। ਇਹ ਵੀ ਮਾਨਤਾ ਹੈ ਕਿ ਰਾਵਣ ਵਧ ਤੋਂ ਬਾਅਦ ਭਗਵਾਨ ਰਾਮ ਨੇ ਵੀ ਇਥੇ ਸ਼ਿਵ ਦੀ ਉਸਤਤ ਕੀਤੀ ਸੀ।
ਇਸ ਮੰਦਰ ਦੀ ਨਿਰਮਾਣ ਸ਼ੈਲੀ ਬੇਹੱਦ ਆਕਰਸ਼ਕ ਹੈ, ਜਿਸ ਵਿਚ ਵਿਸ਼ਾਲ ਚੱਟਾਨਾਂ ਦੇ ਹਿੱਸੇ ਅਤੇ ਪੱਥਰਾਂ ਨੂੰ ਇਕ-ਦੂਜੇ ਦੇ ਉੱਪਰ ਇੰਨੇ ਤਰੀਕੇ ਨਾਲ ਟਿਕਾਇਆ ਗਿਆ ਹੈ ਕਿ ਇਸ ਵਿਚ ਰੇਤ, ਬਜਰੀ ਜਾਂ ਸੀਮੈਂਟ ਜਾਂ ਫਿਰ ਚੂਨੇ-ਮਿੱਟੀ ਦੀ ਵੀ ਲੋੜ ਨਹੀਂ ਪਈ। ਸ਼ਿਵ ਮੰਦਰ ਦੇ ਨੇੜੇ ਹੀ ਸ਼੍ਰੀ ਕ੍ਰਿਸ਼ਨ ਮੰਦਰ ਅਤੇ ਨੰਦੀਗਣ ਸਥਿਤ ਹੈ। ਨੇੜੇ ਹੀ ਮਾਂ ਭਦਰ ਕਾਲੀ ਦੀ ਪੂਜਾ ਹੁੰਦੀ ਹੈ। ਇਸ ਮੰਦਰ ਵਿਚ ਇਹ ਰੀਤ ਹੈ ਕਿ ਸੂਰਜ ਚੜ੍ਹਨ ਦੌਰਾਨ ਮਰਦ ਹੀ ਮੰਦਰ ਵਿਚ ਪ੍ਰਵੇਸ਼ ਕਰ ਸਕਦੇ ਹਨ। ਔਰਤਾਂ ਸੂਰਜ ਡੁੱਬਣ ਪਿੱਛੋਂ ਹੀ ਪ੍ਰਵੇਸ਼ ਕਰਦੀਆਂ ਹਨ ਕਿਉਂਕਿ ਉਸ ਸਮੇਂ ਮਾਂ ਪਾਰਵਤੀ ਦਾ ਵੀ ਆਪਣਾ ਓਜ਼ ਮੰਦਰ ਵਿਚ ਪ੍ਰਤੀਤ ਹੋਣਾ ਬੇਹੱਦ ਸ਼ੁੱਭ ਹੁੰਦਾ ਹੈ। 11ਵੀਂ ਸਦੀ ਵਿਚ ਸਥਾਪਿਤ ਇਹ ਮੰਦਰ ਬੇਹੱਦ ਸ਼ਾਨਦਾਰ ਅਤੇ ਵਿਸ਼ਾਲ ਸੀ। ਟੀਪੂ ਸੁਲਤਾਨ ਨੇ 18ਵੀਂ ਸਦੀ ਵਿਚ ਆਪਣੇ ਹਮਲੇ ਦੌਰਾਨ ਇਸ ਦੇ ਕੁਝ ਗੋਪੁਰਮ ਨਸ਼ਟ ਕਰ ਦਿੱਤੇ ਪਰ ਅੱਜ ਵੀ ਮੰਦਰ ਦਾ ਉੱਪਰਲਾ ਗੋਪੁਰਮ, ਜੋ ਸਿਖਰ 'ਤੇ ਮੌਜੂਦ ਹੈ, 90 ਟਨ ਭਾਰਾ ਹੈ। ਮਾਲਾਬਾਰ ਦੋਵੇਸ਼ਵਰ ਬੋਰਡ ਵਲੋਂ ਚਲਾਇਆ ਜਾ ਰਿਹਾ ਇਹ ਮੰਦਰ ਹਿੰਦੂ ਮਾਨਤਾਵਾਂ ਦਾ ਸੁਰੱਖਿਅਕ ਮੰਨਿਆ ਜਾਂਦਾ ਹੈ।
- ਰਜਨੀਸ਼ ਖੋਸਲਾ
ਭਾਈ ਪਲਦੀਪ ਸਿੰਘ ਦਾ ਢਾਡੀ ਜਥਾ
NEXT STORY