ਰੋਮ-(ਟੇਕ ਚੰਦ ਜਗਤਪੁਰ,ਕੈਂਥ)-ਇਟਲੀ 'ਚ ਜਨਤਕ ਥਾਵਾਂ 'ਤੇ ਕਿਰਪਾਨ ਪਹਿਨਣ ਸੰਬੰਧੀ ਮਾਮਲੇ 'ਚ ਵੱਡੀ ਸਫਲਤਾ ਹਾਸਲ ਹੋਈ ਹੈ। ਇਸ ਸੰਬੰਧ 'ਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਇਟਲੀ ਦੇ ਪ੍ਰਧਾਨ ਭਾਈ ਤਲਵਿੰਦਰ ਸਿੰਘ ਬਡਾਲੀ ਨੇ ਕਾਨੂੰਨਨ ਲੜਾਈ ਜਿੱਤ ਲਈ ਹੈ, ਜਿਸ ਅਧੀਨ ਪਿਚੈਸਾ ਦੀ ਅਦਾਲਤ ਨੇ ਭਾਈ ਬਡਾਲੀ ਨੂੰ ਬਕਾਇਦਾ ਕਿਰਪਾਨ ਪਹਿਨਣ ਦੀ ਆਗਿਆ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਿ ਇਹ ਮਾਮਲਾ ਇਟਲੀ ਦੀ ਅਦਾਲਤ 'ਚ ਉਦੋਂ ਤੋਂ ਚੱਲ ਰਿਹਾ ਹੈ ਜਦੋਂ ਜੁਲਾਈ 2013 ਨੂੰ ਇਟਲੀ ਦੀ ਪਿਚੈਸਾ ਜ਼ਿਲੇ ਦੀ ਪੁਲਸ ਨੇ ਭਾਈ ਬਡਾਲੀ ਨੂੰ ਉਦੋਂ ਰੋਕ ਲਿਆ ਸੀ, ਜਦੋਂ ਉਹ ਕਿਰਪਾਨ ਪਾ ਕੇ ਰੋਜ਼ਾਨਾ ਵਾਂਗ ਸਵੇਰੇ ਆਪਣੇ ਕੰਮ 'ਤੇ ਜਾ ਰਹੇ ਸਨ।
ਉਦੋਂ ਪੁਲਸ ਨੇ ਭਾਈ ਬਡਾਲੀ ਵਲੋਂ ਪਹਿਨੀ ਗਈ ਕਿਰਪਾਨ ਨੂੰ ਇਕ ਹਥਿਆਰ ਦੱਸ ਕੇ ਉਨ੍ਹਾਂ 'ਤੇ ਆਰਮਡ ਐਕਟ ਅਧੀਨ ਮਾਮਲਾ ਦਰਜ ਕਰ ਦਿੱਤਾ ਸੀ। ਜਿਸ 'ਤੇ ਭਾਈ ਬਡਾਲੀ ਨੇ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਦੇ ਸਹਿਯੋਗ ਨਾਲ ਆਪਣੇ ਵਕੀਲ ਮਕੇਲੇ ਕੁਚੇਤੀ ਰਾਹੀਂ ਕੇਸ ਦੀ ਪੈਰਵਈ ਕੀਤੀ। ਭਾਈ ਬਡਾਲੀ ਵਲੋਂ ਇਸ ਸੰਬੰਧ 'ਚ ਆਪਣੇ ਵਕੀਲ ਰਾਹੀਂ ਅਦਾਲਤ ਨੂੰ ਦੱਸਿਆ ਕਿਰ ਕਿਰਪਾਨ ਸਿੱਖਾਂ ਦਾ ਇਕ ਧਾਰਮਿਕ ਚਿੰਨ੍ਹ ਹੈ ਜੋ ਕਿ ਪੰਜ ਕਕਾਰਾਂ 'ਚੋਂ ਇਕ ਹੈ।
ਉਨ੍ਹਾਂ ਵਲੋਂ ਇਹ ਵੀ ਹਵਾਲਾ ਦਿੱਤਾ ਗਿਆ ਕਿ ਉਹ ਹੁਣ ਤੱਕ ਇਟਲੀ ਦੀ ਪਾਰਲੀਮੈਂਟ ਅਤੇ ਅਨੇਕਾਂ ਮਹੱਤਵਪੂਰਨ ਸਰਕਾਰੀ ਵਿਭਾਗਾਂ 'ਚ ਕਿਰਪਾਨ ਪਾ ਕੇ ਜਾ ਚੁੱਕੇ ਹਨ. ਇਸ ਤੋਂ ਕਿਸੇ ਨੂੰ ਕੋਈ ਖਤਰਾ ਨਹੀਂ ਹੈ। ਭਾਈ ਬਡਾਲੀ ਵਲੋਂ ਅਦਾਲਤ ਨੂੰ ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਆਦਿ ਦੇਸ਼ਾਂ 'ਚ ਸਿੱਖਾਂ ਨੂੰ ਦਿੱਤੇ ਗਏ ਧਾਰਮਿਕ ਅਧਿਕਾਰਾਂ ਬਾਰੀ ਵੀ ਜਾਣੂ ਕਰਵਾਇਆ ਗਿਆ, ਜਿਸ 'ਤੇ ਪਿਚੈਸਾ ਦੀ ਅਦਾਲਤ ਦੇ ਮਾਣਯੋਗ ਜੱਜ ਬੁਸੀ ਜਨ ਅਦਰੇਆ ਨੇ ਭਾਈ ਬਡਾਲੀ ਨੂੰ ਅਦਬ ਤੇ ਸਤਿਕਾਰ ਸਹਿਤ ਕਿਰਪਾਨ ਦੀ ਆਗਿਆ ਦੇ ਦਿੱਤੀ। ਭਾਈ ਬਡਾਲੀ ਦੀ ਇਸ ਕਾਨੂੰਨਨ ਜਿੱਤ ਤੇ ਦੇਸ਼-ਵਿਦੇਸ਼ ਅੰਦਰ ਵਸਦੇ ਸਿੱਖਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਇਸੇ ਦੌਰਾਨ ਭਾਈ ਤਲਵਿੰਦਰ ਸਿੰਘ ਬਡਾਲੀ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਵਲੋਂ ਇਸ ਕੇਸ 'ਚ ਉਨ੍ਹਾਂ ਨੂੰ ਸਮੇਂ ਸਮੇਂ 'ਤੇ ਬਣਦਾ ਸਹਿਯੋਗ ਦਿੱਤਾ ਗਿਆ ਹੈ ਅਤੇ ਲੋੜੀਂਦੇ ਡਾਕੂਮੈਂਟ ਮੁਹੱਈਆ ਕਰਵਾਏ ਗਏ ਹਨ, ਜਿਸ ਲਈ ਉਹ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਮੁੱਖ ਸੇਵਾਦਾਰ ਭਾਈ ਹਰਵੰਤ ਸਿੰਘ ਦਾਦੂਵਾਲ ਸਮੇਤ ਸਮੁੱਚੇ ਆਹੁਦੇਦਾਰਾਂ ਤੇ ਮੈਂਬਰਾਂ ਦੇ ਧੰਨਵਾਦੀ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਜਿੱਤ ਮੇਰੀ ਇਕੱਲੇ ਦੀ ਜਿੱਤ ਨਹੀਂ ਸਗੋਂ ਸਮੁੱਚੀ ਸਿੱਖ ਕੌਮ ਦੀ ਜਿੱਤ ਹੈ। ਇਸ ਨਾਲ਼ ਇਟਲੀ 'ਚ ਪੰਥਕ ਮਸਲਿਆਂ ਦੇ ਹੱਲ ਲਈ ਰਾਹ ਹੋਰ ਵੀ ਅਸਾਨ ਹੋ ਜਾਵੇਗਾ।
ਮੋਦੀ ਨੇ ਖਾਧਾ ਸ਼ਾਕਾਹਾਰੀ, ਸ਼ਰੀਫ ਦੀ ਪਲੇਟ 'ਚ ਸਜਿਆ ਮੀਟ
NEXT STORY