ਚੰਡੀਗੜ੍ਹ, (ਸ਼ਰਮਾ) - ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸੀ ਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਪੁਲਸ ਵਲੋਂ ਤੰਗ ਕਰਨ ਦੇ ਯਤਨ ਦੀ ਨਿੰਦਾ ਕੀਤੀ ਹੈ। ਅੱਜ ਇਥੇ ਜਾਰੀ ਇਕ ਬਿਆਨ ਵਿਚ ਮਨਪ੍ਰੀਤ ਬਾਦਲ ਨੇ ਦੋਸ਼ ਲਗਾਇਆ ਕਿ ਪੰਜਾਬ ਪੁਲਸ ਦਾ ਇਹ ਯਤਨ ਖਹਿਰਾ ਵਲੋਂ ਬਾਦਲ ਸਰਕਾਰ ਦੇ ਮਾੜੇ ਰਾਜ, ਜਿਸ ਦੀ ਤਾਜ਼ਾ ਉਦਾਹਰਣ ਖਹਿਰਾ ਵਲੋਂ ਮਾਲ ਮੰਤਰੀ ਬਿਕਰਮ ਮਜੀਠੀਆ ਦਾ ਨਾਮ ਡਰੱਗ ਰੈਕੇਟ ਵਿਚ ਸ਼ਾਮਲ ਹੈ, ਨੂੰ ਉਜਾਗਰ ਕਰਨ 'ਤੇ ਉਠਾਈ ਗਈ ਆਵਾਜ਼ ਨੂੰ ਬੰਦ ਕਰਨ ਦਾ ਯਤਨ ਹੈ। ਮਨਪ੍ਰੀਤ ਨੇ ਕਿਹਾ ਕਿ ਆਈ. ਜੀ. ਪੀ. ਗੌਰਵ ਯਾਦਵ ਵਲੋਂ ਖਹਿਰਾ 'ਤੇ ਲਗਾਏ ਗਏ ਦੋਸ਼ ਨਾ ਸਿਰਫ਼ ਝੂਠੇ ਹਨ, ਬਲਕਿ ਮੰਦਭਾਵਨਾ ਤੋਂ ਵੀ ਪ੍ਰੇਰਿਤ ਹਨ। ਪੁਲਸ ਵਲੋਂ ਪੂਰੀ ਕਹਾਣੀ ਬਣਾਈ ਗਈ ਹੈ। ਮਨਪ੍ਰੀਤ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਡਰੱਗ ਸਮੱਗਲਿੰਗ ਮਾਮਲੇ ਵਿਚ ਮਜੀਠੀਆ 'ਤੇ ਲਗਾਏ ਗਏ ਦੋਸ਼ਾਂ ਤੇ ਖਹਿਰਾ 'ਤੇ ਪੁਲਸ ਵਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੇ ਹੁਕਮ ਜਾਰੀ ਕਰਨ ਤਾਂ ਕਿ ਸੱਚ ਸਾਹਮਣੇ ਆ ਸਕੇ। ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਖਹਿਰਾ ਤੇ ਉਨ੍ਹਾਂ ਸਾਰਿਆਂ ਦੇ ਨਾਲ ਹੈ ਜੋ ਬਾਦਲ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਭਾਂਡਾ ਭੰਨਣ ਵਿਚ ਲੱਗੇ ਹਨ।
ਸਿੱਧੂ ਨੂੰ ਤਲਬ ਕੀਤਾ ਜਾਵੇ ਜਾਂ ਨਹੀਂ
NEXT STORY