ਬਠਿੰਡਾ(ਬਲਵਿੰਦਰ)-ਮੌੜ ਮੰਡੀ ਨੇੜਲੇ ਪਿੰਡਾਂ ਦੀਆਂ ਸੈਂਕੜੇ ਔਰਤਾਂ ਨਾਲ ਬੀਮਾ ਕਰਨ ਤੇ ਕਰਜ਼ਾ ਦਿਵਾਉਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਦੇ ਮਾਮਲੇ 'ਚ ਪੁਲਸ ਨੇ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਭਾਈ ਬਖਤੌਰ, ਗਹਿਰੀ ਬਾਰਾ ਸਿੰਘ ਆਦਿ ਪਿੰਡਾਂ ਦੀਆਂ 100 ਤੋਂ ਵੱਧ ਔਰਤਾਂ ਥਾਣਾ ਮੌੜ ਮੰਡੀ ਪਹੁੰਚੀਆਂ, ਜਿਨ੍ਹਾਂ ਦਾ ਦੋਸ਼ ਸੀ ਕਿ ਹਰਜੀਤ ਸਿੰਘ, ਸੁਰਜੀਤ ਸਿੰਘ (ਦੋਵੇਂ ਸਕੇ ਭਰਾ) ਵਾਸੀਆਨ ਟਾਡੀਆਂ, ਪਾਲਾ ਸਿੰਘ ਗੁਰਥੜੀ ਅਤੇ ਬਲੌਰ ਸਿੰਘ ਵਾਸੀ ਭਾਈ ਬਖਤੌਰ ਨੇ ਜੀਵਨ ਮਾਈਕਰੋਕੇਨ ਨਾਮਕ ਕੰਪਨੀ ਬਣਾਈ ਹੋਈ ਸੀ। ਜੋ ਭੋਲੇ-ਭਾਲੇ ਲੋਕਾਂ ਨੂੰ ਝਾਂਸੇ 'ਚ ਫਸਾਉਂਦੇ ਕਿ ਜੇਕਰ ਉਹ 800 ਰੁਪਏ ਦੇ ਕੇ ਕੰਪਨੀ ਦੇ ਮੈਂਬਰ ਬਣ ਜਾਂਦੇ ਹਨ ਤਾਂ ਕੰਪਨੀ ਉਨ੍ਹਾਂ ਦਾ ਮੁਫ਼ਤ ਬੀਮਾ ਤੇ ਮੁਫ਼ਤ ਕਰਜ਼ਾ ਦਿਵਾ ਦੇਵੇਗੀ। ਇਹ ਲੋਕ ਜ਼ਿਆਦਾਤਰ ਪੇਂਡੂ ਔਰਤਾਂ ਨੂੰ ਹੀ ਆਪਣੇ ਜਾਲ 'ਚ ਫਸਾਉਂਦੇ ਸਨ। ਇਸ ਤਰ੍ਹਾਂ ਮੌੜ ਮੰਡੀ ਨੇੜਲੇ ਦਰਜਨ ਭਰ ਪਿੰਡਾਂ ਦੀਆਂ ਸੈਂਕੜੇ ਔਰਤਾਂ ਉਕਤ ਕੰਪਨੀ ਦੀਆਂ ਮੈਂਬਰ ਬਣ ਚੁੱਕੀਆਂ ਹਨ। ਹੁਣ ਜਦੋਂ ਕੰਪਨੀ ਦੇ ਮੈਂਬਰਾਂ ਨੇ ਉਨ੍ਹਾਂ 'ਤੇ ਬੀਮਾ ਕਰਵਾਉਣ ਜਾਂ ਕਰਜ਼ਾ ਦਿਵਾਉਣ ਦਾ ਜ਼ੋਰ ਪਾਇਆ ਤਾਂ ਉਹ ਗਾਇਬ ਹੋ ਗਏ ਹਨ। ਅੰਤ ਸਪੱਸ਼ਟ ਹੋਇਆ ਕਿ ਇਹ ਇਕ ਜਾਅਲੀ ਕੰਪਨੀ ਹੈ, ਜੋ ਲੋਕਾਂ ਨਾਲ ਠੱਗੀ ਮਾਰਨ ਖਾਤਿਰ ਹੀ ਬਣਾਈ ਗਈ। ਗੁਰਦੀਪ ਸਿੰਘ ਮੁਖੀ ਥਾਣਾ ਮੌੜ ਮੰਡੀ ਨੇ ਦੱਸਿਆ ਕਿ ਠੱਗੀ ਦਾ ਸ਼ਿਕਾਰ ਹੋਏ ਬਲਵੀਰ ਸਿੰਘ ਦੀ ਸ਼ਿਕਾਇਤ 'ਤੇ ਉਕਤ 4 ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਬਾਦਲ ਨੇ ਪੰਚਾਇਤਾਂ ਦੀਆਂ ਸੁਣੀਆਂ ਸਮੱਸਿਆਵਾਂ
NEXT STORY