ਅੰਮ੍ਰਿਤਸਰ, (ਅਰੁਣ)- ਛੇਹਰਟਾ ਪੁਲਸ ਨੇ ਖੰਡਵਾਲਾ ਵਿਖੇ ਅਕਾਲੀ ਕੌਂਸਲਰ ਦੇ ਦਫਤਰ 'ਚੋਂ ਉਸਦੇ ਪੀ. ਏ. ਨੂੰ ਇਕ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਹੋਏ ਕਾਬੂ ਕੀਤਾ ਹੈ। ਪੁਲਸ ਨੇ ਪ੍ਰੇਮੀ ਜੋੜੇ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਵਾਰਡ ਨੰਬਰ 64 ਦੇ ਕੌਂਸਲਰ ਦੇ ਜੀ. ਟੀ. ਰੋਡ ਛੇਹਰਟਾ ਵਿਖੇ ਸਥਿਤ ਲੋਕ ਮਸਲਿਆਂ ਦੇ ਹੱਲ ਤੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਬਣਾਏ ਗਏ ਦਫਤਰ ਵਿਖੇ ਪੁਲਸ ਨੇ ਉਸ ਸਮੇਂ ਛਾਪਾ ਮਾਰਿਆਂ ਜਦੋਂ ਕੌਂਸਲਰ ਦਾ ਪੀ. ਏ. ਤਰਸੇਮ ਸਿੰਘ ਬੱਲੀ ਦਫਤਰ ਨੂੰ ਵਿਖਾਵੇ ਦੇ ਤੌਰ 'ਤੇ ਅੰਦਰੋਂ-ਬਾਹਰੋਂ ਤਾਲੇ ਲਾ ਕੇ ਇਲਾਕਾ ਖੰਡਵਾਲਾ ਨਾਲ ਸਬੰਧਤ ਲੜਕੀ ਨਾਲ ਰੰਗਰਲੀਆਂ ਮਨਾ ਰਿਹਾ ਸੀ, ਜਿਸ ਦੀ ਇਲਾਕਾ ਨਿਵਾਸੀਆਂ ਨੂੰ ਭਿਣਕ ਪੈਣ 'ਤੇ ਪੁਲਸ ਨੂੰ ਸੂਚਿਤ ਕੀਤਾ ਗਿਆ ਤੇ ਥਾਣਾ ਮੁਖੀ ਹਰੀਸ਼ ਬਹਿਲ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ। ਕਾਫੀ ਦੇਰ ਪੁਲਸ ਤੇ ਆਮ ਲੋਕਾਂ ਵਲੋਂ ਜੱਦੋ-ਜਹਿਦ ਕਰਨ ਤੋਂ ਬਾਅਦ ਜਦੋਂ ਉਪੋਕਤ ਕਥਿਤ ਪ੍ਰੇਮੀ ਜੋੜੇ ਨੇ ਦਫਤਰ ਦਾ ਦਰਵਾਜ਼ਾ ਨਾ ਖੋਲ੍ਹਿਆ ਤਾਂ ਪੁਲਸ ਨੇ ਗੁਆਂਢੀਆਂ ਦੇ ਘਰ ਵਾਲੇ ਪਾਸਿਓਂ ਦਾਖਲ ਹੋ ਕੇ ਪ੍ਰੇਮੀ ਜੋੜੇ ਨੂੰ ਇਤਰਾਜ਼ਯੋਗ ਹਾਲਤ ਵਿਚ ਕਾਬੂ ਕਰ ਲਿਆ।
ਜ਼ਿਕਰਯੋਗ ਹੈ ਕਿ ਮੌਕਾ ਘਟਨਾਕ੍ਰਮ ਸਮੇਂ ਵਾਰਡ ਨੰਬਰ 64 ਦਾ ਕੌਂਸਲਰ ਸ਼ਹਿਰ ਤੋਂ ਬਾਹਰ ਸੀ। ਉਪਰੋਕਤ ਕਥਿਤ ਦੋਸ਼ੀ ਪੀ. ਏ. ਤਰਸੇਮ ਸਿੰਘ ਬੱਲੀ ਦਾ ਇਕ ਹੋਰ ਸਾਥੀ ਇਸ ਘਟਨਾ ਵਿਚ ਮੁਕੰਮਲ ਤੌਰ 'ਤੇ ਸ਼ਾਮਿਲ ਸੀ, ਇਸ ਤੋਂ ਪਹਿਲਾਂ ਦੋਵਾਂ ਨੇ ਹਮ-ਮਸ਼ਵਰਾ ਹੋ ਕੇ ਕਥਿਤ ਤੌਰ 'ਤੇ ਮਿਲੀਭੁਗਤ ਕਰਕੇ ਦਫਤਰ ਨੂੰ ਅੰਦਰੋਂ-ਬਾਹਰੋਂ ਤਾਲੇ ਲਵਾ ਕੇ ਬੰਦ ਕਰ ਦਿੱਤਾ ਤਾਂ ਕਿ ਆਮ ਲੋਕਾਂ ਨੂੰ ਦਫਤਰ ਬੰਦ ਹੋਣ ਕਰਕੇ ਕਿਸੇ ਤਰ੍ਹਾਂ ਦਾ ਸ਼ੱਕ ਨਾ ਹੋਵੇ।
ਇਸ ਸਬੰਧੀ ਥਾਣਾ ਮੁਖੀ ਹਰੀਸ਼ ਬਹਿਲ ਨੇ ਦੱਸਿਆ ਕਿ ਪ੍ਰੇਮੀ ਜੋੜੇ ਖਿਲਾਫ ਆਵਾਰਗਰਦੀ ਦਾ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ।
ਜਦੋਂ ਕੌਂਸਲਰ ਅਮਰਬੀਰ ਸੰਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਕੰਮ ਲਈ ਮੱਧ ਪ੍ਰਦੇਸ਼ ਆਏ ਹੋਏ ਹਨ ਤੇ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ।
ਆਪ੍ਰੇਸ਼ਨ ਮਾਮਲਾ : ਡਾਕਟਰ ਅਤੇ ਸੰਸਥਾ ਖਿਲਾਫ ਕੇਸ ਦਰਜ (ਵੀਡੀਓ)
NEXT STORY