ਬਠਿੰਡਾ, (ਬਲਵਿੰਦਰ)-ਬੇਸ਼ੱਕ ਜ਼ਿਲਾ ਪ੍ਰਸ਼ਾਸਨ ਵਲੋਂ ਸਿੱਖ ਧਰਮ ਦੇ ਪ੍ਰਚਾਰਕ ਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਪਿੰਡ ਕੋਟਸ਼ਮੀਰ ਵਿਚ ਰੱਖੇ ਗਏ ਤਿੰਨ ਰੋਜ਼ਾ ਧਾਰਮਿਕ ਦੀਵਾਨਾਂ 'ਤੇ ਪਾਬੰਦੀ ਲਗਾ ਦਿੱਤੀ ਪਰ ਇਸਦੇ ਬਾਵਜੂਦ ਸੰਤ ਦਾਦੂਵਾਲ ਨੇ ਕੋਟਸ਼ਮੀਰ ਦੇ ਹੀ ਗੁਰਦੁਆਰਾ ਬੁੰਗਾ ਸਾਹਿਬ ਵਿਖੇ ਪਹੁੰਚ ਕੇ ਦੀਵਾਨ ਸ਼ੁਰੂ ਕਰ ਦਿੱਤੇ। ਉਕਤ ਧਾਰਮਿਕ ਦੀਵਾਨਾਂ ਨੂੰ ਦੇਖਦਿਆਂ ਸਰਕਾਰ ਨੇ ਕੋਟਸ਼ਮੀਰ ਨੂੰ ਪੁਲਸ ਛਾਉਣੀ 'ਚ ਤਬਦੀਲ ਕਰ ਦਿੱਤਾ ਤੇ ਪੂਰੇ ਇਲਾਕੇ ਵਿਚ ਸਾਰਾ ਦਿਨ ਨਾਕਾਬੰਦੀ ਰੱਖੀ ਗਈ। ਜਿਸ ਕਾਰਨ ਦੀਵਾਨਾਂ 'ਚ ਪਹੁੰਚਣ ਵਾਲੀਆਂ ਸੰਗਤਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਸ਼ੁੱਕਰਵਾਰ ਨੂੰ ਉਕਤ ਦੀਵਾਨਾਂ ਨੂੰ ਦੇਖਦਿਆਂ ਪਿੰਡ 'ਚ ਅਤੇ ਪਿੰਡ ਦੇ ਆਸ-ਪਾਸ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ। ਪੁਲਸ ਦੀ ਘੇਰਾਬੰਦੀ ਨੂੰ ਦੇਖਦਿਆਂ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਸੜਕ 'ਤੇ ਸਥਿਤ ਗੁਰਦੁਆਰਾ ਸ੍ਰੀ ਬੁੰਗਾ ਸਾਹਿਬ ਵਿਖੇ ਪਹੁੰਚ ਕੇ ਦੀਵਾਨ ਸ਼ੁਰੂ ਕਰ ਦਿੱਤੇ, ਜਿਥੇ ਵੱਡੀ ਗਿਣਤੀ ਸੰਗਤਾਂ ਨੇ ਸ਼ਿਰਕਤ ਕੀਤੀ।
ਦੀਵਾਨਾਂ ਨੂੰ ਮਨਜ਼ੂਰੀ ਨਾ ਦੇਣ 'ਤੇ ਸੰਤ ਦਾਦੂਵਾਲ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਵਲੋਂ ਸਿੱਖ ਕੌਮ ਦੇ ਧਾਰਮਿਕ ਸਮਾਗਮਾਂ 'ਤੇ ਪਾਬੰਦੀ ਲਗਾਉਣਾ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਡੇਰਿਆਂ ਦੇ ਸਮਾਰੋਹਾਂ ਨੂੰ ਪੁਲਸ ਸੁਰੱਖਿਆ ਪ੍ਰਦਾਨ ਕਰਦੀ ਹੈ ਤੇ ਦੂਜੇ ਪਾਸੇ ਸਿੱਖਾਂ ਨੂੰ ਆਪਣੇ ਧਾਰਮਿਕ ਸਮਾਗਮਾਂ ਖਾਤਰ ਵੀ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਉਕਤ ਸਮਾਰੋਹ ਇਕ ਸ਼ਰਧਾਲੂ ਦੀ ਨਿੱਜੀ ਜ਼ਮੀਨ ਵਿਚ ਰੱਖਿਆ ਗਿਆ ਸੀ, ਜਿਸ ਵਾਸਤੇ ਮਨਜ਼ੂਰੀ ਦੀ ਜ਼ਰੂਰਤ ਨਹੀਂ ਸੀ ਪਰ ਫਿਰ ਵੀ ਪ੍ਰਸ਼ਾਸਨ ਨੂੰ ਮਨਜ਼ੂਰੀ ਖਾਤਰ ਦਰਖਾਸਤ ਦਿੱਤੀ ਗਈ ਸੀ, ਜਿਸਦਾ ਪ੍ਰਸ਼ਾਸਨ ਨੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਮੰਗ ਕੀਤੀ ਹੈ ਕਿ ਸੰਗਤ ਦੀ ਗਿਣਤੀ ਨੂੰ ਦੇਖਦਿਆਂ ਪ੍ਰਸ਼ਾਸਨ ਕੱਲ ਤੋਂ ਪਹਿਲਾਂ ਵਾਲੀ ਜਗ੍ਹਾ 'ਤੇ ਹੀ ਸਮਾਗਮ ਕਰਨ ਦੀ ਮਨਜ਼ੂਰੀ ਦੇਵੇ। ਇਸ ਮੌਕੇ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ, ਪ੍ਰਧਾਨ ਸੁਖਮੰਦਰ ਸਿੰਘ, ਜੁਗਰਾਜ ਸਿੰਘ, ਗੁਰਮੁੱਖ ਸਿੰਘ ਖਾਲਸਾ, ਗੁਰਪਾਲ ਸਿੰਘ ਆਦਿ ਵੀ ਮੌਜ਼ੂਦ ਸਨ।
ਅਕਾਲੀ ਕੌਂਸਲਰ ਦਾ ਪੀ. ਏ. ਰੰਗਰਲੀਆਂ ਮਨਾਉਂਦਾ ਕਾਬੂ
NEXT STORY