ਸੁਖਬੀਰ ਬਾਦਲ ਤੋਂ ਮੰਗਿਆ ਅਸਤੀਫ਼ਾ
ਲੁਧਿਆਣਾ(ਕੁਲਵੰਤ, ਕਮਲ)- ਢੰਡਾਰੀ ਇਲਾਕੇ ਵਿਚ ਜ਼ਿੰਦਾ ਸਾੜੀ ਗਈ ਸ਼ਹਿਨਾਜ਼ ਦੇ ਮਾਮਲੇ 'ਚ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਰਾਜਨੀਤਿਕ, ਮਜ਼ਦੂਰ ਯੂਨੀਅਨਾਂ, ਵਿਦਿਆਰਥੀ ਸੰਘ ਤੇ ਮੁਸਲਿਮ ਸਮਾਜ ਨੇ ਇਕਜੁੱਟ ਹੋ ਕੇ ਪੁਲਸ ਕਮਿਸ਼ਨਰ ਦਫਤਰ ਮੂਹਰੇ ਪ੍ਰਦਰਸ਼ਨ ਕਰਕੇ ਮੰਗ ਕੀਤੀ ਕਿ ਹੱਤਿਆਰਿਆਂ ਨੂੰ ਫਾਂਸੀ ਤੋਂ ਘੱਟ ਸਜ਼ਾ ਪ੍ਰਵਾਨ ਨਹੀਂ ਹੈ, ਜਦਕਿ ਕਾਂਗਰਸ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਤੇ ਸੰਸਦ ਨਵਨੀਤ ਬਿੱਟੂ ਨੇ ਇਸ ਸਾਰੇ ਕਾਂਡ ਨੂੰ ਦੁਖਦਾਈ ਦੱਸਦੇ ਹੋਏ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਕੋਲ ਕਬੱਡੀ ਕੱਪ ਵਿਚ ਫਿਲਮੀ ਸਿਤਾਰਿਆਂ ਨੂੰ ਨਚਾਉਣ ਦਾ ਸਮਾਂ ਤਾਂ ਹੈ ਪਰ ਪੀੜਤਾਂ ਦੀ ਫਰਿਆਦ ਸੁਣਨ ਲਈ ਸਮਾਂ ਨਹੀਂ ਹੈ। ਉਨ੍ਹਾਂ ਨੂੰ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਪੰਜਾਬ ਵਿਚ ਜੰਗਲ ਰਾਜ ਸਥਾਪਤ ਕਰ ਰੱਖਿਆ ਹੈ। ਉਥੇ ਕਾਂਗਰਸੀ ਦੀ ਲੀਨਾ ਟਪਾਰੀਆ ਨੇ ਆਪਣੇ ਵਰਕਰਾਂ ਸਮੇਤ ਸਮਰਾਲਾ ਚੌਕ ਵਿਚ ਹੱਥਾਂ ਵਿਚ ਮ੍ਰਿਤਕ ਦੇ ਲਈ ਇਨਸਾਫ ਦੀਆਂ ਤਖਤੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਪੁਲਸ-ਗੁੰਡਾ ਅਨਸਰਾਂ ਦੇ ਗਠਜੋੜ ਨੂੰ ਕੋਸਿਆ।
ਇਸ ਮੌਕੇ ਸੁਖਪਾਲ ਖਹਿਰਾ ਨੇ ਪੀੜਤ ਪਰਿਵਾਰ ਨੂੰ ਘੱਟ ਤੋਂ ਘੱਟ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸਦੇ ਇਲਾਵਾ ਉਨ੍ਹਾਂ ਦੀ ਇਹ ਵੀ ਮੰਗ ਹੈ ਕਿ ਦੋਸ਼ੀ ਪੁਲਸ ਵਾਲਿਆਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ। ਡੀ. ਸੀ. ਪੀ. ਨੇ ਪੀੜਤ ਪਰਿਵਾਰ ਨੂੰ ਪੂਰਾ ਭਰੋਸਾ ਦਿੱਤਾ ਕਿ ਇਸ ਮਾਮਲੇ ਵਿਚ ਜਿਸਦੀ ਭੂਮਿਕਾ ਸ਼ੱਕੀ ਨਜ਼ਰ ਆਈ ਉਸਦੇ ਖਿਲਾਫ ਪੁਲਸ ਸਖਤ ਕਾਰਵਾਈ ਕਰੇਗੀ। ਇਸ ਮੌਕੇ ਕਈ ਸੰਸਥਾਵਾਂ ਨੇ ਡੀ. ਸੀ. ਪੀ. ਨੂੰ ਮੰਗ ਪੱਤਰ ਸੌਂਪਿਆ ਅਤੇ ਮੰਗ ਕੀਤੀ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ।
ਸੰਸਦ 'ਚ ਉੱਠਿਆ ਸ਼ਹਿਨਾਜ਼ ਦਾ ਮਾਮਲਾ: ਕਾਂਗਰਸੀ ਸੰਸਦ ਨਵਨੀਤ ਸਿੰੰਘ ਬਿੱਟੂ ਨੇ ਦੱਸਿਆ ਕਿ ਅੱਜ ਲੋਕਾਂ ਸਭਾ ਵਿਚ ਢੰਡਾਰੀ ਜਬਰ-ਜ਼ਨਾਹ ਪੀੜਤਾ ਦੀ ਹੱਤਿਆ ਦਾ ਮਾਮਲਾ ਉਠਾਇਆ। ਉਨ੍ਹਾਂ ਕਿਹਾ ਕਿ ਇਕ ਨਾਬਾਲਿਗਾ ਨੂੰ ਨਾ ਬਚਾ ਸਕਣਾ ਸਾਬਤ ਕਰਦਾ ਹੈ ਕਿ ਸਾਡਾ ਲੀਗਲ ਸਿਸਟਮ ਤੇ ਪ੍ਰਸ਼ਾਸਨਿਕ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲੱਗਾ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਦੋਸ਼ ਲਗਾਇਆ ਕਿ ਦੋਸ਼ੀਆਂ ਦੇ ਦਿਲਾਂ 'ਚ ਕਾਨੂੰਨ ਦਾ ਡਰ ਖਤਮ ਹੋ ਚੁੱਕਿਆ ਹੈ, ਜਿਸ ਕਾਰਨ ਹਰ ਰੋਜ਼ ਅਜਿਹੇ ਹਾਦਸੇ ਹੋ ਰਹੇ ਹਨ।
ਲੁਧਿਆਣੇ ਤੋਂ ਸੁਖਬੀਰ ਨਾਰਾਜ਼ ਹੋਣ ਦੇ ਚਰਚੇ!
NEXT STORY