ਲੁਧਿਆਣਾ (ਹਿਤੇਸ਼) : ਨਗਰ ਨਿਗਮ ਵਲੋਂ ਐੱਮ. ਪੀ. ਬਿੱਟੂ ਤੋਂ ਸਰਕਾਰੀ ਕੋਠੀ ਦਾ ਕਿਰਾਇਆ ਵਸੂਲਣ ਨੂੰ ਲੈ ਕੇ ਚੱਲ ਰਹੇ ਵਿਵਾਦ ਦੀ ਸ਼ਿਕਾਇਤ ਚੋਣ ਕਮਿਸ਼ਨ ’ਚ ਪੁੱਜ ਗਈ ਹੈ। ਜ਼ਿਕਰਯੋਗ ਹੈ ਕਿ ਬਿੱਟੂ ਨੇ ਨਗਰ ਨਿਗਮ ਅਫਸਰਾਂ ਖ਼ਿਲਾਫ਼ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਤੈਅ ਸਮੇਂ ਅੰਦਰ ਉਸ ਨੂੰ ਐੱਨ. ਓ. ਸੀ. ਜਾਰੀ ਨਾ ਕਰ ਕੇ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ ’ਚ ਰੁਕਾਵਟ ਪਾਉਣ ਦਾ ਦੋਸ਼ ਲਗਾ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਜਾਣਕਾਰੀ ਮੁਤਾਬਕ ਚੀਫ ਇਲੈਕਸ਼ਨ ਅਫਸਰ ਵੱਲੋਂ ਚੋਣ ਕਮਿਸ਼ਨ ਦੇ ਆਦੇਸ਼ਾਂ ਮੁਤਾਬਕ ਇਸ ਸਬੰਧ ’ਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਹੁਣ ਤੱਕ ਇਸ ਮਾਮਲੇ ’ਚ ਸਰਕਾਰ ਵੱਲੋਂ ਕੋਈ ਲੈਟਰ ਨਾ ਮਿਲਣ ਦੀ ਗੱਲ ਕਹੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : 50 ਫੀਸਦੀ ਵੋਟਾਂ ਪੈਣ ਤੋਂ ਬਾਅਦ ਹੀ ਚੋਣ ਨਤੀਜਿਆਂ ’ਤੇ ਅਸਰ ਪਾ ਸਕਦੈ ਨੋਟਾ!
ਨਗਰ ਨਿਗਮ ਮੁਲਾਜ਼ਮਾਂ ’ਤੇ ਡਿੱਗ ਸਕਦੀ ਹੈ ਗਾਜ
ਐੱਮ. ਪੀ. ਰਵਨੀਤ ਬਿੱਟੂ ਤੋਂ ਸਰਕਾਰੀ ਕੋਠੀ ਦਾ ਕਿਰਾਇਆ ਵਸੂਲਣ ਨੂੰ ਲੈ ਕੇ ਚੱਲ ਰਹੇ ਵਿਵਾਦ ’ਚ ਨਗਰ ਨਿਗਮ ਮੁਲਾਜ਼ਮਾਂ ’ਤੇ ਗਾਜ ਡਿੱਗ ਸਕਦੀ ਹੈ ਕਿਉਂਕਿ ਇਸ ਮਾਮਲੇ ’ਚ ਖੁਲਾਸਾ ਹੋ ਚੁੱਕਾ ਹੈ ਕਿ ਬਿੱਟੂ 8 ਸਾਲ ਤੋਂ ਅਲਾਟਮੈਂਟ ਦੇ ਬਿਨਾਂ ਕੋਠੀ ’ਚ ਰਹਿ ਰਹੇ ਸਨ ਅਤੇ ਨਗਰ ਨਿਗਮ ਅਫਸਰਾਂ ਵੱਲੋਂ ਉਨ੍ਹਾਂ ਤੋਂ ਕਿਰਾਏ ਦੀ ਡਿਮਾਂਡ ਕਰਨ ਦੀ ਬਜਾਏ ਕੋਠੀ ਦੀ ਮੇਨਟੀਨੈਂਸ ’ਤੇ ਲੱਖਾਂ ਖ਼ਰਚ ਕਰ ਦਿੱਤੇ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ 2019 ਦੌਰਾਨ ਨਗਰ ਨਿਗਮ ਵੱਲੋਂ ਬਿੱਟੂ ਨੂੰ ਕੋਈ ਬਕਾਇਆ ਨਾ ਹੋਣ ਦਾ ਐੱਨ. ਓ. ਸੀ. ਜਾਰੀ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਰਿਪੋਰਟ ਮੰਗਣ ’ਤੇ ਸਬੰਧਤ ਨਗਰ ਨਿਗਮ ਮੁਲਾਜ਼ਮਾਂ ’ਤੇ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਭਾਜਪਾ ਸਰਕਾਰ 10 ਸਾਲ ’ਚ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ : ਧਾਲੀਵਾਲ
ਭਾਜਪਾ ਦੇ ਆਫਿਸ ’ਚ ਸ਼ਿਫਟ ਹੋ ਚੁੱਕੇ ਹਨ ਬਿੱਟੂ, ‘ਆਪ’ ਦੇ ਨਾਲ ਕਾਂਗਰਸ ਨੂੰ ਵੀ ਬਣਾਇਆ ਹੈ ਨਿਸ਼ਾਨਾ
ਨਗਰ ਨਿਗਮ ਵੱਲੋਂ ਕਿਰਾਇਆ ਵਸੂਲਣ ਦੇ ਨਾਲ ਹੀ ਅਲਾਟਮੈਂਟ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਬਿੱਟੂ ਨੂੰ ਕੋਠੀ ਖ਼ਾਲੀ ਕਰਨ ਦਾ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬਿੱਟੂ ਉਸੇ ਰਾਤ ਨੂੰ ਭਾਜਪਾ ਦੇ ਆਫਿਸ ’ਚ ਸ਼ਿਫਟ ਹੋ ਚੁੱਕੇ ਹਨ ਅਤੇ ਇਸ ਘਟਨਾਚੱਕਰ ਲਈ ‘ਆਪ’ ਨਾਲ ਕਾਂਗਰਸ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਬਿੱਟੂ ਮੁਤਾਬਕ ਦੋਵੇਂ ਪਾਰਟੀਆਂ ਵੱਲੋਂ ਮਿਲ ਕੇ ਦੇਰ ਰਾਤ ਨੋਟਿਸ ਜਾਰੀ ਕਰ ਕੇ ਉਨ੍ਹਾਂ ਨੂੰ ਅਗਲੇ ਦਿਨ ਸਵੇਰੇ ਨਾਮਜ਼ਦਗੀ ਦਾਖਲ ਕਰਨ ਤੋਂ ਰੋਕਣ ਲਈ ਸਾਜ਼ਿਸ਼ ਰਚੀ ਗਈ ਪਰ ਉਨ੍ਹਾਂ ਨੇ ਜ਼ਮੀਨ ਅਤੇ ਗਹਿਣੇ ਗਿਰਵੀ ਰੱਖ ਕੇ ਪੈਸੇ ਜੁਟਾ ਕੇ ਵਿਰੋਧੀਆਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਬਿੱਟੂ ਨੇ ਕੋਠੀ ਖਾਲੀ ਕਰਨ ਤੋਂ ਬਾਅਦ ਆਪਣੀ ਜਾਨ ਨੂੰ ਵੀ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਖਤਰਾ ਦੱਸਿਆ ਹੈ ਅਤੇ ਉਨ੍ਹਾਂ ਨਾਲ ਕੋਈ ਹਾਦਸਾ ਹੋਣ ’ਤੇ ਸਰਕਾਰ ਦੀ ਜ਼ਿੰਮੇਦਾਰੀ ਹੋਣ ਦੀ ਗੱਲ ਕਹੀ ਹੈ।
ਰਾਜਾ ਵੜਿੰਗ ਨੇ ਕੀਤਾ ਪਲਟਵਾਰ
ਕੋਠੀ ਖਾਲੀ ਕਰਨ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਲੈ ਕੇ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੇ ਬਿੱਟੂ ’ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਸਿਆਸੀ ਸਟੰਟ ਕਰਨ ਲਈ ‘ਆਪ’ ਸਰਕਾਰ ਬਿੱਟੂ ਦੀ ਮਦਦ ਕਰ ਰਹੀ ਹੈ। ਰਾਜਾ ਵੜਿੰਗ ਨੇ ਬਿੱਟੂ ਦੇ ਉਸ ਦਾਅਵੇ ’ਤੇ ਵੀ ਸਵਾਲ ਖੜ੍ਹੇ ਕੀਤੇ ਕਿ ਜ਼ਮੀਨ ਅਤੇ ਗਹਿਣੇ ਗਿਰਵੀ ਰੱਖ ਕੇ ਕਿਰਾਇਆ ਜਮ੍ਹਾ ਕਰਵਾਇਆ ਹੈ, ਜਦਕਿ ਉੁਸ ਦੇ ਅਕਾਊਂਟ ’ਚ ਪਹਿਲਾਂ ਤੋਂ ਪੈਸੇ ਹੋਣ ਦੀ ਜਾਂਚ ਹੋਣੀ ਚਾਹੀਦੀ ਹੈ।
ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਲੋਕ ਸਭਾ ਚੋਣਾਂ ’ਚ ਚਹੁੰਤਰਫ਼ਾ ਮੁਕਾਬਲਾ, ਦਿਲਚਸਪ ਹੋਣਗੇ ਨਤੀਜੇ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਭਾਜਪਾ ਆਗੂ ਸਵਰਨ ਸਲਾਰੀਆ 'ਆਪ' 'ਚ ਸ਼ਾਮਲ
NEXT STORY