ਬਟਾਲਾ (ਬੇਰੀ, ਨਈਅਰ, ਲੁਕਮਾਨ)-ਅੱਜ ਕਸਬਾ ਕਾਦੀਆਂ ਵਿਖੇ 25 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਿਕਾਸੀ ਨਾਲੇ ਦਾ ਨੀਂਹ ਪੱਥਰ, ਅਹਿਮਦੀਆ ਕੰਪਲੈਕਸ ਅਤੇ ਅਹਿਮਦੀਆ ਮੁਸਲਿਮ ਵਸੋਂ ਦੇ ਮੁਹੱਲਿਆਂ ਦੀਆਂ ਨਵੀਆਂ ਬਣੀਆਂ ਸੜਕਾਂ ਦਾ ਉਦਘਾਟਨ ਕਰਨ ਉਪਰੰਤ ਭਰਵੇਂ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੇਲੋੜੀ ਬਿਆਨਬਾਜ਼ੀ ਤੁਰੰਤ ਬੰਦ ਕਰਨ, ਕਿਉਂਕਿ ਮੈਨੂੰ ਮੁੱਖ ਮੰਤਰੀ ਸੂਬੇ ਦੇ ਲੋਕਾਂ ਤੇ ਪਾਰਟੀ ਨੇ ਬਣਾਇਆ ਹੈ ਅਤੇ ਲੋਕਤੰਤਰ ਵੋਟਾਂ 'ਤੇ ਆਧਾਰਿਤ ਹੈ, ਇਹ ਕੇਵਲ ਬਿਆਨਬਾਜ਼ੀ ਨਾਲ ਨਹੀਂ ਚਲਦਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਕਾਂਗਰਸ ਨੂੰ ਸਿਰਿਓਂ ਨਕਾਰ ਦਿੱਤਾ ਹੈ ਅਤੇ ਹੁਣ ਕਾਂਗਰਸ ਦਾ ਸਦਾ ਲਈ ਭੋਗ ਪੈ ਚੁੱਕਿਆ ਹੈ।
ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇਸ਼ ਵਿਚ ਫੈੱਡਰਲ ਢਾਂਚਾ ਲਾਗੂ ਕਰਨ ਲਈ ਜੋ ਮੁੱਖ ਮੰਤਰੀਆਂ ਦੀ ਮੀਟਿੰਗ ਦਿੱਲੀ ਵਿਚ ਸੱਦੀ ਸੀ, ਉਹ ਇਕ ਸਹੀ ਦਿਸ਼ਾ ਵਿਚ ਲਿਆ ਗਿਆ ਫੈਸਲਾ ਹੈ।
ਉਪਰੰਤ ਜ. ਸੇਵਾ ਸਿੰਘ ਸੇਖਵਾਂ ਹਲਕਾ ਇੰਚਾਰਜ ਕਾਦੀਆਂ ਨੇ ਸ. ਬਾਦਲ ਵਲੋਂ ਦੇਸ਼ ਅੰਦਰ ਫੈੱਡਰਲ ਢਾਂਚੇ ਲਈ ਆਵਾਜ਼ ਬੁਲੰਦ ਕਰਨ ਅਤੇ ਕਾਦੀਆਂ ਦੇ ਵਿਕਾਸ ਪ੍ਰੋਜੈਕਟਾਂ ਵਾਸਤੇ ਵਿਸ਼ੇਸ਼ ਤੌਰ 'ਤੇ ਜਾਰੀ ਕੀਤੀਆਂ ਗ੍ਰਾਂਟਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਮੁੱਖ ਮੰਤਰੀ ਪੰਜਾਬ ਨੇ ਜਮਾਤ-ਏ-ਅਹਿਮਦੀਆ ਦੇ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਸ. ਬਾਦਲ ਨੇ ਹਲਕਾ ਕਾਦੀਆਂ ਦੇ ਡੇਰਿਆਂ ਨੂੰ ਜਾਂਦੀਆਂ ਸੜਕਾਂ ਦੀ ਉਸਾਰੀ ਲਈ 1 ਕਰੋੜ ਰੁਪਏ ਦੀ ਗ੍ਰਾਂਟ ਰਾਸ਼ੀ ਜਾਰੀ ਕਰਨ ਦਾ ਵੀ ਐਲਾਨ ਕੀਤਾ। ਮੰਚ ਦਾ ਸੰਚਾਲਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਬਾਖੂਬੀ ਨਿਭਾਇਆ।
ਹਰਸਿਮਰਤ ਦੇ ਬਿਆਨ ਤੋਂ ਲਕਸ਼ਮੀ ਕਾਂਤਾ ਚਾਵਲਾ ਖ਼ਫਾ
NEXT STORY