ਮਾਸੂਮਾਂ ਦੇ ਖ਼ੂਨ 'ਚ ਰੰਗਿਆ 'ਰੁਜ਼ਗਾਰ ਦਾ ਰਾਹ'
ਬਠਿੰਡਾ, (ਪਰਮਿੰਦਰ)-ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਭਾਵੇਂ ਦਾਅਵੇ ਕਰਦੀ ਨਹੀਂ ਥੱਕਦੀ ਪਰ ਅਸਲੀਅਤ ਵਿਚ ਇਹ ਰੁਜ਼ਗਾਰ ਦੀ 'ਰਾਹ' ਅਣਗਿਣਤ ਮਾਸੂਮਾਂ ਦੇ ਖ਼ੂਨ ਵਿਚ ਰੰਗੀ ਹੋਈ ਹੈ। ਜੀ ਹਾਂ, ਪੰਜਾਬ ਵਿਚ ਨੌਕਰੀ ਲੈਣ ਖਾਤਰ ਕਈ ਨੌਜਵਾਨ ਲੜਕੇ-ਲੜਕੀਆਂ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ ਜਦਕਿ ਕਈ ਅਜੇ ਵੀ ਸੰਘਰਸ਼ ਕਰ ਰਹੇ ਹਨ। ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਚ ਇਕ ਲੜਕੀ ਗੁਰਪ੍ਰੀਤ ਕੌਰ ਵਾਸੀ ਗੁਰਦਾਸਪੁਰ ਨੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਸਾਹਮਣੇ ਪੈਟਰੋਲ ਛਿੜਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਉਹ ਕਰੀਬ 40 ਫੀਸਦੀ ਝੁਲਸ ਗਈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਤਰ੍ਹਾਂ ਦੇ ਮਾਮਲੇ ਪੰਜਾਬ ਵਿਚ ਪਹਿਲਾਂ ਵੀ ਵਾਪਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਢੁੱਕਵੇਂ ਕਦਮ ਚੁੱਕਣਾ ਜ਼ਰੂਰੀ ਨਹੀਂ ਸਮਝਿਆ ਜਾ ਰਿਹਾ।
ਝੱਲੀ ਪੁਲਸ ਦੀ ਮਾਰ, ਜੇਲਾਂ ਵੀ ਕੱਟੀਆਂ
ਨੌਕਰੀ ਲੈਣ ਖਾਤਰ ਸੰਘਰਸ਼ਸ਼ੀਲ ਵੱਖ-ਵੱਖ ਜਥੇਬੰਦੀਆਂ ਨੇ ਧਰਨੇ-ਪ੍ਰਦਰਸ਼ਨ, ਰੈਲੀਆਂ, ਭੁੱਖ ਹੜਤਾਲਾਂ ਅਤੇ ਮਰਨ ਵਰਤ ਤਾਂ ਕੀਤੇ ਹੀ ਹਨ, ਨਾਲ ਹੀ ਪੁਲਸ ਦੀ ਮਾਰ ਵੀ ਝੱਲੀ ਅਤੇ ਬੇਕਸੂਰ ਹੁੰਦਿਆਂ ਵੀ ਜੇਲਾਂ ਕੱਟੀਆਂ। ਪਰਿਵਾਰ ਸਮੇਤ ਸੜਕਾਂ 'ਤੇ ਉਤਰੇ ਅਤੇ ਪਰਿਵਾਰਾਂ ਸਮੇਤ ਹੀ ਡਾਂਗਾਂ ਦੀ ਮਾਰ ਝੱਲੀ। ਸਰਕਾਰੇ-ਦਰਬਾਰੇ ਕਦੇ ਗੁਹਾਰ ਲਗਾਈ ਤਾਂ ਕਈ ਸੰਘਰਸ਼ਾਂ ਦੀ ਚੇਤਾਵਨੀ ਦਿੱਤੀ ਪਰ ਉਨ੍ਹਾਂ ਨੂੰ ਬਦਲੇ ਵਿਚ ਕੁਝ ਨਹੀਂ ਮਿਲਿਆ।
ਮੌਜੂਦਾ ਸਮੇਂ ਵਿਚ ਪੰਜਾਬ ਵਿਚ ਦੋ ਦਰਜਨ ਤੋਂ ਵੱਧ ਜਥੇਬੰਦੀਆਂ ਨੌਕਰੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਹਨ, ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਸਿਵਾਏ ਭਰੋਸਿਆਂ ਦੇ ਕੁਝ ਹਾਸਲ ਨਹੀਂ ਹੋਇਆ ਜਦਕਿ ਕਈ ਮੈਂਬਰ ਰੁਜ਼ਗਾਰ ਦੀ ਖਾਤਰ ਖੁਦ ਦੀ 'ਬਲੀ' ਤਕ ਦੇ ਚੁੱਕੇ ਹਨ। ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਦੇ ਪ੍ਰਧਾਨ ਪਿਰਮਲ ਸਿੰਘ ਦੀ ਬਿਰਧ ਮਾਤਾ ਵੀ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਲਈ ਸੰਘਰਸ਼ ਦੇ ਮੈਦਾਨ ਵਿਚ ਉਤਰ ਆਈ ਹੈ। ਉਨ੍ਹਾਂ ਨੇ ਖੁਦ ਮਰਨ ਵਰਤ ਰੱਖਿਆ, ਜਿਸ ਉਪਰੰਤ ਜਾਗੀ ਸਰਕਾਰ ਨੇ 5 ਹਜ਼ਾਰ ਵਿਚੋਂ 1 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦੇ ਕੇ ਮਰਨ ਵਰਤ ਸਮਾਪਤ ਕਰਵਾਇਆ ਪਰ ਬਾਕੀ 4 ਹਜ਼ਾਰ ਨੌਜਵਾਨ ਅੱਜ ਵੀ ਬੇਰੁਜ਼ਗਾਰ ਘੁੰਮ ਰਹੇ ਹਨ।
ਪੰਜਾਬ 'ਚ ਵਾਪਰੀਆਂ ਕੁਝ ਦਰਦਨਾਕ ਘਟਨਾਵਾਂ
* 8 ਫਰਵਰੀ 2010 ਨੂੰ ਈ. ਜੀ. ਐੱਸ. ਅਧਿਆਪਕਾ ਕਿਰਨਜੀਤ ਕੌਰ ਫ਼ਰੀਦਕੋਟ ਨੇ ਨੌਕਰੀ ਦੀ ਮੰਗ ਨੂੰ ਲੈ ਕੇ ਆਤਮ ਹੱਤਿਆ ਕਰ ਲਈ ਸੀ।
* 12 ਦਸੰਬਰ 2011 ਨੂੰ ਜ਼ਿਲਾ ਸਿੰਘ ਸ੍ਰੀ ਮੁਕਤਸਰ ਸਾਹਿਬ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਰੱਖੇ ਮਰਨ ਵਰਤ ਦੌਰਾਨ ਬੇਵਕਤੀ ਮੌਤ ਦਾ ਸ਼ਿਕਾਰ ਹੋ ਗਿਆ।
* 6 ਫਰਵਰੀ 2013 ਨੂੰ ਬਠਿੰਡਾ ਵਿਚ ਅਧਿਆਪਕਾਂ ਦੇ ਸੰਘਰਸ਼ ਵਿਚ ਇਕ ਮਾਸੂਮ ਬੱਚੀ ਰੂਥ ਦੀ ਮੌਤ ਹੋ ਗਈ ਸੀ।
* 13 ਜੁਲਾਈ 2013 ਨੂੰ ਬੇਰੁਜ਼ਗਾਰ ਲਾਈਨਮੈਨ ਸਰਬਜੀਤ ਸਿੰਘ ਤਰਨਤਾਰਨ ਨੇ ਆਪਣੇ ਘਰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ।
* 1 ਦਸੰਬਰ 2013 ਨੂੰ ਇਕ ਹੋਰ ਬੇਰੁਜ਼ਗਾਰ ਲਾਈਨਮੈਨ ਰਾਜਕੁਮਾਰ ਫਾਜ਼ਿਲਕਾ ਨੇ ਮੌਤ ਨੂੰ ਗਲੇ ਲਗਾ ਲਿਆ ਸੀ।
ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚੋਂ ਮਿਲੀ ਵਿਅਕਤੀ ਦੀ ਲਾਸ਼
NEXT STORY