ਪਟਿਆਲਾ-ਪੰਜਾਬ ਦੇ ਪਟਿਆਲਾ ਸਟੇਟ ਹਾਈਵੇ 'ਤੇ ਪਿੰਡ ਨਿਆਲ ਬਾਈਪਾਸ ਚੌਕ 'ਤੇ ਸੋਮਵਾਰ ਦੀ ਸਵੇਰ ਨੂੰ ਪੀ.ਆਰ.ਟੀ.ਸੀ. ਬੱਸ ਤੇ ਟਰਾਲੇ ਵਿਚਾਲੇ ਹੋਈ ਭਿਆਨਕ ਟੱਕਰ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਬੱਸ 'ਚ ਸਵਾਰ 32 ਸਵਾਰੀਆਂ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਪਾਤੜਾਂ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਤੇ ਉਨ੍ਹਾਂ 'ਚੋ ਚਾਰ ਗੰਭੀਰ ਜ਼ਖਮੀਆਂ ਨੂੰ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਇਹ ਹਾਦਸਾ ਸੋਮਵਾਰ ਦੀ ਸਵੇਰ ਨੂੰ ਕਰੀਬ 11 ਵਜ ਕੇ 15 ਮਿੰਟ 'ਤੇ ਵਾਪਰਿਆ। ਇਕ ਨਾਮੀ ਕੰਪਨੀ ਦੀਆਂ ਕਾਰਾਂ ਦੀ ਲੋਡਿੰਗ ਕਰਕੇ ਲੈ ਕੇ ਜਾ ਰਿਹਾ ਟਰਾਲਾ ਸੰਗਰੂਰ ਤੋਂ ਪਾਤੜਾਂ ਦੇ ਨਿਆਲ ਬਾਈਪਾਸ ਵਲੋਂ ਆ ਰਿਹਾ ਸੀ। ਡਰਾਈਵਰ ਤੇਜ਼ ਰਫਤਾਰ ਟਰਾਲੇ ਨੂੰ ਬਾਈਪਾਸ ਤੋਂ ਮੁੱਖ ਸੜਕ 'ਤੇ ਚੜ੍ਹਾਉਣ ਲੱਗਾ ਤਾਂ ਇਸਨੇ ਪਾਤੜਾਂ ਵਲੋਂ ਪਟਿਆਲਾ ਜਾ ਰਹੀ ਪੀ.ਆਰ.ਟੀ.ਸੀ. ਦੀ ਬੱਸ 'ਚ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਨਾਲ ਬੱਸ ਸੜਕ 'ਤੇ ਉਲਟ ਗਈ।
ਇਸ ਹਾਦਸੇ 'ਚ ਬੱਸ 'ਚ ਸਵਾਰ ਪਿੰਡ ਢਾਬੀ ਗੁਜਰਾਂ ਨਿਵਾਸੀ ਗੁਰਨਾਮ ਸਿੰਘ (35), ਉਥੋਂ ਲੰਘ ਰਹੇ ਸਾਈਕਲ ਸਵਾਰ ਬਜ਼ੁਰਗ ਬਲਦੇਵ ਸਿੰਘ (72) ਨਿਵਾਸੀ ਪਿੰਡ ਧੂਹੜ (ਪਾਤੜਾਂ) ਅਤੇ ਟਰਾਲਾ ਡਰਾਈਵਰ ਰਣਧੀਰ ਸਿੰਘ (45) ਨਿਵਾਸੀ ਗੁਰਦਾਸਪੁਰ ਦੀ ਆਪਣਾ ਬਚਾਅ ਕਰਦੇ ਸਮੇਂ ਟਰਾਲੇ ਤੋਂ ਛਾਲ ਮਾਰਦੇ ਸਮੇਂ ਸੜਕ 'ਤੇ ਡਿੱਗਣ ਨਾਲ ਟਰਾਲੇ ਹੇਠਾਂ ਆ ਜਾਣ ਕਾਰਨ ਮੌਕੇ 'ਤੇ ਮੌਤ ਹੋ ਗਈ। ਜ਼ਖਮੀ ਹੋਈ ਪਰਮਜੀਤ ਕੌਰ ਨਿਵਾਸੀ ਪਿੰਡ ਕਰੌਂਦਾ ਥਾਣਾ ਖਨੌਰੀ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ। ਹਾਦਸਾ ਦੇਖ ਕੇ ਨਿਆਲ ਬੱਸ ਅੱਡੇ ਦੇ ਦੁਕਾਨਦਾਰਾਂ ਤੇ ਲੋਕਾਂ ਨੇ ਬੱਸ 'ਚ ਫਸੀਆਂ ਜ਼ਖਮੀ ਸਵਾਰੀਆਂ ਨੂੰ ਬਾਹਰ ਕੱਢਿਆ। ਪਾਤੜਾਂ ਥਾਣਾ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਟਰਾਲਾ ਡਰਾਈਵਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਾਦਸੇ 'ਚ ਚਾਰ ਲੋਕਾਂ ਦੀ ਮੌਤ 'ਤੇ ਡੂੰਘਾ ਸੋਗ ਜ਼ਾਹਰ ਕਰਦੇ ਹੋਏ ਮ੍ਰਿਤਕਾਂ ਦੇ ਵਾਰਸਾਂ ਨੂੰ 1-1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
'ਮੈਸੇਂਜਰ ਆਫ ਗਾਡ' 'ਤੇ ਵਧ ਸਕਦੈ ਤਣਾਅ
NEXT STORY