ਚੰਡੀਗੜ੍ਹ- ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀ ਫਿਲਮ 'ਮੈਸੇਂਜਰ ਆਫ ਗਾਡ' ਬਾਰੇ ਸਾਰੇ ਹੀ ਜਾਣਦੇ ਹਨ ਪਰ ਉਨ੍ਹਾਂ ਦੀ ਫਿਲਮ ਆਉਣ ਤੋਂ ਪਹਿਲਾਂ ਪੰਜਾਬ 'ਚ ਖੜਕੇ ਦੜਕੇ ਹੋਣੇ ਸ਼ੁਰੂ ਹੋ ਗਏ ਹਨ। ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਦੀ ਆਉਣ ਵਾਲੀ ਫਿਲਮ 'ਮੈਸੇਂਜਰ ਆਫ ਗਾਡ' ਦੇ ਫਲੈਕਸ ਪੋਸਟਰ ਫਾੜਨ ਕਾਰਨ ਤਣਾਅ ਵਧ ਗਿਆ ਹੈ। ਪੋਸਟਰ ਫਾੜਨ ਦੀ ਵਾਰਦਾਤ ਮੋਗਾ ਦੇ ਕੋਟਕਪੂਰਾ ਬਾਈਪਾਸ ਦੇ ਨਾਲ-ਨਾਲ ਲੁਧਿਆਣਾ ਦੇ ਪਿੰਡ ਕਾਉਂਕੇ ਕਲਾ 'ਚ ਹੋਈ। ਡੇਰਾ ਪ੍ਰੇਮੀਆਂ 'ਤੇ ਵੀ ਹਮਲੇ ਦੀ ਖਬਰ ਸੁਣਨ ਨੂੰ ਮਿਲੀ ਹੈ। ਪੁਲਸ ਨੇ ਅਣਪਛਾਤੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਮੋਗਾ ਦੇ ਸਿਵਲ ਹਸਪਤਾਲ 'ਚ ਦਾਖਲ ਡੇਰਾ ਪ੍ਰੇਮੀ ਸੁਰਿੰਦਰ ਕੁਮਾਰ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਨੂੰ 7 ਤੋਂ 8 ਨੌਜਵਾਨਾਂ ਨੂੰ ਡੇਰਾਮੁੱਖੀ ਦੀ ਫਿਲਮ ਦੇ ਪੋਸਟਰ ਫਾੜਦੇ ਦੇਖਿਆ। ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਸੂਚਨਾਂ ਮਿਲਣ 'ਤੇ ਡੀ. ਐੱਸ. ਪੀ. ਸਿਟੀ ਗੁਰਮੇਲ ਸਿੰਘ ਸਮੇਤ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ। ਦੇਰ ਰਾਤ ਡੇਰਾ ਪ੍ਰੇਮੀ ਵੀ ਮੌਕੇ 'ਤੇ ਇੱਕਠੇ ਹੋਣ ਲੱਗੇ। ਪੁਲਸ ਅਧਿਕਾਰੀਆਂ ਦੇ ਕਹਿਣ 'ਤੇ ਡੇਰਾ ਪ੍ਰੇਮੀ ਸ਼ਾਂਤ ਹੋ ਗਏ। ਦੂਜੇ ਪਾਸੇ ਲੁਧਿਆਣਾ ਦੇ ਜਗਰਾਊ ਦੇ ਪਿੰਡ ਕਾਉਂਕੇ ਕਲਾਂ 'ਚ ਲੱਗੇ ਫਿਲਮ ਦੇ ਪੋਸਟਰ ਨੂੰ ਕਿਸੇ ਨੇ ਅੱਗ ਲਗਾ ਦਿੱਤੀ। ਸਵੇਰ ਹੁੰਦੇ ਹੀ ਵੱਡੀ ਗਿਣਤੀ 'ਚ ਡੇਰਾ ਪ੍ਰੇਮੀ ਪਿੰਡ 'ਚ ਇੱਕਠੇ ਹੋ ਗਏ। ਡੀ. ਐੱਸ. ਪੀ. ਸੁਰਿੰਦਰ ਕੁਮਾਰ ਨੇ ਜਾਂਚ ਦੌਰਾਨ ਇਕ ਮਸ਼ਾਲ ਅਤੇ ਤੇਲ ਦੀ ਬੋਤਲ ਬਰਾਮਦ ਕੀਤੀ ਹੈ। ਐੱਸ. ਐੱਸ. ਪੀ. ਰਵਚਰਣ ਬਰਾੜ ਨੇ ਕਿਹਾ ਕਿ ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ।
ਤੀਜੀ ਅੱਖ ਨੇ ਫੜਵਾਏ ਸ਼ਾਤਰ ਲੁਟੇਰੇ (ਵੀਡੀਓ)
NEXT STORY