ਚੰਡੀਗੜ੍ਹ, (ਰਮਨਜੀਤ)-ਸੂਬੇ ਦੀ ਗਠਜੋੜ ਸਰਕਾਰ ਦੇ ਖਿਲਾਫ਼ ਬੇਭਰੋਸਗੀ ਪ੍ਰਸਤਾਵ 'ਤੇ ਮਾਤ ਖਾ ਚੁੱਕੀ ਵਿਰੋਧੀ ਧਿਰ ਵਲੋਂ ਬੁੱਧਵਾਰ ਨੂੰ ਸਰਦ ਰੁੱਤ ਸੈਸ਼ਨ ਦੌਰਾਨ ਫਿਰ ਤੋਂ ਸੱਤਾਧਿਰ ਨੂੰ ਘੇਰਨ ਦਾ ਯਤਨ ਕੀਤਾ ਗਿਆ। ਇਸ ਲਈ ਵਿਰੋਧੀ ਧਿਰ ਦੇ ਨੇਤਾ ਨੇ ਵਿਧਾਨ ਸਭਾ ਸੈਸ਼ਨ ਦੇ ਅੰਤਿਮ ਦਿਨ ਜਿੱਥੇ ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਵਲੋਂ ਖੁਦ ਨੂੰ ਅੱਤਵਾਦੀ ਕਹੇ ਜਾਣ ਦੇ ਮਾਮਲੇ ਵਿਚ ਉਨ੍ਹਾਂ ਦੇ ਖਿਲਾਫ਼ ਵਿਸ਼ੇਸ਼ ਅਧਿਕਾਰ ਉਲੰਘਣ ਦਾ ਪ੍ਰਸਤਾਵ ਲਿਆਉਣ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਸੱਤਾ ਵਿਚ ਭਾਗੀਦਾਰ ਭਾਜਪਾ 'ਤੇ ਵੀ ਤਿੱਖੇ ਹਮਲੇ ਕੀਤੇ ਤੇ ਵਾਅਦਾ-ਖਿਲਾਫ਼ੀ ਦਾ ਦੋਸ਼ ਵੀ ਲਗਾਇਆ। ਕਾਂਗਰਸੀ ਪ੍ਰਸ਼ਨ ਕਾਲ ਦੌਰਾਨ ਸ਼ਾਂਤ ਰਹੇ। ਸਿਫਰ ਕਾਲ ਦੌਰਾਨ ਸਦਨ ਵਿਚ ਅਚਾਨਕ ਬਦਲੀ ਹੋਈ ਰਣਨੀਤੀ ਤੋਂ ਸਦਨ ਦਾ ਮਾਹੌਲ ਬੇਹੱਦ ਸਰਗਰਮ ਹੋ ਗਿਆ।
ਪ੍ਰਸ਼ਨ ਕਾਲ ਖਤਮ ਹੁੰਦੇ ਹੀ ਵਿਰੋਧੀ ਧਿਰ ਨੇਤਾ ਸੁਨੀਲ ਜਾਖੜ ਨੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਮੁਖਾਤਿਬ ਹੁੰਦਿਆਂ ਵਿਸ਼ੇਸ਼ ਅਧਿਕਾਰ ਉਲੰਘਣ ਦਾ ਜ਼ਿਕਰ ਕੀਤਾ। ਜਾਖੜ ਨੇ ਕਿਹਾ ਕਿ ਇਕ ਵਾਰ ਜਦ ਉਹ ਇਕ ਦਲਿਤ ਲੜਕੀ ਨੂੰ ਵਿਧਾਨ ਸਭਾ ਵਿਚ ਲੈ ਕੇ ਆਏ ਸਨ ਤਾਂ ਉਨ੍ਹਾਂ ਦੇ ਖਿਲਾਫ਼ ਵਿਸ਼ੇਸ਼ ਅਧਿਕਾਰ ਉਲੰਘਣ ਦੀ ਕਾਰਵਾਈ ਕੀਤੀ ਗਈ ਕਿਉਂਕਿ ਉਸ ਨੂੰ ਸਦਨ ਤੇ ਸਦਨ ਦੇ ਮੈਂਬਰਾਂ ਦੀ ਸੁਰੱਖਿਆ ਨਾਲ ਸਮਝੌਤੇ ਦੇ ਬਰਾਬਰ ਮੰਨਿਆ ਗਿਆ ਪਰ ਮੈਂਬਰ ਵਲੋਂ ਖੁਦ ਨੂੰ ਅੱਤਵਾਦੀ ਦੱਸੇ ਜਾਣ ਨਾਲ ਵੀ ਸਦਨ ਤੇ ਸਦਨ ਦੇ ਮੈਂਬਰਾਂ ਦੀ ਸੁਰੱਖਿਆ 'ਤੇ ਆ ਬਣੀ ਹੈ ਤੇ ਉਸੇ ਤਰ੍ਹਾਂ ਵਿਰਸਾ ਸਿੰਘ ਵਲਟੋਹਾ ਨੇ ਮੰਗਲਵਾਰ ਨੂੰ ਵਿਸ਼ੇਸ਼ ਅਧਿਕਾਰ ਦਾ ਉਲੰਘਣ ਕੀਤਾ ਹੈ। ਉਨ੍ਹਾਂ ਨੂੰ ਵੀ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। ਸਪੀਕਰ ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਜਾਖੜ ਦੇ ਵਿਸ਼ੇਸ਼ ਅਧਿਕਾਰ ਉਲੰਘਣ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ। ਜਿਸ ਕਾਰਨ ਸ਼ੋਰ-ਸ਼ਰਾਬੇ ਵਾਲਾ ਮਾਹੌਲ ਹੋ ਗਿਆ, ਜਿਸ ਨੂੰ ਦੇਖਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਥਿਤੀ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਸਦਨ ਵਿਚ ਜੋ ਮੈਂਬਰਾਂ ਨੇ ਕੱਲ ਕਿਹਾ ਇਸ ਲਈ ਮੈਂਬਰਾਂ ਵਲੋਂ ਮੁਆਫ਼ੀ ਮੰਗੀ ਜਾ ਚੁੱਕੀ ਹੈ ਤੇ ਫਿਰ ਵੀ ਕਾਂਗਰਸ ਇਸ ਮਾਮਲੇ 'ਤੇ ਆਪਣੀਆਂ ਰਾਜਨੀਤਕ ਰੋਟੀਆਂ ਸੇਕ ਰਹੀ ਹੈ। ਮੈਂਬਰਾਂ ਵਲੋਂ ਕਹੇ ਗਏ ਸ਼ਬਦਾਂ 'ਤੇ ਮੈਂ ਵੀ ਮੁਆਫ਼ੀ ਮੰਗ ਚੁੱਕਾ ਹਾਂ ਤੇ ਜਦ ਮੁਆਫ਼ੀ ਮੰਗ ਲਈ ਗਈ ਹੈ ਤਾਂ ਗੱਲ ਖਤਮ ਹੋ ਗਈ। ਹੁਣ ਕੀ ਵਲਟੋਹਾ ਨੂੰ ਗੋਲੀ ਮਾਰ ਦੇਈਏ? ਮੁੱਖ ਮੰਤਰੀ ਬਾਦਲ ਨੇ ਅੱਜ ਵਿਧਾਨ ਸਭਾ ਵਿਚ ਇਹ ਵੀ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵਿਸ਼ੇ 'ਤੇ ਬਹਿਸ ਦਾ ਉਨ੍ਹਾਂ ਨੇ ਜਵਾਬ ਨਹੀਂਂ ਦਿੱਤਾ, ਕਿਉਂਕਿ ਵਿਰੋਧੀ ਧਿਰ ਨੇ ਮੌਕਾ ਹੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਮੈਂ ਬੋਲਦਾ ਤਾਂ ਸਾਰੀਆਂ ਗੱਲਾਂ ਦਾ ਪਰਦਾਫਾਸ਼ ਹੋ ਜਾਂਦਾ।
ਮੁੱਖ ਮੰਤਰੀ ਬਾਦਲ ਦੇ ਦਖਲ ਮਗਰੋਂ ਵਿਰੋਧੀ ਧਿਰ ਨੇ ਵਲਟੋਹਾ ਦੀ ਬਜਾਏ ਆਪਣੇ ਹਮਲੇ ਦਾ ਨਿਸ਼ਾਨਾ ਭਾਜਪਾ ਵੱਲ ਕੀਤਾ। ਜਾਖੜ ਨੇ ਕਿਹਾ ਕਿ ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਲਗਾਤਾਰ ਮਜੀਠੀਆ ਦਾ ਅਸਤੀਫ਼ਾ ਮੰਗ ਰਹੇ ਹਨ ਤੇ ਦੂਸਰੇ ਪਾਸੇ ਸਦਨ ਵਿਚ ਭਾਜਪਾ ਅਕਾਲੀ ਦਲ ਦਾ ਸਾਥ ਦੇ ਰਹੀ ਹੈ। ਇਹ ਦੋਹਰੀ ਨੀਤੀ ਨਹੀਂ ਚੱਲੇਗੀ। ਇਸਦੇ ਨਾਲ ਹੀ ਜਾਖੜ ਤੇ ਹੋਰ ਕਾਂਗਰਸੀ ਵਿਧਾਇਕਾਂ ਨੇ ਭਾਜਪਾ ਨੇਤਾਵਾਂ ਵਲ ਕਾਲੀਆਂ ਪੱਟੀਆਂ ਲਹਿਰਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਹੱਥਾਂ ਵਿਚ ਨਾਅਰੇ ਲਿਖੀਆਂ ਤਖ਼ਤੀਆਂ ਉਠਾ ਲਈਆਂ। ਵਿਰੋਧੀ ਧਿਰ ਵਿਧਾਇਕ ਵੈਲ ਵਿਚ ਆ ਗਈ ਤੇ ਕਾਂਗਰਸੀ ਨੇਤਾਵਾਂ ਦੀ ਭਾਜਪਾ ਦੇ ਮਦਨ ਮੋਹਨ ਮਿੱਤਲ ਨਾਲ ਨੋਕ-ਝੋਕ ਵੀ ਹੋਈ। ਉੱਥੇ ਹੀ ਸੁਨੀਲ ਜਾਖੜ ਨੇ ਇਸੇ ਦੌਰਾਨ ਭਾਜਪਾ 'ਤੇ ਵਾਅਦਾ-ਖਿਲਾਫ਼ੀ ਦਾ ਦੋਸ਼ ਵੀ ਜੜ ਦਿੱਤਾ। ਕੁੱਝ ਮਿੰਟ ਵੈਲ ਵਿਚ ਨਾਅਰੇਬਾਜ਼ੀ ਕਰਨ ਮਗਰੋਂ ਵਿਰੋਧੀ ਧਿਰ ਦੇ ਵਿਧਾਇਕ ਸਦਨ 'ਚੋਂ ਵਾਕਆਊਟ ਕਰ ਗਏ। ਬਾਅਦ ਵਿਚ ਸੰਸਦੀ ਕਾਰਜਮੰਤਰੀ ਮਦਨ ਮੋਹਨ ਮਿੱਤਲ ਨੇ ਵਿਰੋਧੀ ਵਿਧਾਇਕਾਂ ਦੇ ਇਸ ਰਵੱਈਏ ਦੀ ਨਾ ਸਿਰਫ਼ ਨਿੰਦਾ ਕੀਤੀ ਬਲਕਿ ਕਿਹਾ ਕਿ ਭਾਜਪਾ ਨੇ ਕਾਂਗਰਸੀਆਂ ਨਾਲ ਕੋਈ ਵਾਅਦਾ ਨਹੀਂ ਕੀਤਾ ਸੀ। ਇਸ ਲਈ ਵਾਅਦਾ-ਖਿਲਾਫ਼ੀ ਜਿਹੀ ਕੋਈ ਗੱਲ ਨਹੀਂ ਹੈ।
ਬੱਬੂ ਮਾਨ ਦੀ ਇਸ ਉਪਲੱਬਧੀ 'ਤੇ ਹਰ ਪੰਜਾਬੀ ਨੂੰ ਹੋਵੇਗਾ ਮਾਣ (ਵੀਡੀਓ)
NEXT STORY