ਤਾਜਦਾਰ-ਏ-ਮਦੀਨਾ ਪੈਗੰਬਰ ਮੁਹੰਮਦ-ਏ-ਅਰਬੀ ਸਲ. ਦਾ ਜਨਮ 12 ਰਬੀਉਲ-ਅੱਵਲ ਮੁਤਾਬਕ 20 ਅਪ੍ਰੈਲ 571 ਈ. ਸੋਮਵਾਰ ਦੇ ਦਿਨ ਹੋਇਆ। ਆਪ ਜੀ ਦੇ ਦਾਦਾ ਅਬਦੁਲ ਮੁਤਲਿਬ ਨੇ ਆਪ ਜੀ ਦਾ ਨਾਂ ਮੁਹੰਮਦ ਅਤੇ ਮਾਤਾ ਜੀ ਨੇ ਅਹਿਮਦ ਰੱਖਿਆ। ਆਪ ਜੀ ਦੀ ਮਾਤਾ ਹਜ਼ਰਤ ਆਮਨਾ ਨੇ ਆਪ ਜੀ ਨੂੰ 3 ਦਿਨਾਂ ਤਕ ਆਪਣਾ ਦੁੱਧ ਪਿਆਇਆ, ਮਗਰੋਂ ਆਪ ਜੀ ਦੇ ਚਾਚਾ ਅਬੁਲਹਬ ਦੀ ਬਾਂਦੀ (ਨੌਕਰਾਣੀ) ਨੇ ਆਪ ਜੀ ਨੂੰ ਕੁਝ ਕੁ ਦਿਨਾਂ ਤਕ ਦੁੱਧ ਪਿਆਇਆ। ਆਪ ਜੀ ਦੀ ਉਮਰ 6 ਸਾਲ ਸੀ ਜਦੋਂ ਆਪ ਜੀ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ। ਜਦੋਂ ਆਪ ਜੀ ਦੀ ਉਮਰ 8 ਸਾਲ ਹੋਈ ਤਾਂ ਆਪ ਜੀ ਦੇ ਦਾਦਾ ਅਬਦੁਲ ਮੁਤਲਿਬ ਵੀ ਸੰਸਾਰ ਨੂੰ ਅਲਵਿਦਾ ਕਹਿ ਗਏ। 9 ਰਬੀਉਲ-ਅੱਵਲ ਮੁਤਾਬਕ 14 ਫਰਵਰੀ 610 ਈ. ਨੂੰ ਜਦੋਂ ਪੈਗੰਬਰ ਮੁਹੰਮਦ ਸਾਹਿਬ ਜੀ ਦੀ ਉਮਰ 40 ਸਾਲ 1 ਦਿਨ ਸੀ ਤਾਂ ਨਿਯਮਾਂ ਅਨੁਸਾਰ ਆਪ ਜੀ ਨੂੰ ਨਬੁੱਵਤ ਦਿੱਤੀ ਗਈ। ਨਬੁੱਵਤ ਮਿਲਣ ਦੇ ਪਹਿਲੇ ਸਾਲ ਹੀ ਨਮਾਜ਼ਾਂ ਫਰਜ਼ ਕਰ ਦਿੱਤੀਆ ਗਈਆ।
ਜਦੋਂ ਆਪ ਜੀ ਦੀ ਉਮਰ 40 ਸਾਲ 6 ਮਹੀਨੇ 6 ਦਿਨ ਹੋਈ ਤਾਂ ਆਪ ਜੀ 'ਤੇ ਕੁਰਆਨ-ਪਾਕ ਨਾਜ਼ਿਲ ਹੋਣਾ ਸ਼ੁਰੂ ਹੋ ਗਿਆ। ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਾਨ ਹੀ ਨਿਰਾਲੀ ਸੀ, ਜਿਸ ਵਿਚ ਮਾਨਵ ਰਚਨਾ ਦੇ ਸਾਰੇ ਹਸੀਨ-ਜਮੀਲ ਤੱਤਾਂ ਦਾ ਮਿਸ਼ਰਨ ਮਿਲਦਾ ਸੀ। ਅਜਿਹਾ ਕਿਵੇਂ ਨਾ ਹੁੰਦਾ ਜਦਕਿ ਅੱਲ੍ਹਾ ਨੇ ਆਪ ਜੀ ਨੂੰ ਰਿਸਾਲਤ ਅਤੇ ਨਬੁੱਵਤ ਦੇ ਅੰਤ ਲਈ ਚੁਣਿਆ ਸੀ ਅਤੇ ਭਾਗਾਂ 'ਚ ਲਿਖ ਦਿੱਤਾ ਸੀ ਕਿ ਆਪ ਜੀ ਦੀ ਰਿਸਾਲਤ ਇਨਸਾਨੀਅਤ ਲਈ ਆਮ ਹੋਵੇਗੀ। ਆਪ ਜੀ ਸਮੁੱਚੇ ਸੰਸਾਰ ਲਈ ਖੁਸ਼ਖਬਰੀ ਦੇਣ ਵਾਲਾ ਅਤੇ ਹੱਕ ਦਾ ਰਸਤਾ ਦਿਖਾਉਣ ਵਾਲਾ ਬਣਾ ਕੇ ਭੇਜੇ ਗਏ। ਅੱਲ੍ਹਾ ਨੇ ਆਪ ਜੀ ਨੂੰ ਸਮੁੱਚੇ ਸੰਸਾਰ ਲਈ ਰਹਿਮਤ ਬਣਾ ਕੇ ਘੱਲਿਆ। ਰੱਬ ਦਾ ਫੈਸਲਾ ਸੀ ਕਿ ਹੱਕ ਨੂੰ ਬਾਤਿਲ ਉਪਰ ਫਤਿਹ ਮਿਲੇ ਅਤੇ ਬਾਤਿਲ ਦਾ ਜ਼ੋਰ ਟੁੱਟ ਜਾਵੇ, ਜਿਸ ਨੇ ਆਪ ਜੀ ਨੂੰ ਝੂਠਾ ਕਿਹਾ, ਹੰਕਾਰ ਅਤੇ ਘੁਮੰਡ ਦਾ ਰਸਤਾ ਅਪਣਾਇਆ ਅਤੇ ਈਰਖਾ ਵਜੋਂ ਨਬੁੱਵਤ ਤੋਂ ਇਨਕਾਰ ਕੀਤਾ, ਉਸਦੇ ਬਾਰੇ ਖੁਦਾ ਦਾ ਫੈਸਲਾ ਹੋਇਆ ਕਿ ਪੈਗੰਬਰ ਨੂੰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਫਤਿਹ ਮਿਲੇ ਅਤੇ ਉਹ ਸੱਤਾਧਾਰੀ ਹੋਣ।
ਅਬੁਜਹਲ ਤੇ ਉਸ ਜਿਹੇ ਹੰਕਾਰੀਆਂ ਦੀ ਮੌਤ ਅਤੇ ਅਪਮਾਨ ਦਾ ਦਿਨ ਗਜ਼ਵਾ-ਏ-ਬਦਰ ਇਤਿਹਾਸ 'ਚ ਦਰਜ ਹੈ। ਇਹ ਸੀਨ ਇੰਨਾ ਪ੍ਰਭਾਵੀ ਹੈ ਕਿ ਉਨ੍ਹਾਂ ਕੁਰੈਸ਼ੀ ਹੰਕਾਰਿਆਂ ਦੀਆਂ ਲਾਸ਼ਾਂ ਨੂੰ ਇਕ ਖੱਡੇ 'ਚ ਸੁੱਟ ਦਿੱਤਾ ਜਾਂਦਾ ਹੈ ਅਤੇ ਅੱਲ੍ਹਾ ਦਾ ਸੱਚਾ ਤੇ ਅੰਤਿਮ ਰਸੂਲ ਪੈਗੰਬਰ ਮੋਮਨੀਨ ਦੇ ਗਿਰੋਹ ਦੀ ਮੌਜੂਦਗੀ 'ਚ ਉਨ੍ਹਾਂ ਨੂੰ ਸੰਬੋਧਨ ਕਰਦਾ ਹੈ। ਆਪ ਜੀ ਫਰਮਾਉਂਦੇ ਹਨ ਏ-ਖੱਡੇ ਵਾਲਿਓ ਤੁਸੀਂ ਕਿਸੇ ਨਬੀ ਦੇ ਸਭ ਤੋਂ ਖਰਾਬ ਹਮ-ਰਾਸ਼ਟਰ ਅਤੇ ਹਮ-ਕਬੀਲਾ ਸੀ। ਤੁਸੀਂ ਮੈਨੂੰ ਝੂਠਾ ਕਹਿ ਰਹੇ ਸੀ, ਜਦਕਿ ਦੂਜੇ ਲੋਕਾਂ ਨੇ ਮੇਰੀ ਤਸਦੀਕ ਕੀਤੀ। ਤੁਸਾਂ ਮੈਨੂੰ ਆਪਣੇ ਸ਼ਹਿਰ ਤੋਂ ਕੱਢ ਦਿੱਤਾ ਪਰ ਦੂਜੇ ਲੋਕਾਂ ਨੇ ਮੈਨੂੰ ਪਨਾਹ ਦਿੱਤੀ। ਤੁਸਾਂ ਮੇਰੇ ਨਾਲ ਜੰਗ ਕੀਤੀ ਪਰ ਦੂਜੇ ਲੋਕਾਂ ਨੇ ਮੇਰੀ ਮਦਦ ਕੀਤੀ। ਕੀ ਤੁਸਾਂ ਉਹ ਵਾਅਦਾ ਸੱਚਾ ਦੇਖ ਲਿਆ ਜੋ ਤੁਹਾਡੇ ਰੱਬ ਨੇ ਤੁਹਾਡੇ ਨਾਲ ਕੀਤਾ ਸੀ।
ਹਿਜਰੀ 'ਚ ਹੱਜ ਯਾਤਰਾ ਤੋਂ ਬਾਅਦ ਆਪ ਜੀ ਨੂੰ ਬੁਖਾਰ ਚੜ੍ਹ ਗਿਆ। ਜਦੋਂ ਆਪ ਜੀ ਦੀ ਬੀਮਾਰੀ ਲੰਬੀ ਹੋ ਗਈ ਤਾਂ ਆਪਣੀਆਂ ਪਤਨੀਆਂ ਤੋਂ ਆਗਿਆ ਲੈ ਕੇ ਆਖਰੀ ਦਿਨ ਹਜ਼ਰਤ ਆਇਸ਼ਾ ਸਿੱਦੀਕਾ ਦੇ ਘਰ ਰਹਿਣ ਲੱਗੇ। ਹੌਲੀ-ਹੌਲੀ ਬੀਮਾਰੀ ਇੰਨੀ ਵਧ ਗਈ ਕਿ ਆਪ ਜੀ ਮਸਜਿਦ ਤਕ ਵੀ ਤਸ਼ਰੀਫ ਨਹੀਂ ਲਿਆ ਸਕਦੇ ਸਨ। ਲਗਭਗ 13 ਦਿਨ ਲਗਾਤਾਰ ਬੁਖਾਰ ਰਿਹਾ ਅਤੇ 12 ਰਬੀਉਲ-ਅੱਵਲ ਸੋਮਵਾਰ ਦੇ ਦਿਨ ਆਪਣੇ ਹੱਥ ਉਠਾ ਕੇ ਦੁਆ ਕੀਤੀ। ਮਗਰੋਂ ਆਪ ਜੀ ਦੇ ਸਰੀਰ 'ਚੋਂ ਆਤਮਾ ਨਿਕਲ ਗਈ। ਉਸ ਵੇਲੇ ਆਪ ਜੀ ਦੀ ਉਮਰ 63 ਸਾਲ 4 ਦਿਨ ਸੀ।
- ਮੌਲਾਨਾ ਅਨਵਰ ਅੰਮ੍ਰਿਤਸਰੀ
ਬਾਣੀ ਭਗਤ ਕਬੀਰ ਜੀ
NEXT STORY