ਸਿਡਨੀ- (ਬਲਵਿੰਦਰ ਸਿੰਘ ਧਾਲੀਵਾਲ) ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਨੇ ਵਿਸ਼ਵ ਕੱਪ ਲਈ 15 ਮੈਂਬਰੀ ਟੀਮ 'ਚ 3 ਕਾਬਲ ਗੇਂਦਬਾਜ਼ਾਂ ਨੂੰ ਸ਼ਾਮਲ ਕਰਨ ਦੀ ਵਕਾਲਤ ਕੀਤੀ ਸੀ ਜਿਸ 'ਚ ਭਾਰਤੀ ਮੂਲ ਦਾ ਤੇਜ਼ ਗੇਂਦਬਾਜ਼ ਗੁਰਿੰਦਰ ਸਿੰਘ ਸੰਧੂ ਵੀ ਸ਼ਾਮਲ ਸੀ । ਹੁਣ ਇਸ ਹਫ਼ਤੇ ਤਿੰਨ ਦੇਸ਼ਾਂ ਵਿਚਕਾਰ ਸ਼ੁਰੂ ਹੋਣ ਜਾ ਰਹੇ ਤ੍ਰਿਕੋਣੇ ਕ੍ਰਿਕਟ ਮੁਕਾਬਲੇ ਲਈ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਵਿਚ ਪੰਜਾਬੀ ਨੌਜਵਾਨ ਗੁਰਿੰਦਰ ਸੰਧੂ ਦੀ ਚੋਣ ਕੀਤੀ ਗਈ ਹੈ। ਸੰਧੂ ਭਾਰਤ ਅਤੇ ਇੰਗਲੈਂਡ ਵਿਰੁਧ ਹੋਣ ਜਾ ਰਹੇ ਵਨਡੇ ਮੈਚ ਦੌਰਾਨ ਤੇਜ਼ ਗੇਂਦਬਾਜ਼ ਦੀ ਭੂਮਿਕਾ ਨਿਭਾਵੇਗਾ। ਜ਼ਿਕਰਯੋਗ ਹੈ ਕਿ ਹੁਣ ਤੱਕ ਗੁਰਿੰਦਰ ਸੰਧੂ ਵਲੋਂ ਘਰੇਲੂ ਕ੍ਰਿਕਟ ਮੈਚਾਂ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਗੁਰਿੰਦਰ ਸਿੰਘ ਵੀ ਛੋਟੇ ਫਾਰਮੈੱਟ ਦਾ ਸ਼ਾਨਦਾਰ ਗੇਂਦਬਾਜ਼ ਹੈ। ਉਸ ਨੇ ਟੀ-20 ਮੈਚਾਂ ਦੇ ਡੈੱਥ ਓਵਰਾਂ 'ਚ ਵਧੀਆ ਗੇਂਦਬਾਜ਼ੀ ਕੀਤੀ ਹੈ ਅਤੇ ਸ਼ਾਇਦ ਇਹ ਅਜਿਹਾ ਖੇਤਰ ਹੈ ਜਿਸ 'ਚ ਆਸਟ੍ਰੇਲੀਆ ਨੇ ਸੀਮਤ ਓਵਰਾਂ ਦੇ ਮੈਚਾਂ 'ਚ ਕਾਫੀ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਹੈ। ਨਿਊ ਸਾਊਥ ਵੇਲਸ 'ਚ ਸਿਡਨੀ ਦੇ 'ਚ ਜਨਮੇ ਸੰਧੂ ਨੇ 29 ਲਿਸਟ-ਏ ਮੈਚਾਂ 'ਚ 52 ਵਿਕਟਾਂ ਝਟਕਾਈਆਂ ਹਨ। ਪੋਂਟਿੰਗ ਦਾ ਮੰਨਣਾ ਹੈ ਕਿ ਐਗਰ ਐਸ਼ਨਟ ਆਸਟ੍ਰੇਲੀਆ ਨੂੰ ਸਪਿਨ ਵਿਭਾਗ 'ਚ ਬਦਲ ਮੁਹੱਈਆ ਕਰਾ ਸਕਦਾ ਹੈ। ਐਗਰ ਨੇ ਪਿਛਲੇ ਸਾਲ ਟ੍ਰੈਂਟ ਬ੍ਰਿਜ 'ਚ ਟੈਸਟ ਸ਼ਿਰਕਤ ਦੌਰਾਨ 11ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ 98 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਫਿਲ ਹਿਊਜ ਦੇ ਨਾਲ ਵਿਸ਼ਵ ਰਿਕਾਰਡ ਸਾਂਝੇਦਾਰੀ ਕੀਤੀ ਸੀ। ਗੁਰਿੰਦਰ ਦੀ ਆਸਟ੍ਰੇਲੀਆ ਕ੍ਰਿਕਟ ਟੀਮ 'ਚ ਹੋਈ ਚੋਣ ਨੂੰ ਲੈ ਕੇ ਆਸਟ੍ਰੇਲੀਆ 'ਚ ਵੱਸਦੇ ਸਮੁੱਚੇ ਪੰਜਾਬੀ ਭਾਈਚਾਰੇ 'ਚ ਖੁਸੀ ਦੀ ਲਹਿਰ ਦੌੜ ਗਈ ਹੈ।
ਅਜਮਲ ਦਾ ਆਫੀਸ਼ੀਅਲ ਗੇਂਦਬਾਜ਼ੀ ਟੈਸਟ 24 ਨੂੰ
NEXT STORY