ਇਕ ਪਿੰਡ ਵਿਚ ਕੁਝ ਕਾਮੇ ਪੱਥਰ ਦੇ ਖੰਭੇ ਬਣਾ ਰਹੇ ਸਨ। ਉਥੋਂ ਇਕ ਸਾਧੂ ਲੰਘਿਆ। ਉਸ ਨੇ ਇਕ ਕਾਮੇ ਨੂੰ ਪੁੱਛਿਆ, ''ਇਥੇ ਕੀ ਬਣ ਰਿਹਾ ਹੈ? ਕਾਮਾ ਬੋਲਿਆ—ਦੇਖਦਾ ਨਹੀਂ, ਪੱਥਰ ਕੱਟ ਰਿਹਾ ਹਾਂ। ਸਾਧੂ ਨੇ ਕਿਹਾ—ਹਾਂ, ਦੇਖ ਤਾਂ ਰਿਹਾ ਹਾਂ ਪਰ ਇਥੇ ਬਣੇਗਾ ਕੀ? ਕਾਮਾ ਖਿਝ ਕੇ ਬੋਲਿਆ—ਪਤਾ ਨਹੀਂ। ਇਥੇ ਪੱਥਰ ਤੋੜਦੇ-ਤੋੜਦੇ ਜਾਨ ਨਿਕਲ ਰਹੀ ਹੈ ਅਤੇ ਇਸ ਨੂੰ ਇਹ ਚਿੰਤਾ ਹੈ ਕਿ ਇਥੇ ਕੀ ਬਣੇਗਾ। ਸਾਧੂ ਅੱਗੇ ਵਧ ਗਿਆ। ਉਸ ਨੂੰ ਦੂਜਾ ਕਾਮਾ ਮਿਲਿਆ। ਸਾਧੂ ਨੇ ਉਸ ਨੂੰ ਪੁੱਛਿਆ—ਇਥੇ ਕੀ ਬਣੇਗਾ? ਕਾਮਾ ਬੋਲਿਆ—ਦੇਖੋ ਸਾਧੂ ਬਾਬਾ, ਇਥੇ ਕੁਝ ਵੀ ਬਣੇ। ਭਾਵੇਂ ਮੰਦਰ ਬਣੇ ਜਾਂ ਜੇਲ, ਮੈਨੂੰ ਕੀ। ਮੈਨੂੰ ਤਾਂ ਪੂਰੇ ਦਿਨ ਦੀ ਮਜ਼ਦੂਰੀ ਦੇ ਰੂਪ 'ਚ 100 ਰੁਪਏ ਮਿਲਦੇ ਹਨ। ਬਸ ਸ਼ਾਮ ਨੂੰ ਰੁਪਏ ਮਿਲਣ ਅਤੇ ਮੇਰਾ ਕੰਮ ਬਣੇ। ਮੈਨੂੰ ਇਸ ਨਾਲ ਕੋਈ ਮਤਲਬ ਨਹੀਂ ਕਿ ਇਥੇ ਕੀ ਬਣ ਰਿਹਾ ਹੈ।
ਸਾਧੂ ਅੱਗੇ ਵਧਿਆ ਤਾਂ ਤੀਜਾ ਕਾਮਾ ਮਿਲਿਆ। ਸਾਧੂ ਨੇ ਉਸ ਨੂੰ ਪੁੱਛਿਆ—ਇਥੇ ਕੀ ਬਣੇਗਾ? ਕਾਮਾ ਬੋਲਿਆ—ਮੰਦਰ। ਇਸ ਪਿੰਡ ਵਿਚ ਕੋਈ ਵੱਡਾ ਮੰਦਰ ਨਹੀਂ ਸੀ। ਪਿੰਡ ਵਾਸੀਆਂ ਨੂੰ ਦੂਜੇ ਪਿੰਡ ਵਿਚ ਉਤਸਵ ਮਨਾਉਣ ਲਈ ਜਾਣਾ ਪੈਂਦਾ ਸੀ। ਮੈਂ ਵੀ ਇਸੇ ਪਿੰਡ ਦਾ ਹਾਂ। ਇਹ ਸਾਰੇ ਕਾਮੇ ਇਸੇ ਪਿੰਡ ਦੇ ਹਨ। ਮੈਂ ਇਕ-ਇਕ ਛੈਣੀ ਚਲਾ ਕੇ ਜਦੋਂ ਪੱਥਰਾਂ ਨੂੰ ਤਰਾਸ਼ਦਾ ਹਾਂ ਤਾਂ ਛੈਣੀ ਦੀ ਆਵਾਜ਼ ਵਿਚੋਂ ਮੈਨੂੰ ਮਧੁਰ ਸੰਗੀਤ ਸੁਣਾਈ ਦਿੰਦਾ ਹੈ। ਮੈਂ ਪੂਰੇ ਮਜ਼ੇ ਵਿਚ ਹਾਂ। ਕੁਝ ਦਿਨਾਂ ਬਾਅਦ ਇਹ ਮੰਦਰ ਬਣ ਕੇ ਤਿਆਰ ਹੋ ਜਾਵੇਗਾ ਅਤੇ ਇਥੇ ਧੂਮਧਾਮ ਨਾਲ ਪੂਜਾ ਹੋਵੇਗੀ, ਮੇਲਾ ਲੱਗੇਗਾ ਅਤੇ ਕੀਰਤਨ ਹੋਵੇਗਾ। ਮੈਂ ਇਹੀ ਸੋਚ ਕੇ ਮਸਤ ਰਹਿੰਦਾ ਹਾਂ। ਮੇਰੇ ਲਈ ਇਹ ਕੰਮ, ਕੰਮ ਨਹੀਂ ਹੈ। ਮੈਂ ਹਮੇਸ਼ਾ ਇਕ ਮਸਤੀ ਵਿਚ ਰਹਿੰਦਾ ਹਾਂ। ਮੰਦਰ ਬਣਾਉਣ ਦੀ ਮਸਤੀ ਵਿਚ। ਮੈਂ ਰਾਤ ਨੂੰ ਸੌਂਦਾ ਹਾਂ ਤਾਂ ਮੰਦਰ ਦੀ ਕਲਪਨਾ ਨਾਲ ਅਤੇ ਸਵੇਰੇ ਜਾਗਦਾ ਹਾਂ ਤਾਂ ਮੰਦਰ ਦੇ ਖੰਭਿਆਂ ਨੂੰ ਤਰਾਸ਼ਣ ਲਈ ਚੱਲ ਪੈਂਦਾ ਹਾਂ। ਵਿਚੋ-ਵਿਚ ਜਦੋਂ ਜ਼ਿਆਦਾ ਮਸਤੀ ਆਉਂਦੀ ਹੈ ਤਾਂ ਭਜਨ ਗਾਉਣ ਲੱਗਦਾ ਹਾਂ। ਜੀਵਨ ਵਿਚ ਇਸ ਤੋਂ ਜ਼ਿਆਦਾ ਕੰਮ ਕਰਨ ਦਾ ਮਜ਼ਾ ਕਦੇ ਨਹੀਂ ਆਇਆ। ਸਾਧੂ ਬੋਲਿਆ—ਇਹੀ ਜੀਵਨ ਦਾ ਭੇਦ ਹੈ ਮੇਰੇ ਭਰਾ। ਬਸ ਨਜ਼ਰੀਏ ਦਾ ਫਰਕ ਹੈ। ਕੋਈ ਕੰਮ ਨੂੰ ਬੋਝ ਸਮਝ ਰਿਹਾ ਹੈ ਅਤੇ ਪੂਰਾ ਜੀਵਨ ਝੁੰਜਲਾਉਂਦੇ ਤੇ ਹਾਏ-ਹਾਏ ਕਰਦਿਆਂ ਬੀਤ ਜਾਂਦਾ ਹੈ ਪਰ ਕੋਈ ਕੰਮ ਨੂੰ ਮਜ਼ਾ ਸਮਝ ਕੇ ਜੀਵਨ ਦਾ ਮਜ਼ਾ ਲੈ ਰਿਹਾ ਹੈ।