ਨਵੀਂ ਦਿੱਲੀ- ਘਾਟੇ 'ਚ ਚੱਲ ਰਹੀ ਜਨਤਕ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਲਾਗਤ 'ਚ ਕਟੌਤੀ ਦੇ ਕਈ ਉਪਾਵਾਂ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਬਿਨਾ ਪਰਿਚਾਲਨ ਵਾਲੇ ਖੇਤਰਾਂ 'ਚ ਅਹੁਦਿਆਂ ਨੂੰ ਖਤਮ ਕਰਨ ਅਤੇ ਹੋਰਨਾਂ ਖਰਚਿਆਂ 'ਚ 10 ਫੀਸਦੀ ਦੀ ਕਟੌਤੀ ਦੀ ਯੋਜਨਾ ਸ਼ਾਮਲ ਹੈ। ਇਸ ਦੇ ਨਾਲ ਹੀ ਏਅਰ ਇੰਡੀਆ ਨੇ ਘਾਟੇ ਵਾਲੇ ਰੂਟਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਲਾਗਤ 'ਚ ਕਟੌਤੀ ਕੀਤੀ ਜਾ ਸਕੇ।
ਕੰਪਨੀ ਸੂਤਰਾਂ ਨੇ ਦੱਸਿਆ ਕਿ ਯਾਤਰਾ ਅਤੇ ਪ੍ਰੋਗਰਾਮ ਆਯੋਜਨ ਦੇ ਲਈ ਮਹਿੰਗੇ ਅਤੇ ਫਾਈਵ ਸਟਾਰ ਹੋਟਲਾਂ ਦੀਆਂ ਸੇਵਾਵਾਂ ਲੈਣ ਨੂੰ ਸੀਮਿਤ ਕੀਤਾ ਗਿਆ ਹੈ। ਹੁਣ ਬਹੁਤ ਜ਼ਰੂਰੀ ਹੋਣ 'ਤੇ ਹੀ ਇਨ੍ਹਾਂ ਹੋਟਲਾਂ 'ਚ ਪ੍ਰੋਗਰਾਮ ਕਰਾਏ ਜਾਣਗੇ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੀਆਂ ਬਜਟ ਵਿਚ 10 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਸੂਤਰਾਂ ਦੇ ਮੁਤਾਬਕ ਕੰਪਨੀ ਨੇ ਉਨ੍ਹਾਂ ਸਾਰੇ ਖਰਚਿਆਂ ਵਿਚ 10 ਫੀਸਦੀ ਕਟੌਤੀ ਕਰਨ ਦੇ ਉਪਾਅ ਕੀਤੇ ਜਿਨ੍ਹਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੱਕ ਘਾਟੇ 'ਚ ਚਲਣ ਦੇ ਬਾਅਦ ਏਅਰ ਇੰਡੀਆ ਨੇ ਦਸੰਬਰ 'ਚ 14.6 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ। ਇਸ ਦੌਰਾਨ ਕੰਪਨੀ ਦੀ ਕੁਲ ਆਮਦਨ 6.5 ਫੀਸਦੀ ਵੱਧ ਕੇ 2,070 ਕਰੋੜ ਰੁਪਏ ਹੋ ਗਈ। ਇਕ ਸਾਲ ਪਹਿਲੇ ਇਸੇ ਸਮਾਂ ਮਿਆਦ ਵਿਚ ਉਸ ਦੀ ਕੁਲ ਆਮਦਨ 1,944 ਕਰੋੜ ਰੁਪਏ ਰਹੀ ਸੀ। ਏਅਰ ਇੰਡੀਆ ਪਿਛਲੇ 2 ਮਾਲੀ ਸਾਲਾਂ ਵਿਚ ਆਪਣੇ ਪਰਿਚਾਲਨ ਅਤੇ ਸ਼ੁੱਧ ਘਾਟੇ ਨੂੰ ਘੱਟ ਕਰਨ ਵਿਚ ਸਫਲ ਰਹੀ ਹੈ।
ਪਿਛਲੇ ਮਾਲੀ ਸਾਲ ਵਿਚ ਕੰਪਨੀ ਦਾ ਸ਼ੁੱਧ ਘਾਟਾ ਘੱਟ ਹੋ ਕੇ 5,389 ਕਰੋੜ ਰੁਪਏ ਰਹਿ ਗਿਆ ਜਦੋਂਕਿ ਇਸ ਤੋਂ ਪਿਛਲੇ ਸਾਲ ਉਸ ਦਾ ਘਾਟਾ 5,490 ਕਰੋੜ ਰੁਪਏ ਅਤੇ ਉਸ ਤੋਂ ਵੀ ਪਿਛਲੇ ਮਾਲੀ ਸਾਲ ਵਿਚ 7,559.74 ਕਰੋੜ ਰੁਪਏ ਰਿਹਾ ਸੀ। ਏਅਰ ਇੰਡੀਆ ਦੇ ਕੋਲ ਇਸ ਸਮੇਂ ਕੁਲ 22,500 ਕਰਮਚਾਰੀ ਹਨ ਜਦੋਂਕਿ ਇੰਡੀਅਨ ਏਅਰਲਾਈਨਸ ਦੇ ਨਾਲ ਉਸ ਦੇ ਰਲੇਵੇਂ ਦੇ ਸਮੇਂ ਇਹ ਗਿਣਤੀ 33,000 ਤੱਕ ਸੀ।
ਆਨਲਾਈਨ ਬਿਓਰਾ ਪਾਉਂਦਿਆਂ ਹੀ ਜਮ੍ਹਾ ਹੋਵੇਗੀ ਇਨਕਮ ਟੈਕਸ ਰਿਟਰਨ
NEXT STORY