ਆਬੋ-ਹਵਾ ਨੂੰ ਸਮਰਪਿਤ ਜਗ ਬਾਣੀ ਵਿਸ਼ੇਸ਼
ਪਿਆਰੇ ਪਾਠਕੋ! ਅੱਜ ਦੇਸ਼ ਭਰ 'ਚ ਖੇਤੀ ਆਰਥਿਕਤਾ ਤੰਗੀ-ਤੁਰਸ਼ੀ ਅਤੇ ਮਨੁੱਖੀ ਜੀਵਨ ਤੇ ਸਿਹਤ ਪ੍ਰਦੂਸ਼ਣ ਕਾਰਨ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਕਦੀ ਜੀਵਨ ਆਧਾਰ ਅਖਵਾਉਣ ਵਾਲਾ ਪਾਣੀ ਅੱਜ ਪੀਣਯੋਗ ਸਾਫ ਪਾਣੀ ਜਾਂ ਬੋਤਲ ਬੰਦ ਸਾਫ ਪਾਣੀ ਬਣ ਚੁੱਕਾ ਹੈ। ਦੇਸ਼ ਵਿਚ 'ਹਰੀ ਕਰਾਂਤੀ' 'ਚ ਵੱਡਾ ਯੋਗਦਾਨ ਪਾਉਣ ਵਾਲੇ ਸੂਬਾ ਪੰਜਾਬ ਵਿਚ ਤਾਂ ਕੈਂਸਰ ਵਰਗੀਆਂ ਕਈ ਘਾਤਕ ਬਿਮਾਰੀਆਂ ਮੂੰਹ ਅੱਡੀ ਖੜ੍ਹੀਆਂ ਹਨ। ਕਦੀ ਪੰਜ ਦਰਿਆਵਾਂ ਕਾਰਨ ਸੰਸਾਰ ਭਰ 'ਚ ਆਪਣੀ ਖੁਸ਼ਹਾਲੀ ਲਈ ਜਾਣੇ ਜਾਂਦੇ ਪੰਜਾਬ ਦਾ ਜਲ ਅੱਜ ਮੂਕ ਹਤਿਆਰਾ ਬਣ ਚੁੱਕੇ ਜਹਿਰੀਲੇ ਪਾਣੀ ਦੀ ਧਰਤੀ ਬਣ ਕੇ ਰਹਿ ਗਿਆ ਹੈ। ਇਸ ਗੰਭੀਰ ਸਮੱਸਿਆ ਵੱਲ ਧਿਆਨ ਖਿੱਚਣ ਲਈ 'ਜਗਬਾਣੀ' ਵਲੋਂ ਸ਼ੁਰੂ ਕੀਤੀ ਜਾ ਰਹੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਅਸੀਂ ਜ਼ਹਿਰੀਲੇ ਰਸਾਇਣਾ ਤੋਂ ਮੁਕਤ ਖੇਤੀ ਨੂੰ ਸਮਰਪਿਤ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਉਮਿੰਦਰ ਦੱਤ ਨਾਲ ਹੋਈ ਇਕ ਗੱਲਬਾਤ ਨਾਲ ਕਰਨ ਦੀ ਖੁਸ਼ੀ ਲੈ ਰਹੇ ਹਾਂ।ਜਿਨ੍ਹਾਂ ਨੂੰ ਬਾਲੀਵੁੱਡ ਸਟਾਰ ਅਮਿਰ ਖਾਨ ਦੇ ਚਰਚਿਤ ਪ੍ਰੋਗਰਾਮ 'ਸਤਯਮੇਵ ਯਚਤੇ' ਦੀ ਟੀਮ ਵਲੋਂ ਬਕਾਇਦਾ ਸਨਮਾਨਤ ਕਰਦੇ ਹੋਏ ਲੋਕ ਹਿਤੂ ਸਰਗਰਮੀਆਂ ਚਲਾਉਣ ਲਈ ਲੱਖਾਂ ਰੁਪਏ ਦੀ ਵਿੱਤੀ ਮਦਦ ਵੀ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਚੰਡੀਗੜ੍ਹ ਦੇ ਸੈਕਟਰ 26 ਸਥਿਤ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਨਾਈਟਰ) ਵਿਖੇ ਅਖਿਲ ਭਾਰਤੀ ਸਜੀਵ ਖੇਤੀ ਸਮਾਜ, ਵਲੋਂ ਮਿਲ ਕੇ 28 ਫਰਵਰੀ ਤੋਂ 2 ਮਾਰਚ ਤੱਕ ਕਰਵਾਏ ਜਾ ਰਹੇ 5ਵੇਂ ਰਾਸ਼ਟਰੀ ਜੈਵਿਕ ਖੇਤੀ ਸੰਮੇਲਨ ਦੀਆਂ ਤਿਆਰੀਆਂ 'ਚ ਜੁਟੇ ਸ਼੍ਰੀ ਉਮਿੰਦਰ ਦੱਤ ਨਾਲ ਹੋਈ ਵਿਸ਼ੇਸ਼ ਗੱਲਬਾਤ ਦੇ ਹੋਰ ਕੁਝ ਅੰਸ਼ ਹੇਠਾਂ ਦਿੱਤੇ ਜਾ ਰਹੇ ਹਨ:-
ਸਵਾਲ: ਬਜ਼ੁਰਗਾਂ ਕੋਲੋਂ ਸੁਣਦੇ ਆਏ ਹਾਂ, ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ'। ਤੁਸੀਂ ਕੀ ਕਹਿਣਾ ਚਾਹੋਗੇ?
ਜਵਾਬ : ਅਸਲ 'ਚ ਖੇਤੀ ਧੰਦਾ ਨਹੀਂ ਧਰਮ ਹੈ, ਸਰੋਕਾਰ ਤੇ ਫਰਜ਼ਾਂ ਦੀ ਗੱਲ ਹੈ। ਘਾਟੇ ਕਾਰਨ ਧੰਦਾ ਬਦਲਿਆ ਜਾਂਦਾ ਹੈ ਧਰਮ ਨਹੀਂ, ਉਸ ਦ੍ਰਿਸ਼ਟੀਕੋਣ ਤੋਂ ਖੇਤੀ ਉੱਤਮ ਹੈ ਅਤੇ ਉੱਤਮ ਹੀ ਰਹੇਗੀ ਪਰ ਅਜੋਕੇ ਦੌਰ ਵਿਚ ਖੇਤੀ ਦਾ ਰਿਸ਼ਤਾ ਧਰਮ ਨਾਲੋਂ ਬਾਜ਼ਾਰ ਨਾਲ ਵਧੇਰੇ ਹੋ ਗਿਆ ਹੈ, ਖੇਤੀ ਖੁਦਮੁਖਤਿਆਰ ਨਹੀਂ ਗੁਲਾਮ ਹੋ ਗਈ ਹੈ।
ਸਵਾਲ-ਦੇਸ਼ ਦੇ ਵਿਕਾਸ ਪੱਖੋਂ ਪੰਜਾਬ ਦੇ ਖੇਤੀ ਖੇਤਰ ਦਾ ਕੀ ਯੋਗਦਾਨ ਸਮਝਦੇ ਹੋ?
ਜਵਾਬ- ਦੇਸ਼ ਦੇ ਨਵੇਂ ਵਿਕਾਸ ਮਾਡਲ ਦੀ ਗੱਲ ਕਰੀਏ ਤਾਂ ਨਵਾਂ ਵਿਕਾਸ ਮਾਡਲ ਭਾਰਤੀ ਸੱਭਿਆਚਾਰਕ ਬਣਤਰ ਤੋਂ ਬਿਲਕੁਲ ਪਰਾਇਆ ਹੈ। 40-50 ਸਾਲ ਪਹਿਲਾਂ 'ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ' ਦੀ ਅਖਾਣ ਅਨੁਸਾਰ ਭੁੱਖਮਰੀ ਨਾਲ ਲੜਨ ਲਈ ਮਜਬੂਰ ਦੇਸ਼ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਸਮੁੱਚੇ ਦੇਸ਼ ਖਾਸ ਤੌਰ 'ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਅਤੇ ਖੇਤੀ ਖੇਤਰ ਦਾ ਬਹੁਤ ਵੱਡਾ ਯੋਗਦਾਨ ਰਿਹਾ,ਪਰ ਹੁਣ ਸਾਡੇ ਲੋਕਾਂ ਅਤੇ ਸਰਕਾਰਾਂ ਲਈ ਵਿਕਾਸ ਦੇ ਅਰਥ ਹੀ ਕੁਝ ਹੋਰ ਹੋ ਗਏ ਹਨ।
ਸਵਾਲ- ਅੱਜ ਵੀ ਪੰਜਾਬੀਆਂ ਵਲੋਂ ਹਰੀ ਕ੍ਰਾਂਤੀ ਵਿਚ ਪਾਏ ਗਏ ਵੱਡਮੁੱਲੇ ਯੋਗਦਾਨ ਦੀ ਸ਼ਾਲਾਘਾ ਕੀਤੀ ਜਾਂਦੀ ਹੈ। ਤੁਸੀਂ ਕੀ ਸਮਝਦੇ ਹੋ?
ਜਵਾਬ- ਸਪੱਸ਼ਟ ਤੇ ਕੌੜੀ ਗੱਲ ਆਖਣ ਲੱਗਾ ਹਾਂ, ਗੁਰੂ ਨਾਨਕ ਜਿਨ੍ਹਾਂ ਨੇ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਆਖ ਕੇ ਪੌਣ-ਪਾਣੀ ਦੀ ਜੀਵਨ 'ਚ ਅਹਿਮੀਅਤ ਪ੍ਰਤੀ ਜਾਗਰੂਕ ਕੀਤਾ ਸੀ। ਇਸ ਧਰਤੀ ਨਾਲ ਸਭ ਤੋਂ ਕਰੀਬੀ ਰਿਸ਼ਤਾ ਪੰਜਾਬੀ ਕਿਸਾਨਾਂ ਦਾ ਹੈ ਜਿਨ੍ਹਾਂ ਵਿਚੋਂ ਘੱਟੋ-ਘੱਟ 90 ਫੀਸਦੀ ਗੁਰਦੁਆਰਾ ਸਾਹਿਬ ਵੀ ਜਾਂਦੇ ਨੇ ਤੇ ਗੁਰਬਾਣੀ ਤੋਂ ਰਹਿਨੁਮਾਈ ਵੀ ਲੈਣ ਦਾ ਦਾਅਵਾ ਕਰਦੇ ਹਨ। ਪਰ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਕੇ ਜਦੋਂ ਉਹੀ ਕਿਸਾਨ ਆਪਣੇ ਖੇਤਾਂ ਵਿਚ ਜਾਂਦਾ ਹੈ ਤਾਂ ਉਹ ਗੁਰਬਾਣੀ ਦੀਆਂ ਉਪਰੋਕਤ ਸਤਰਾਂ ਤੋਂ ਬਿਲਕੁਲ ਉਲਟ ਵਰਤਾਰਾ ਕਰਦਿਆਂ ਆਪਣੇ ਖੇਤਾਂ ਵਿਚ ਰਸਾਇਣਿਕ ਖਾਦਾਂ, ਕੀੜੇ ਮਾਰ ਦਵਾਈਆਂ ਆਦਿ ਦੀ ਬਿਨਾਂ ਝਿਜਕ ਵਰਤੋਂ ਕਰਦਿਆਂ ਜ਼ਮੀਨ ਵਿਚਲੇ ਜੀਵਨ ਨੂੰ ਨਸ਼ਟ ਕਰਨ ਦੇ ਰਾਹ ਪੈ ਜਾਂਦਾ ਹੈ। ਇਸ ਤਰ੍ਹਾਂ 90 ਫੀਸਦੀ ਕਿਸਾਨ ਧਰਤੀ ਮਾਂ ਦੀ ਕੁੱਖ ਉਜਾੜਨ ਲੱਗੇ ਹੋਏ ਹਨ ਜੋ ਜੀਵਨ ਦਾ ਹੱਕ ਖੋਹਣ ਵਰਗਾ ਅਪਰਾਧ ਹੈ। ਅਜਿਹੇ 'ਚ ਹਰੀ ਕਰਾਂਤੀ ਦੀ ਆੜ ਹੇਠ ਇਹ ਪੰਜਾਬ ਦੀ ਧਰਤੀ ਦੇ ਜੀਵਨ, ਭਵਿੱਖ ਅਤੇ ਸਿਹਤ ਦੀ ਕੀਮਤ 'ਤੇ ਹੱਥੀਂ ਸਹੇੜਿਆ ਸਰਾਪ ਬਣ ਚੁੱਕਾ ਹੈ।
ਸਵਾਲ- ਤੁਸੀਂ ਜਿਵੇਂ ਕਿਹਾ ਹੈ, ਜ਼ਮੀਨ ਵਿਚੋਂ ਜੀਵਨ ਨਸ਼ਟ ਹੋ ਰਿਹੈ, ਉਹ ਕਿਵੇਂ?
ਜਵਾਬ- SO9L (ਮਿੱਟੀ) ਜਿਸ ਨੂੰ ਅਨੰਤ ਜੀਵਨ ਦਾ ਸੋਮਾ ਆਖਿਆ ਜਾਂਦਾ ਹੈ, ਮਨੁੱਖਾਂ ਤੋਂ ਇਲਾਵਾ ਪੰਛੀ, ਪਸ਼ੂ ਤੇ ਕਰੋੜਾਂ ਅਰਬਾਂ ਸੂਖਮ ਜੀਵ ਵੀ ਇਸ ਜੀਵਨ ਸੋਮੇ 'ਚ ਮੌਜੂਦ ਹਨ। ਇਨ੍ਹਾਂ ਸੂਖਮ ਜੀਵਾਂ ਦੀ ਸਮੁੱਚੇ ਜੀਵਨ ਵਿਚ ਬੇਹੱਦ ਅਹਿਮ ਭੂਮਿਕਾ ਹੈ। ਉਹ ਸੂਖਮ ਜੀਵ ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਕਾਰਨ ਖਤਮ ਹੁੰਦੇ ਜਾ ਰਹੇ ਹਨ। ਸਿੱਧਾ ਅਰਥ ਕਿ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਨਾਲ ਮਨੁੱਖਤਾ ਹਿਤੈਸ਼ੀ ਕੀਟਾਂ ਦਾ ਵੀ ਵਿਨਾਸ਼ ਕਰ ਲੈਂਦੇ ਹਾਂ।
ਸਵਾਲ-ਕਦੋਂ ਤੋਂ ਅਤੇ ਕਿੰਨੀ ਕੁ ਗੰਭੀਰ ਹੈ ਸਮੱਸਿਆ?
ਜਵਾਬ- ਵੈਸੇ ਇਸ ਧਰਤੀ 'ਤੇ ਮਨੁੱਖ ਦੀ ਹੋਂਦ ਲਗਭਗ 125 ਕਰੋੜ ਸਾਲ ਤੋਂ ਦੱਸੀ ਜਾ ਰਹੀ ਹੈ ਪਰ ਮਿੱਟੀ ਵਿਚਲਾ ਜੀਵਨ ਪਿਛਲੇ ਲਗਭਗ 150 ਸਾਲਾਂ ਤੋਂ ਤਬਾਹ ਹੋਣਾ ਸ਼ੁਰੂ ਹੋਇਆ ਹੈ । ਪਿਛਲੇ 45-50 ਸਾਲਾਂ (ਹਰੀ ਕ੍ਰਾਂਤੀ ਦੇ ਦੌਰ) ਤੋਂ ਵਧਦਾ-ਵਧਦਾ ਪਿਛਲੇ 25 ਕੁ ਸਾਲਾਂ ਤੋਂ ਇੰਨਾ ਵੱਧ ਗਿਆ ਹੈ ਕਿ ਇਸ ਨੇ ਮਨੁੱਖ ਕੋਲੋਂ ਉਸਦੇ ਜੀਵਨ ਦਾ ਅਧਿਕਾਰ ਵੀ ਖੋਹਣਾ ਸ਼ੁਰੂ ਕਰ ਦਿੱਤਾ ਹੈ। ਰਸਾਇਣਾਂ ਤੋਂ ਪੰਜਾਬ ਦੇ ਜੀਵਨ ਨੂੰ ਖਤਰਾ ਇਸੇ ਗੱਲ ਤੋਂ ਪਰਖਿਆ ਜਾ ਸਕਦਾ ਹੈ ਕਿ ਪੰਜਾਬ ਦੇਸ਼ ਦੇ ਖੇਤਰਫਲ ਵਜੋਂ ਸਿਰਫ 1.5 ਫੀਸਦੀ ਹਿੱਸਾ ਹੈ ਪਰ ਰਸਾਇਣਿਕ ਜ਼ਹਿਰਾਂ ਦਾ 18 ਫੀਸਦੀ ਵੱਡਾ ਹਿੱਸਾ ਇੱਥੇ ਹੀ ਖਪਤ ਹੋ ਰਿਹਾ ਹੈ। ਅੱਜ ਰਸਾਇਣਿਕ ਜ਼ਹਿਰ ਪੰਜਾਬ ਦੀ ਮਿੱਟੀ, ਖੁਰਾਕ, ਖੂਨ, ਮਾਂ ਦੀ ਛਾਤੀ ਅਤੇ ਨਾੜੂ ਤੱਕ ਵੀ ਪੁੱਜ ਚੁੱਕਾ ਹੈ। ਪੰਜਾਬ 'ਚ ਮਨੁੱਖੀ ਪੈਦਾਇਸ਼ ਦੀ ਸਮੱਸਿਆ ਵੀ ਪੈਦਾ ਹੋ ਚੁੱਕੀ ਹੈ। ਇਕ ਤਰ੍ਹਾਂ ਨਾਲ ਪੰਜਾਬ ਦਾ ਭਵਿੱਖ ਲਗਾਤਾਰ ਨਿਘਾਰ ਵੱਲ ਧੱਕਿਆ ਜਾ ਰਿਹਾ ਹੈ।
ਸਵਾਲ- ਇਹ ਤਾਂ ਕਾਫੀ ਚਿੰਤਾ ਦਾ ਵਿਸ਼ਾ ਹੈ, ਇਸ ਹਾਲਤ 'ਚੋਂ ਨਿਕਲਣ ਲਈ ਕੀ ਕਰਨਾ ਚਾਹੀਦਾ ਹੈ?
ਜਵਾਬ- ਇਕੋ ਹੀ ਹੱਲ ਹੈ ਸਾਡਾ ਸਮੁੱਚਾ ਸਮਾਜ ਜਿਸ ਵਿਚ ਖਪਤਕਾਰ, ਉਤਪਾਦਕ ਕਿਸਾਨ, ਸਮਾਜ ਸੇਵੀ ਸੁਸਾਇਟੀਆਂ, ਸਿਆਸੀ ਪਾਰਟੀਆਂ ਅਤੇ ਸਰਕਾਰਾਂ ਮਿਲ ਕੇ ਪੂਰੀ ਸ਼ਿੱਦਤ ਨਾਲ ਇਸ ਗੰਭੀਰਤਾ ਨੂੰ ਸਮÎਝਦੇ ਹੋਏ ਸਮੂਹਿਕ ਯਤਨ ਕਰਨ। ਇਸ ਵਾਸਤੇ ਸਭ ਤੋਂ ਪਹਿਲਾਂ ਇਕ ਬਹੁਤ ਵੱਡੀ ਬਿਜ਼ਨੈੱਸ ਲਾਬੀ ਦੇ ਨਾਪਾਕ ਇਰਾਦਿਆਂ ਸਬੰਧੀ ਜਾਗਰੂਕਤਾ ਪੈਦਾ ਕਰਨਾ ਲਾਜ਼ਮੀ ਹੈ। ਪੀ.ਏ.ਯੂ. ਅਤੇ ਹੋਰ ਖੇਤੀ ਖੇਤਰ ਨਾਲ ਸਬੰਧਤ ਖੋਜ ਸੰਸਥਾਵਾਂ ਵਲੋਂ ਬਿਨਾਂ ਕਿਸੇ ਦਬਾਅ ਦੇ ਆਜ਼ਾਦਾਨਾ ਤੌਰ 'ਤੇ ਖੇਤੀ ਖੋਜ ਦੇ ਕੰਮ ਨੂੰ ਹੋਰ ਉੱਤਮ ਢੰਗ ਨਾਲ ਕਰਨਾ ਯਕੀਨੀ ਬਣਾਉਣ ਦੀ ਲੋੜ ਹੈ।
ਸਵਾਲ-ਪੰਜਾਬ 'ਚ ਪਾਣੀਆਂ ਦੀ ਸਮੱਸਿਆ ਬਾਰੇ ਕੀ ਸੋਚਦੇ ਹੋ?
ਜਵਾਬ- ਪਹਿਲੀ ਗੱਲ ਤਾਂ ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਪਾਣੀ ਦੇ ਸੋਮਿਆਂ ਦੀ ਗਲਤ ਵਰਤੋਂ ਕਰਕੇ ਖਿਲਵਾੜ ਹੋ ਰਿਹਾ ਹੈ। ਦੂਜਾ ਧਰਤੀ ਹੇਠਲੇ ਪਾਣੀ ਨਾਲ ਖਿਲਵਾੜ ਅੱਤ ਹੀ ਹੈ ਕਿ ਸਾਡੇ ਕਿਸਾਨ ਧਰਤੀ ਦੇ 400 ਤੋਂ 800 ਫੁੱਟ ਦੀ ਡੂੰਘਾਈ ਤੋਂ ਪਾਣੀ ਕੱਢ ਕੇ ਉਸ ਨਾਲ ਪੈਦਾ ਹੋਇਆ ਚਾਵਲ ਵਿਦੇਸ਼ਾਂ ਨੂੰ ਭੇਜਦੇ ਹਨ, ਉਹ ਇਕ ਤਰ੍ਹਾਂ ਨਾਲ ਵਪਾਰਕ ਹਿੱਤਾਂ ਅਧੀਨ ਸਾਡੇ ਵਲੋਂ ਧਰਤੀ ਹੇਠਲੇ ਪਾਣੀ ਦੀ ਅਹਿਮੀਅਤ ਪ੍ਰਤੀ ਅਪਣਾਈ ਜਾ ਰਹੀ ਬੇਹੱਦ ਅਣਗਹਿਲੀ ਭਰੀ ਪਹੁੰਚ ਹੈ। ਅੱਜ ਪੰਜਾਬ ਦਾ ਜਾਂ ਤਾਂ ਪਾਣੀ ਮੁੱਕ ਹੀ ਰਿਹਾ ਹੈ ਜਾਂ ਜੋ ਬਚਿਆ ਹੈ ਉਹ ਜ਼ਹਿਰੀਲਾ ਹੋ ਗਿਆ ਹੈ। ਮੈਂ ਤਾਂ ਸਮਝਦਾ ਹਾਂ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਬੇ-ਆਬ ਹੋ ਚੁੱਕੀ ਹੈ ਜੋ ਹੁਣ ਬੇ-ਆਬਾਦ ਹੋਣ ਵੱਲ ਨੂੰ ਵੱਧ ਰਹੀ ਹੈ। ਜੇਕਰ ਪੰਜਾਬੀ ਹੁਣ ਵੀ ਨਾ ਸੰਭਲੇ ਤਾਂ ਬੇ-ਆਬਰੂ ਹੋਣ ਤੋਂ ਕੋਈ ਨਹੀਂ ਬਚਾਅ ਸਕੇਗਾ।
ਸਵਾਲ-ਅਜੋਕਾ ਵਿਕਾਸ ਮਾਡਲ ਭਾਰਤੀ ਸੱਭਿਆਚਾਰਕ ਬਣਤਰ ਤੋਂ ਵਿਹੂਣਾ ਦਸਦੇ ਹੋ,ਤਾਂ ਕਿਸ ਤਰ੍ਹਾਂ ਦਾ ਹੋਵੇ ਵਿਕਾਸ ਮਾਡਲ?
ਜਵਾਬ-ਜਿਵੇਂ ਮੈਂ ਕਿਹਾ ਹੀ ਹੈ ਕਿ ਜ਼ਹਿਰ ਤੋਂ ਮੁਕਤ, ਬਿਜ਼ਨੈੱਸ ਲਾਬੀ ਦੇ ਸੌੜੇ ਹਿੱਤਾਂ ਦੀ ਥਾਂ ਜੀਵਨ ਰੱਖਿਅਕ ਅਤੇ ਸਿਹਤਮੰਦ ਜੀਵਨ ਦਾ ਇਕ ਖੇਤੀ ਦਾ ਮਾਡਲ। ਕੁਦਰਤੀ ਖੇਤੀ, ਜੈਵਿਕ ਖੇਤੀ, ਬਾਇਓਡਾਇਨਮਿਕ ਖੇਤੀ , ਗਊ-ਆਧਾਰਿਤ ਖੇਤੀ, ਜ਼ੀਰੋ -ਬਜਟ ਖੇਤੀ, ਟਿਕਾਊ ਖੇਤੀ, ਸਜੀਵ ਖੇਤੀ, ਅੰਮ੍ਰਿਤ ਖੇਤੀ ਆਦਿ ਦੇ ਨਾਵਾਂ ਨਾਲ ਜਾਣੀ ਜਾਂਦੀ ਖੇਤੀ ਨੂੰ ਹੀ ਅਪਣਾਉਣਾ ਪਵੇਗਾ। ਕਿਸੇ ਵੀ ਕੀਮਤ 'ਤੇ ਰਸਾਇਣਿਕ ਜ਼ਹਿਰਾਂ ਤੋਂ ਛੁਟਕਾਰਾ ਪਾਉਣਾ ਪਵੇਗਾ।
ਸਵਾਲ-ਤੁਹਾਡੀ ਸੰਸਥਾ ਇਸ ਖੇਤਰ 'ਚ ਕਿਹੋ ਜਿਹੇ ਉਪਰਾਲੇ ਕਰ ਰਹੀ ਹੈ?
ਜਵਾਬ-ਸਾਡੀ ਸੰਸਥਾ ਖੇਤੀ ਵਿਰਾਸਤ ਮਿਸ਼ਨ ਪਿਛਲੇ 10 ਸਾਲਾਂ ਤੋਂ ਜੈਵਿਕ ਖੇਤੀ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੰਦੀ ਆ ਰਹੀ ਹੈ। ਅਸੀਂ ਕਿਸਾਨ ਵਰਕਸ਼ਾਪਾਂ ਲਾ ਰਹੇ ਹਾਂ ਪੰਜਾਬ ਦੇ ਹਰ ਖਿੱਤੇ 'ਚ, ਕਈ ਸਫਲ ਮਾਡਲ ਖੜ੍ਹੇ ਕੀਤੇ ਹਨ ਖੇਤੀ ਦੇ ਲਗਭਗ 12 ਹਜ਼ਾਰ ਕਿਸਾਨਾਂ ਨੂੰ ਸਿਖਲਾਈ ਦੇ ਚੁੱਕੇ ਹਾਂ। ਅਸੀਂ ਖਪਤਕਾਰਾਂ ਨੂੰ ਵੀ ਬਿਨਾਂ ਜ਼ਹਿਰਾਂ ਦੇ ਉਗਾਇਆ ਅਨਾਜ, ਫਲ, ਸਬਜ਼ੀਆਂ ਆਦਿ ਹੀ ਵਰਤਣ ਲਈ ਜਾਗਰੂਕ ਕਰ ਰਹੇ ਹਾਂ। ਬਰਨਾਲਾ ਅਤੇ ਫਰੀਦਕੋਟ ਦੇ ਲਗਭਗ 1500 ਘਰਾਂ ਵਿਚ ਔਰਤਾਂ ਆਪਣੇ ਘਰਾਂ ਵਿਚ ਹੀ ਸਬਜ਼ੀਆਂ ਆਦਿ ਕਿਆਰੀਆਂ ਵਿਚ ਹੀ ਉਗਾਉਣ ਲੱਗੀਆਂ ਹਨ।
ਸਵਾਲ: ਇਸ ਕੌਮੀ ਪੱਧਰ ਦੇ ਸੰਮੇਲਨ ਸਬੰਧੀ ਕੁਝ ਦੱਸੋ?
ਜਵਾਬ : ਦੇਸ਼ ਭਰ ਦੇ ਕਿਸਾਨਾਂ ਨਾਲ ਰਾਬਤਾ ਕਰਕੇ ਉਨ੍ਹਾਂ ਵਲੋਂ ਸਿਹਤਮੰਦ ਖੇਤੀ ਦੇ ਅਪਣਾਏ ਗਏ ਢੰਗ ਤਰੀਕਿਆਂ ਨੂੰ ਆਪਸ ਵਿਚ ਸਾਂਝਾ ਕਰਨ ਦੇ ਮੌਕੇ ਵਜੋਂ ਇਸ ਵਾਰ 28 ਫਰਵਰੀ ਤੋਂ 2 ਮਾਰਚ ਤੱਕ ਚੰਡੀਗੜ੍ਹ ਵਿਖੇ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਦੇਸ਼ ਭਰ ਤੋਂ ਆਏ ਕਿਸਾਨਾਂ ਨਾਲ ਸੰਵਾਦ, ਪ੍ਰਦਰਸ਼ਨੀਆਂ, ਵਿਗਿਆਨਿਕ ਸੰਮੇਲਨ, ਜੈਵ ਵਿਭਿੰਨਤਾ ਉਤਸਵ, ਕਿਸਾਨ ਹਾਟ,ਜੈਵਿਕ ਆਹਾਰ ਉਤਸਵ, ਕਿਚਨ ਗਾਰਡਨ ਕਾਰਜਸ਼ਾਲਾ, ਸੱਭਿਆਚਾਰਕ ਅਤੇ ਫਿਲਮ ਸ਼ੋ, ਨੀਤੀਗਤ ਵਿਸ਼ਿਆਂ 'ਤੇ ਵਿਚਾਰ ਚਰਚਾ ਆਦਿ ਰਾਹੀਂ ਬਹੁਮੁੱਲੀ ਜਾਣਕਾਰੀ ਦਾ ਆਦਾਨ ਪ੍ਰਦਾਨ ਹੋਵੇਗਾ।
ਰਿਲਾਇੰਸ ਨੇ 5 ਗੈਸ ਖੋਜ ਖੇਤਰ ਵਾਪਸ ਲੈਣ ਦੇ ਆਦੇਸ਼ ਨੂੰ ਦਿੱਤੀ ਚੁਣੌਤੀ
NEXT STORY