ਆਕਲੈਂਡ (ਜੁਗਰਾਜ ਸਿੰਘ ਮਾਨ) ਡੇਰਾ ਸਿਰਸਾ ਦੇ ਵਿਵਾਦਗ੍ਰਸਤ ਮੁਖੀ ਗੁਰਮੀਤ ਰਾਮ ਰਹੀਮ ਨੂੰ ਭਾਰਤ ਸਰਕਾਰ ਵਲੋਂ ਆਪਣੀ ਨਵੀਂ ਤੇ ਵਿਵਾਦਾਂ ਵਿਚ ਘਿਰੀ ਫ਼ਿਲਮ 'ਮੈਸੇਂਜਰ ਆਫ ਗੌਡ' ਦੀ ਪ੍ਰਮੋਸ਼ਨ ਲਈ ਵਿਦੇਸ਼ ਜਾਣ ਦੀ ਆਗਿਆ ਦੇਣ ਤੋਂ ਬਾਅਦ ਨਿਊਜ਼ੀਲੈਂਡ ਦੀਆਂ ਸਿੱਖ ਸੰਗਤਾਂ ਵਿਚ ਭਾਰੀ ਰੋਸ ਦੀ ਲਹਿਰ ਪੈਦਾ ਹੋ ਗਈ ਹੈ। ਨਿਊਜ਼ੀਲੈਂਡ ਦੇ ਸਿੱਖਾਂ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਡੇਰਾ ਸਿਰਸਾ ਮੁਖੀ ਨੇ ਨਿਊਜ਼ੀਲੈਂਡ ਵਿਚ ਫ਼ਿਲਮ ਦੀ ਪ੍ਰਮੋਸ਼ਨ ਲਈ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਭਾਰੀ ਵਿਰੋਧ ਕੀਤਾ ਜਾਵੇਗਾ।
ਨਿਊਜ਼ੀਲੈਂਡ ਵਿਚ ਸਿੱਖਾਂ ਦੀ ਸਭ ਤੋਂ ਵੱਡੀ ਜਥੇਬੰਦੀ ਸੁਪਰੀਮ ਸਿੱਖ ਸੁਸਾਇਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਡੇਰਾ ਸਿਰਸਾ ਮੁਖੀ ਨੂੰ ਨਿਊਜ਼ੀਲੈਂਡ ਨਹੀਂ ਆਉਣ ਦਿੱਤਾ ਜਾਵੇਗਾ, ਕਿਉਂਕਿ ਸਿੱਖ ਗੁਰੂ ਸਾਹਿਬਾਨ ਦੀ ਬੇਅਦਬੀ ਕਰਨ ਵਾਲੇ ਡੇਰਾ ਮੁਖੀ ਦੇ ਇਥੇ ਆਉਣ 'ਤੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਬੁਰੀ ਤਰ੍ਹਾਂ ਸੱਟ ਵੱਜੇਗੀ। ਉਨ੍ਹਾਂ ਭਾਰਤ ਸਰਕਾਰ ਵਲੋਂ ਡੇਰਾ ਮੁਖੀ ਦੇ ਵਿਦੇਸ਼ ਜਾਣ ਦੀ ਆਗਿਆ ਦੇਣ ਦੇ ਫ਼ੈਸਲੇ ਨੂੰ ਕਾਨੂੰਨ ਦਾ ਦੋਹਰਾ ਪੈਮਾਨਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਸਾਧਵੀਆਂ ਨਾਲ ਬਲਾਤਕਾਰ, ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਅਤੇ ਆਪਣੇ ਸੈਂਕੜੇ ਸ਼ਰਧਾਲੂਆਂ ਨੂੰ ਨਿਪੁੰਸਕ ਬਣਾਉਣ ਵਰਗੇ ਸੰਗੀਨ ਅਪਰਾਧਾਂ ਵਿਚ ਡੇਰਾ ਸਿਰਸਾ ਮੁਖੀ ਖਿਲਾਫ਼ ਸੀ.ਬੀ.ਆਈ. ਅਦਾਲਤਾਂ ਵਿਚ ਕੇਸ ਚੱਲ ਰਹੇ ਹਨ, ਜਿਸ ਕਰਕੇ ਉਸ ਨੂੰ ਭਾਰਤੀ ਕਾਨੂੰਨ ਅਨੁਸਾਰ ਵਿਦੇਸ਼ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਸੁਪਰੀਮ ਸਿੱਖ ਸੁਸਾਇਟੀ ਨੇ ਨਿਊਜ਼ੀਲੈਂਡ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਆਸਟਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਸੈਂਸਰ ਬੋਰਡ ਨੇ ਵੀ ਡੇਰਾ ਮੁਖੀ ਦੀ ਵਿਵਾਦਗ੍ਰਸਤ ਫ਼ਿਲਮ 'ਮੈਸੇਂਜਰ ਆਫ ਗੌਡ' ਉਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ, ਇਸੇ ਤਰ੍ਹਾਂ ਨਿਊਜ਼ੀਲੈਂਡ ਸਰਕਾਰ ਡੇਰਾ ਮੁਖੀ ਦੇ ਇਥੇ ਆਉਣ 'ਤੇ ਵੀ ਪਾਬੰਦੀ ਲਗਾਵੇ, ਕਿਉਂਕਿ ਉਸ ਦੇ ਨਿਊਜ਼ੀਲੈਂਡ ਆਉਣ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਭੜਕ ਸਕਦੀਆਂ ਹਨ, ਜਿਸ ਨਾਲ ਅਮਨ-ਕਾਨੂੰਨ ਦੀ ਸਥਿਤੀ ਕਾਬੂ ਤੋਂ ਬਾਹਰ ਹੋਣ ਦਾ ਵੀ ਡਰ ਹੈ।
ਸੋਸ਼ਲ ਮੀਡੀਆ 'ਤੇ ਛਾਇਆ ਇਨਸਾਨ ਦੇ ਬੱਚੇ ਵਰਗਾ ਸੂਰ (ਦੇਖੋ ਤਸਵੀਰਾਂ)
NEXT STORY