ਭੋਗਪੁਰ(ਪਾਬਲਾ)-ਇਥੋਂ ਥੋੜ੍ਹੀ ਦੂਰ ਭੋਗਪੁਰ ਬਲਾਕ ਦੇ ਪਿੰਡ ਜਲੋਵਾਲ ਵਿਚ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਕਾਰਨ ਇਕ ਕਿਸਾਨ ਦਾ 1 ਏਕੜ ਕਮਾਦ ਸੜ ਕੇ ਸੁਆਹ ਹੋ ਗਿਆ। ਇਸ ਸੰਬੰਧੀ ਕਿਸਾਨ ਮਨਜਿੰਦਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਜਲੋਵਾਲ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਪਿੰਡ ਦੇ ਹੀ ਰਵਨੀਤਪਾਲ ਸਿੰਘ ਪੁੱਤਰ ਜਸਵਿੰਦਰ ਸਿੰਘ ਦੀ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰ ਰਿਹਾ ਹੈ।
ਇਨ੍ਹਾਂ ਖੇਤਾਂ 'ਚ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਪਹਿਲਾਂ ਵੀ ਦੋ ਵਾਰ ਕਣਕ ਅਤੇ ਇਕ ਵਾਰ ਕਮਾਦ ਦੀ ਫਸਲ ਸੜ ਚੁੱਕੀ ਹੈ। ਇਸ ਸੰਬੰਧੀ ਅਕਤੂਬਰ-2014 ਵਿਚ ਪਿੰਡ ਵਾਸੀਆਂ ਵਲੋਂ ਪੰਜਾਬ ਰਾਜ ਪਾਵਰਕਾਮ ਦੇ ਭੋਗਪੁਰ ਦਫਤਰ ਵਿਚ ਸ਼ਿਕਾਇਤ ਵੀ ਦਿੱਤੀ ਗਈ ਸੀ, ਜਿਸ ਵਿਚ ਖੇਤਾਂ ਵਿਚੋਂ ਲੰਘਦੀਆਂ ਤਾਰਾਂ, ਜੋ ਬੇਹੱਦ ਨੀਵੀਆਂ ਹਨ, ਨੂੰ ਉੱਚਾ ਚੁੱਕਣ ਲਈ ਬੇਨਤੀ ਕੀਤੀ ਗਈ ਸੀ ਪਰ ਸੰਬੰਧਤ ਜੇ. ਈ. ਗੁਰਦੇਵ ਸਿੰਘ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਬਿਜਲੀ ਦੀਆਂ ਇਨ੍ਹਾਂ ਨੀਵੀਆਂ ਤਾਰਾਂ ਕਾਰਨ ਸ਼ਨੀਵਾਰ ਬਾਅਦ ਦੁਪਹਿਰ ਕਮਾਦ ਨੂੰ ਅੱਗ ਲੱਗ ਗਈ। ਇਸ ਅੱਗ ਕਾਰਨ 1 ਏਕੜ ਕਮਾਦ ਦੀ ਫਸਲ ਸੜ ਕੇ ਸੁਆਹ ਹੋ ਗਈ। ਕਿਸਾਨ ਮਨਜਿੰਦਰਜੀਤ ਸਿੰਘ ਨੇ ਮੰਗ ਕੀਤੀ ਕਿ ਉਸ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਪਾਵਰਕਾਮ ਵਲੋਂ ਦਿੱਤਾ ਜਾਵੇ। ਇਸ ਮੌਕੇ ਸਰਪੰਚ ਬਲਦੇਵ ਰਾਜ ਅਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ। ਇਸ ਸੰਬੰਧੀ ਜਦੋਂ ਪਾਵਰਕਾਮ ਦੇ ਜੇ. ਈ. ਗੁਰਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ।
ਫਗਵਾੜਾ ਵਿਚ 4.30 ਵਜੇ ਤਕ 65 ਫੀਸਦੀ ਵੋਟਿੰਗ
NEXT STORY