ਨੱਥੂਵਾਲਾ ਗਰਬੀ, (ਰਾਜਵੀਰ)- ਪਿਛਲੇ 2 ਦਿਨਾਂ ਤੋਂ ਪੰਜਾਬ ਵਿਚ ਰੁਕ-ਰੁਕ ਕੇ ਹੋ ਰਹੀ ਭਾਰੀ ਬਾਰਿਸ਼ ਅਤੇ ਤੇਜ਼ ਹਵਾ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕੁੱਝ ਥਾਵਾਂ 'ਤੇ ਤਾਂ ਬਾਰਿਸ਼ ਦੇ ਨਾਲ-ਨਾਲ ਗੜੇਮਾਰੀ ਨੇ ਵੀ ਫਸਲਾਂ ਦਾ ਨੁਕਸਾਨ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਕਣਕਾਂ ਪੂਰੀ ਤਰ੍ਹਾਂ ਨਾਲ ਧਰਤੀ 'ਤੇ ਵਿੱਛ ਗਈਆਂ ਹਨ। ਸਰ੍ਹੋਂ ਦੀ ਫਸਲ ਦਾ ਫੱਲ ਝੱੜ ਚੁੱਕਾ ਹੈ, ਆਲੂਆਂ ਦੀ ਫਸਲ ਵਿਚ ਪਾਣੀ ਭਰ ਗਿਆ ਹੈ, ਜਿਸ ਨਾਲ ਆਲੂਆਂ ਦੇ ਗਲਣ ਦਾ ਖਤਰਾ ਬਣ ਗਿਆ ਹੈ। ਇਸ ਹੋਏ ਨੁਕਸਾਨ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ ਅਤੇ ਉਹ ਰੱਬ ਨੂੰ ਵੀ ਕੋਸ ਰਹੇ ਹਨ। ਪਿੰਡ ਭਲੂਰ ਦੀ ਇਕ ਸੱਥ ਵਿਚ ਬੈਠੇ ਹੋਏ ਕਿਸਾਨਾਂ ਨੇ ਨਿਰਾਸ਼ਤਾ ਭਰੇ ਲਹਿਜੇ ਵਿਚ ਗੱਲ ਕਰਦੇ ਹੋਏ ਕਿਹਾ ਕਿ ਇਕ ਤਾਂ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਦੀਆਂ ਦੁੱਸ਼ਮਣ ਬਣੀਆਂ ਹੋਈਆਂ ਹਨ ਅਤੇ ਦੂਸਰਾ ਹੁਣ ਰੱਬ ਵੀ ਵੈਰੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਉਲਟ ਤਾਂ ਧਰਨੇ ਵੀ ਲਗਾ ਕੇ ਆਪਣੀ ਗੱਲ ਉਨ੍ਹਾਂ ਤਕ ਪਹੁੰਚਾ ਸਕਦੇ ਹਾਂ ਪਰ ਰੱਬ ਵਲੋਂ ਪੈ ਰਹੀ ਮਾਰ ਨੂੰ ਰੋਕਣ ਵਾਸਤੇ ਕਿਸ ਕੋਲ ਫਰਿਆਦ ਕਰੀਏ? ਕਿਉਂਕਿ ਹੁਣ ਤਾਂ ਰੱਬ ਵੀ ਕਿਸੇ ਦੀ ਗੱਲ ਨਹੀਂ ਸੁਣਦਾ। 40-50 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ 'ਤੇ ਜ਼ਮੀਨ ਲੈ ਕੇ ਕਿਸਾਨ ਕਰਦੇ ਹਨ ਖੇਤੀ-ਪਿੰਡਾਂ ਵਿਚ ਬਹੁਤ ਸਾਰੇ ਕਿਸਾਨ ਅਹਿਜੇ ਹਨ, ਜੋ ਦੂਸਰੇ ਕਿਸਾਨਾਂ ਤੋਂ ਭਾਰੀ ਕੀਮਤ 'ਤੇ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ। ਪਿੰਡਾਂ 'ਚ 40 ਤੋਂ 50 ਹਜ਼ਾਰ ਤਕ ਪ੍ਰਤੀ ਏਕੜ ਜ਼ਮੀਨ ਦਾ ਠੇਕਾ ਆਮ ਗੱਲ ਹੈ ਅਤੇ ਕਈ ਪਿੰਡਾਂ 'ਚ ਤਾਂ ਇਸ ਤੋਂ ਵੀ ਵਧ ਰੇਟ ਚੱਲਦਾ ਹੈ। ਅਹਿਜੇ ਵਿਚ ਜਿਨ੍ਹਾਂ ਕਿਸਾਨਾਂ ਨੇ ਜ਼ਮੀਨਾਂ ਠੇਕੇ 'ਤੇ ਲੈ ਕੇ ਖੇਤੀ ਕੀਤੀ ਸੀ ਸਭ ਤੋਂ ਵਧ ਮਾਰ ਉਨ੍ਹਾਂ ਨੂੰ ਹੀ ਪਈ ਹੈ ਕਿਉਂਕਿ ਇਕ ਤਾਂ ਫਸਲ ਦਾ ਭਾਰੀ ਨੁਕਸਾਨ ਹੋ ਗਿਆ, ਦੂਸਰਾ ਹਾੜ੍ਹੀ ਤੇ ਠੇਕੇ ਦੀ ਕਿਸ਼ਤ ਵੀ ਦੇਣੀ ਹੁੰਦੀ ਹੈ। ਕੇਂਦਰ ਸਰਕਾਰ ਨੂੰ ਵੀ ਕੋਸਦੇ ਰਹੇ ਬਹੁਤ ਸਾਰੇ ਕਿਸਾਨ-ਇਸ ਮੌਕੇ ਸਾਡੇ ਪ੍ਰਤੀਨਿਧੀ ਵਲੋਂ ਇਲਾਕੇ ਦੇ ਬਹੁਤ ਸਾਰੇ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਬਹੁਤੇ ਕਿਸਾਨ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਵੀ ਕੋਸਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮੋਦੀ ਸਰਕਾਰ ਨੂੰ ਇਸ ਆਸ ਨਾਲ ਵੋਟਾਂ ਪਾਈਆਂ ਸਨ ਕਿ ਅੱਛੇ ਦਿਨ ਜ਼ਰੂਰ ਆਉਣਗੇ ਪਰ ਅੱਛੇ ਦਿਨਾਂ ਦੀ ਬਜਾਏ ਕਿਸਾਨਾਂ ਦੇ ਬੁਰੇ ਦਿਨ ਜ਼ਰੂਰ ਆ ਗਏ ਹਨ। ਇਕ ਤਾਂ ਭੂ ਪ੍ਰਾਪਤੀ ਬਿੱਲ, ਦੂਸਰਾ ਕੇਂਦਰ ਸਰਕਾਰ ਵਲੋਂ ਟੈਕਸ ਵਧਾਉਣੇ, ਡੀਜ਼ਲ, ਪੈਟਰੋਲ ਦੇ ਰੇਟ ਵਧਾਉਣੇ ਅਤੇ ਹੁਣ ਕੁਦਰਤੀ ਮਾਰ ਪੈਣੀ। ਇਹ ਸਭ ਕੁੱਝ ਕਿਸਾਨਾਂ ਦੀ ਪਹਿਲਾਂ ਤੋਂ ਹੋਈ ਬੁਰੀ ਹਾਲਤ ਨੂੰ ਹੋਰ ਬੁਰੀ ਕਰੇਗਾ। ਕਿਸਾਨਾਂ ਕੀਤੀ ਮੁਆਵਜ਼ੇ ਦੀ ਮੰਗ- ਇਸ ਮੌਕੇ ਇਕੱਤਰ ਕਿਸਾਨ ਆਗੂ ਗੁਰਦੀਪ ਸਿੰਘ, ਲਾਇਕ ਸਿੰਘ, ਦਰਸ਼ਨ ਸਿੰਘ, ਰੂਪ ਸਿੰਘ, ਭੋਲਾ ਸਿੰਘ, ਸੁਰਜੀਤ ਸਿੰਘ, ਅਜੈਬ ਸਿੰਘ, ਅਮਰਜੀਤ ਸਿੰਘ ਆਦਿ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਸ਼ਬਦਾਂ ਵਿਚ ਮੰਗ ਕੀਤੀ ਕਿ ਫਸਲਾਂ ਦੇ ਹੋਏ ਨੁਕਸਾਨ ਦਾ ਸਪੈਸ਼ਲ ਸਰਵੇ ਕਰਵਾਇਆ ਜਾਵੇ ਅਤੇ ਪ੍ਰਤੀ ਏਕੜ 20 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਤੋਂ ਬਹੁਤ ਸਾਰਾ ਟੈਕਸ ਇਕੱਠਾ ਕਰਦੀ ਹੈ ਪਰ ਜਦੋਂ ਕਿਤੇ ਕਿਸਾਨਾਂ ਨੂੰ ਕੁਦਰਤੀ ਮਾਰ ਪੈਂਦੀ ਹੈ ਤਾਂ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਸਿਰਫ ਬਿਆਨ ਜਾਂ ਦੌਰਿਆਂ ਤਕ ਹੀ ਗੱਲ ਸੀਮਤ ਰਹਿੰਦੀ ਹੈ। ਉਨ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਜ਼ਮੀਨੀ ਹਕੀਕਤ ਨੂੰ ਸਮਝਣ ਅਤੇ ਆਰਥਿਕ ਪੱਖ ਤੋਂ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੇ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਨ ਅਤੇ ਉਨ੍ਹਾਂ ਦੀ ਦਿਲ ਖੋਲ੍ਹ ਕੇ ਆਰਥਿਕ ਮਦਦ ਕਰਨ।
ਸੁਖਪਾਲ ਖਹਿਰਾ ਨੂੰ ਪਾਰਟੀ 'ਚ ਸ਼ਾਮਿਲ ਕਰਨ ਨੂੰ ਲੈ ਕੇ ਬੋਲੇ ਭਗਵੰਤ ਮਾਨ
NEXT STORY