ਇਕ ਵਾਰ ਇਟਲੀ ਦੇ ਸੰਤ ਫ੍ਰਾਂਸਿਸ ਕੋਲ ਇਕ ਨੌਜਵਾਨ ਸਤਿਸੰਗ ਸੁਣਨ ਲਈ ਆਇਆ। ਸੰਤ ਨੇ ਉਸ ਦਾ ਹਾਲ-ਚਾਲ ਪੁੱਛਿਆ ਤਾਂ ਉਸ ਨੇ ਖੁਦ ਨੂੰ ਬਹੁਤ ਦੁਖੀ ਦੱਸਿਆ।
ਉਹ ਬੋਲਿਆ,''ਮੈਨੂੰ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ 'ਤੇ ਬੜਾ ਮਾਣ ਹੈ। ਮੈਂ ਉਨ੍ਹਾਂ ਦੇ ਵਤੀਰੇ ਤੋਂ ਸੰਤੁਸ਼ਟ ਹਾਂ।
ਇਸ 'ਤੇ ਸੰਤ ਬੋਲੇ,''ਦੁਨੀਆ ਵਿਚ ਆਪਣਾ ਕੋਈ ਨਹੀਂ ਹੁੰਦਾ। ਉਨ੍ਹਾਂ ਪ੍ਰਤੀ ਮੋਹ ਜਾਂ ਖਿੱਚ ਰੱਖਣੀ ਠੀਕ ਨਹੀਂ।''
ਨੌਜਵਾਨ ਨੂੰ ਸੰਤ ਦੀ ਗੱਲ ਸਹੀ ਨਹੀਂ ਲੱਗੀ। ਉਹ ਬੋਲਿਆ,''ਤੁਹਾਨੂੰ ਯਕੀਨ ਨਹੀਂ ਕਿ ਮੇਰੇ ਪਰਿਵਾਰ ਦੇ ਲੋਕ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ। ਜੇ ਮੈਂ ਇਕ ਦਿਨ ਘਰ ਨਾ ਜਾਵਾਂ ਤਾਂ ਉਨ੍ਹਾਂ ਦੀ ਭੁੱਖ-ਪਿਆਸ ਤੇ ਨੀਂਦ ਉੱਡ ਜਾਂਦੀ ਹੈ ਅਤੇ ਪਤਨੀ ਤਾਂ ਮੇਰੇ ਬਿਨਾਂ ਜ਼ਿੰਦਾ ਹੀ ਨਹੀਂ ਰਹਿ ਸਕਦੀ।''
ਸੰਤ ਬੋਲੇ,''ਤੈਨੂੰ ਪ੍ਰਾਣਾਯਾਮ ਤਾਂ ਆਉਂਦਾ ਹੀ ਹੈ। ਕੱਲ ਸਵੇਰੇ ਉੱਠਣ ਦੀ ਬਜਾਏ ਸਾਹ ਮਸਤਕ ਵਿਚ ਖਿੱਚ ਕੇ ਲੇਟਿਆ ਰਹੀਂ। ਮੈਂ ਆ ਕੇ ਸਭ ਕੁਝ ਦੇਖ ਲਵਾਂਗਾ।''
ਦੂਜੇ ਦਿਨ ਨੌਜਵਾਨ ਨੇ ਅਜਿਹਾ ਹੀ ਕੀਤਾ। ਨੌਜਵਾਨ ਨੂੰ ਮਰਿਆ ਸਮਝ ਕੇ ਉਸ ਦੇ ਘਰ ਦੇ ਸਾਰੇ ਮੈਂਬਰ ਵਿਰਲਾਪ ਕਰਨ ਲੱਗੇ।
ਉਸੇ ਵੇਲੇ ਸੰਤ ਫ੍ਰਾਂਸਿਸ ਉਥੇ ਪਹੁੰਚੇ ਅਤੇ ਬੋਲੇ,''ਤੁਸੀਂ ਫਿਕਰ ਨਾ ਕਰੋ, ਮੈਂ ਮੰਤਰਾਂ ਨਾਲ ਇਸ ਨੂੰ ਜ਼ਿੰਦਾ ਕਰ ਦਿੰਦਾ ਹਾਂ ਪਰ ਇਕ ਕੌਲੀ ਪਾਣੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਪੀਣਾ ਪਵੇਗਾ ਜਿਸ ਨਾਲ ਇਹ ਤਾਂ ਜ਼ਿੰਦਾ ਹੋ ਜਾਵੇਗਾ ਪਰ ਪਾਣੀ ਪੀਣ ਵਾਲਾ ਮਰ ਜਾਵੇਗਾ।''
ਇਹ ਸੁਣ ਕੇ ਘਰ ਦੇ ਸਾਰੇ ਮੈਂਬਰ ਇਕ-ਦੂਜੇ ਦਾ ਮੂੰਹ ਦੇਖਣ ਲੱਗੇ। ਕੋਈ ਵੀ ਪਾਣੀ ਪੀਣ ਲਈ ਤਿਆਰ ਨਾ ਹੋਇਆ। ਨੌਜਵਾਨ ਇਸ ਪੂਰੇ ਘਟਨਾਚੱਕਰ ਨੂੰ ਚੁੱਪਚਾਪ ਸੁਣ ਰਿਹਾ ਸੀ। ਉਹ ਉੱਠ ਬੈਠਾ। ਇਹ ਦੇਖ ਕੇ ਪਰਿਵਾਰ ਦੇ ਸਾਰੇ ਮੈਂਬਰ ਹੈਰਾਨ ਰਹਿ ਗਏ।
ਸੰਖੇਪ ਵਿਚ, ਇਸ ਨਸ਼ਵਰ ਸੰਸਾਰ ਵਿਚ ਕੋਈ ਕਿਸੇ ਦਾ ਨਹੀਂ ਹੁੰਦਾ। ਤੁਹਾਡੇ ਕਰਮ ਹੀ ਤੁਹਾਨੂੰ ਮਹਾਨ ਬਣਾਉਂਦੇ ਹਨ, ਜੋ ਤੁਹਾਡੇ ਨਾਲ ਹਮੇਸ਼ਾ ਰਹਿੰਦੇ ਹਨ। ਇਸ ਲਈ ਚੰਗੇ ਕਰਮ ਕਰਦਿਆਂ ਆਪਣੇ ਇਸੇ ਜਨਮ ਨੂੰ ਸਫਲ ਬਣਾਓ।
ਫੇਰਿ ਦੀਆ ਦੇਹੁਰਾ ਨਾਮੇ ਕਉ....
NEXT STORY