ਮੋਟਾਪੇ ਅਤੇ ਸ਼ੂਗਰ ਨੂੰ ਕਾਬੂ ਕਰਨ ’ਚ ਕਾਰਗਰ ਮੰਨੀਆਂ ਜਾ ਰਹੀਆਂ ਨਵੀਆਂ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਹਰ ਕਿਸੇ ’ਤੇ ਇਕ ਬਰਾਬਰ ਅਸਰ ਕਿਉਂ ਨਹੀਂ ਦਿਖਾ ਰਹੀਆਂ? ਦਰਅਸਲ, ਕੁਝ ਖਪਤਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਵਾਈਆਂ ਦਾ ਉਨ੍ਹਾਂ ’ਤੇ ਬਹੁਤ ਘੱਟ ਜਾਂ ਨਾਂਹ ਦੇ ਬਰਾਬਰ ਅਸਰ ਹੁੰਦਾ ਹੈ, ਜਦੋਂ ਕਿ ਦੂਜੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਜ਼ਨ ਕਾਫ਼ੀ ਘੱਟ ਹੋਇਆ ਹੈ। ‘ਨੇਚਰ’ ਮੈਗਜ਼ੀਨ ’ਚ ਪ੍ਰਕਾਸ਼ਿਤ ਇਕ ਨਵੇਂ ਅਧਿਐਨ ’ਚ ਕਿਹਾ ਗਿਆ ਹੈ ਕਿ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਦੀ ਪ੍ਰਭਾਵਸ਼ੀਲਤਾ ਹੁਣ ਜੀਨ ’ਤੇ ਨਿਰਭਰ ਹੋ ਸਕਦੀ ਹੈ। ਕੁਝ ਲੋਕ ਗੰਭੀਰ ਗੈਸਟ੍ਰਿਕ ਸਮੱਸਿਆਵਾਂ ਅਤੇ ਉਲਟੀ ਵਰਗੇ ਮਾੜੇ ਪ੍ਰਭਾਵਾਂ ਕਰ ਕੇ ਇਨ੍ਹਾਂ ਦਾ ਸੇਵਨ ਬੰਦ ਕਰ ਸਕਦੇ ਹਨ।
ਅਮਰੀਕੀ ਖੋਜਕਰਤਾਵਾਂ ਨੇ ਭੁੱਖ ਅਤੇ ਪਾਚਨ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਵਾਲੇ ਕੁਦਰਤੀ ਹਾਰਮੋਨਾਂ ਦੀ ਨਕਲ ਕਰਨ ਵਾਲੀਆਂ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਦਾ ਸੇਵਨ ਕਰਨ ਵਾਲੇ ਲਗਭਗ 28,000 ਲੋਕਾਂ ਦੇ ਡੀ. ਐੱਨ. ਏ. ਦਾ ਸਕੈਨ ਕੀਤਾ। ਉਦਾਹਰਣ ਲਈ, ਸੇਮਾ-ਗਲੂਟਾਈਡ (ਓਜ਼ੈਂਪਿਕ, ਵੇਗੋਵੀ ਵਰਗੇ ਬ੍ਰਾਂਡ ਨਾਵਾਂ ਨਾਲ ਵੇਚਿਆ ਜਾਂਦਾ ਹੈ) ਗਲੂਕਾਗਾਨ-ਲਾਈਕ ਪੇਪਟਾਈਡ-1 (ਜੀ. ਐੱਲ. ਪੀ.-1) ਨਾਂ ਦੇ ਹਾਰਮੋਨ ਦੀ ਨਕਲ ਕਰਦਾ ਹੈ, ਜਦੋਂ ਕਿ ਤਿਰਜ਼ੇਪਾਟਾਈਡ (ਮੌਂਜਾਰੋ) ਜੀ. ਐੱਲ. ਪੀ.-1 ਅਤੇ ਗਲੂਕੋਜ਼-ਨਿਰਭਰ ਇਨਸੁਲਿਨੋਟ੍ਰੋਪਿਕ ਪੌਲੀਪੇਪਟਾਈਡ (ਜੀ. ਆਈ. ਪੀ.) ਦੋਵਾਂ ਹਾਰਮੋਨਾਂ ਦੀ ਨਕਲ ਕਰਦਾ ਹੈ। ਇਕ ਅਧਿਐਨ ’ਚ, ਸੇਮਾ-ਗਲੂਟਾਈਡ ਲੈਣ ਵਾਲੇ ਭਾਗੀਦਾਰਾਂ ਨੇ ਔਸਤਨ ਆਪਣੇ ਸਰੀਰ ਦੇ ਵਜ਼ਨ ਦਾ 10 ਫੀਸਦੀ ਘੱਟ ਕੀਤਾ, ਪਰ ਕੁਝ ਨੇ 25 ਫੀਸਦੀ ਤੋਂ ਵੱਧ ਘੱਟ ਕੀਤਾ ਅਤੇ ਹੋਰਾਂ ਨੇ ਲਗਭਗ ਨਿਗੂਣਾ ਵਜ਼ਨ ਘੱਟ ਕੀਤਾ।
ਜੀਨ ਲਿੰਕ : ਗੈਰ-ਲਾਭਕਾਰੀ ਸੰਸਥਾ ‘23ਐਂਡਮੀ ਰਿਸਰਚ ਇੰਸਟੀਚਿਊਟ’ ਦੇ ਖੋਜਕਰਤਾਵਾਂ ਨੇ ਪਾਇਆ ਕਿ ਜਿਨ੍ਹਾਂ ਲੋਕਾਂ ’ਚ ਜੀ. ਐੱਲ. ਪੀ.-1 ਰਿਸੈਪਟਰ ਨਾਲ ਦਵਾਈ ਨੂੰ ਜੋੜਨ ’ਚ ਮਦਦ ਕਰਨ ਵਾਲੇ ਜੀਨ ’ਚ ਇਕ ਵਿਸ਼ੇਸ਼ ਕਿਸਮ ਦੀ ਕਾਪੀ ਮੌਜੂਦ ਸੀ, ਉਨ੍ਹਾਂ ਨੇ ਔਸਤਨ 8 ਮਹੀਨਿਆਂ ਦੇ ਇਲਾਜ ਦੌਰਾਨ ਉਨ੍ਹਾਂ ਲੋਕਾਂ ਦੇ ਮੁਕਾਬਲੇ 0.76 ਕਿਲੋਗ੍ਰਾਮ ਵੱਧ ਵਜ਼ਨ ਘੱਟ ਕੀਤਾ, ਜਿਨ੍ਹਾਂ ’ਚ ਇਸ ਕਿਸਮ ਦੀ ਕੋਈ ਕਾਪੀ ਮੌਜੂਦ ਨਹੀਂ ਸੀ। ਇਸ ਕਿਸਮ ਦੀਆਂ 2 ਕਾਪੀਆਂ ਰੱਖਣ ਵਾਲੇ ਲੋਕਾਂ ਨੇ ਲਗਭਗ 50 ਕਿਲੋਗ੍ਰਾਮ ਵੱਧ ਵਜ਼ਨ ਘੱਟ ਕੀਤਾ।
ਜੀ. ਐੱਲ. ਪੀ.-1 ਦਵਾਈਆਂ ਦਾ ਸੇਵਨ ਕਰਨ ਵਾਲੇ ਭਾਰਤੀਆਂ ਲਈ ਇਸਦਾ ਕੀ ਅਰਥ ਹੈ? ਨਵੀਂ ਦਿੱਲੀ ਸਥਿਤ ਫੋਰਟਿਸ ਸੀ. ਡੀ. ਓ. ਸੀ. ਹਸਪਤਾਲ ਫਾਰ ਡਾਇਬਿਟੀਜ਼ ਐਂਡ ਐਲਾਈਡ ਸਾਇੰਸਿਜ਼ ਦੇ ਚੇਅਰਮੈਨ ਡਾ. ਅਨੂਪ ਮਿਸ਼ਰਾ ਕਹਿੰਦੇ ਹਨ, ‘‘ਭਾਰਤੀ ਸੰਦਰਭ ’ਚ, ਉਭਰਦੇ ਹੋਏ ਸਬੂਤ ਦੱਸਦੇ ਹਨ ਕਿ ਵਜ਼ਨ ਘਟਾਉਣ ’ਚ ਭਿੰਨਤਾ ਅੰਸ਼ਿਕ ਤੌਰ ’ਤੇ ਜੈਨੇਟਿਕ ਰੂਪ ’ਚ ਨਿਰਧਾਰਿਤ ਹੁੰਦੀ ਹੈ।’’
ਉਹ ਅੱਗੇ ਕਹਿੰਦੇ ਹਨ, ‘‘ਐੱਫ. ਟੀ. ਓ. ਅਤੇ ਵੀ. ਡੀ. ਆਰ. ਵਰਗੇ ਜੀਨ ਖੁਰਾਕ ਸੰਬੰਧੀ ਦਖਲਅੰਦਾਜ਼ੀ ਪ੍ਰਤੀ ਪ੍ਰਤੀਕਿਰਿਆ ਨੂੰ ਮਹੱਤਵਪੂਰਨ ਤੌਰ ’ਤੇ ਪ੍ਰਭਾਵਿਤ ਕਰਦੇ ਹਨ। ਇਹ ਵੀ ਦੇਖਿਆ ਗਿਆ ਕਿ ਕੁਝ ਜੀਨ (ਜਿਵੇਂ ਕਿ ਨਿਊਰੋਬੀਚਿਨ ਜੀਨ, ਜਿਸ ਦੀ ਰਿਪੋਰਟ 2025 ’ਚ ਪ੍ਰਕਾਸ਼ਿਤ ਹੋਈ ਸੀ) ਜੀ. ਐੱਲ. ਪੀ.-1 ਆਧਾਰਿਤ ਇਲਾਜ ਪ੍ਰਾਪਤ ਕਰਨ ਵਾਲਿਆਂ ’ਚ ਵਜ਼ਨ ਘੱਟ ਕਰਨ ਦੀ ਪ੍ਰਕਿਰਿਆ ਨੂੰ ਕੰਟਰੋਲ ਕਰ ਸਕਦੇ ਹਨ। ਮੌਜੂਦਾ ਅਧਿਐਨ ਵਧੇਰੇ ਠੋਸ ਅੰਕੜਿਆਂ ਨਾਲ ਇਸ ਸਬੂਤ ਨੂੰ ਹੋਰ ਮਜ਼ਬੂਤ ਕਰਦਾ ਹੈ।’’ ਉਹ ਇਨ੍ਹਾਂ ਸਿੱਟਿਆਂ ਨੂੰ ਪ੍ਰਾਸੰਗਿਕ ਮੰਨਦੇ ਹਨ।
ਭਾਰਤੀਆਂ ’ਚ ਵੀ ਅਲੱਗ-ਅਲੱਗ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ : ਚੇਨਈ ਸਥਿਤ ਡਾ. ਮੋਹਨ ਡਾਇਬਿਟੀਜ਼ ਸਪੈਸ਼ਲਿਟੀ ਸੈਂਟਰ ਦੇ ਪ੍ਰਧਾਨ ਡਾ. ਵੀ. ਮੋਹਨ, ਲਿਰਾਗਲੂਟਾਈਡ ਵਰਗੀਆਂ ਜੀ. ਐੱਲ. ਪੀ. ਆਈ. ਐੱਸ. ਦੇ ਪੁਰਾਣੇ ਸੰਸਕਰਣਾਂ ਦਾ ਸੇਵਨ ਕਰ ਰਹੇ ਆਪਣੇ ਮਰੀਜ਼ਾਂ ’ਚ ਵੱਖ-ਵੱਖ ਪ੍ਰਤੀਕਿਰਿਆਵਾਂ ਦੇਖ ਰਹੇ ਹਨ। ਉਹ ਕਹਿੰਦੇ ਹਨ, ‘‘ਮੈਂ ਭਾਰਤੀਆਂ ’ਚ 4 ਕਿਸਮ ਦੀਆਂ ਪ੍ਰਤੀਕਿਰਿਆਵਾਂ ਦੇਖੀਆਂ ਹਨ। ਸਭ ਤੋਂ ਵਧੀਆ ਪ੍ਰਤੀਕਿਰਿਆ ਉਦੋਂ ਦੇਖੀ ਗਈ, ਜਦੋਂ ਐੱਚ. ਬੀ. ਏ. ਐੱਲ. ਸੀ. (ਤਿੰਨ ਮਹੀਨੇ ਦਾ ਅੌਸਤ ਬਲੱਡ ਸ਼ੂਗਰ ਪੱਧਰ) ਅਤੇ ਵਜ਼ਨ ਦੋਵੇਂ ਘੱਟ ਹੋਏ। ਇਕ ਸਮੂਹ ਨੇ ਬਿਹਤਰ ਵਜ਼ਨ ਘਟਾਉਣ ਦੀ ਰਿਪੋਰਟ ਦਿੱਤੀ, ਦੂਜੇ ਨੇ ਸਿਰਫ ਐੱਚ. ਬੀ. ਏ. ਐੱਲ. ਸੀ. ’ਚ ਗਿਰਾਵਟ ਦਰਜ ਕੀਤੀ ਅਤੇ ਇਕ ਜ਼ਿੱਦੀ ਚੌਥੇ ਸਮੂਹ ’ਚ, ਨਾ ਤਾਂ ਵਜ਼ਨ ਅਤੇ ਨਾ ਹੀ ਐੱਚ. ਬੀ. ਏ. ਐੱਲ. ਸੀ. ਘੱਟ ਹੋਇਆ। ਮੈਂ ਉਨ੍ਹਾਂ ਨੂੰ ਇਨ੍ਹਾਂ ਦਵਾਈਆਂ ਦੇ ਸਮੂਹਾਂ ਲਈ ਸੁਪਰ, ਅੰਸ਼ਿਕ ਅਤੇ ਗੈਰ-ਪ੍ਰਤੀਕਿਰਿਆਕਰਤਾ ਨਾਂ ਦਿੱਤਾ। ਖੁਸ਼ਕਿਸਮਤੀ ਨਾਲ ਅੰਤਿਮ ਸਮੂਹ ’ਚ ਲੋਕਾਂ ਦੀ ਗਿਣਤੀ ਘੱਟ ਹੈ।’’ ਡਾ. ਮੋਹਨ ਜੀਨ ਕਨੈਕਸ਼ਨ ’ਤੇ ਕੰਮ ਕਰ ਰਹੇ ਹਨ।
ਹਾਲਾਂਕਿ ਇਹ ਖੋਜ ਜੀਨ ਕਨੈਕਸ਼ਨ ਨੂੰ ਦਰਸਾਉਣ ਵਾਲੀ ਪਹਿਲੀ ਖੋਜ ਹੈ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਹੋਰ ਖੋਜਾਂ ਤੋਂ ਇਹ ਪਤਾ ਲੱਗ ਸਕਦਾ ਹੈ ਕਿ ਦਵਾਈਆਂ ਦੀ ਪ੍ਰਭਾਵਸ਼ੀਲਤਾ ਨਸਲ, ਲਿੰਗ, ਉਮਰ ਅਤੇ ਟਾਈਪ 2 ਸ਼ੂਗਰ ਦੇ ਉਪ-ਸਮੂਹਾਂ ਵਿਚਾਲੇ ਕਿਵੇਂ ਭਿੰਨ ਹੁੰਦੀ ਹੈ। ਡਾ. ਮੋਹਨ ਦੱਸਦੇ ਹਨ, ‘‘ਉਦਾਹਰਣ ਲਈ, ਇਨਸੁਲਿਨ ਪ੍ਰਤੀਰੋਧੀ ਮੋਟਾਪੇ ਤੋਂ ਪੀੜਤ ਸ਼ੂਗਰ ਵਾਲੇ ਲੋਕ, ਜਿਨ੍ਹਾਂ ਦੀ ਵਿਸ਼ੇਸ਼ਤਾ ਉੱਚ ਬੌਡੀ ਮਾਸ ਇੰਡੈਕਸ, ਉੱਚ ਕਮਰ ਦਾ ਘੇਰਾ ਅਤੇ ਉੱਚ ਇਨਸੁਲਿਨ ਪ੍ਰਤੀਰੋਧ ਦਾ ਸੁਮੇਲ ਹੈ, ਵਜ਼ਨ ਘਟਾਉਣ ਵਾਲੀਆਂ ਦਵਾਈਆਂ ਪ੍ਰਤੀ ਚੰਗੀ ਪ੍ਰਤੀਕਿਰਿਆ ਦੇ ਸਕਦੇ ਹਨ। ਇਸ ਸਮੂਹ ਦੇ ਮਰੀਜ਼ ਇਨਸੁਲਿਨ ਪੈਦਾ ਤਾਂ ਕਰਦੇ ਹਨ ਪਰ ਮੋਟਾਪੇ ਨਾਲ ਸਬੰਧਤ ਪ੍ਰਤੀਰੋਧ ਕਾਰਨ ਉਨ੍ਹਾਂ ਦਾ ਸਰੀਰ ਇਸਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਨਹੀਂ ਕਰ ਪਾਉਂਦਾ। ਹਾਲਾਂਕਿ, ਇਨਸੁਲਿਨ ਦੀ ਕਮੀ ਵਾਲੇ ਸ਼ੂਗਰ ਦੇ ਮਰੀਜ਼ ਓਨੀ ਚੰਗੀ ਪ੍ਰਤੀਕਿਰਿਆ ਨਹੀਂ ਦੇ ਸਕਦੇ।’’
—ਰਿੰਕੂ ਘੋਸ਼
ਆਈ.ਈ. ਤੋਂ ਧੰਨਵਾਦ ਸਾਹਿਤ)
‘ਜਾਦੂ-ਟੂਣੇ ਦੇ ਚੱਕਰ ’ਚ’ ਲੋਕ ਕਰ ਰਹੇ ਭਾਰੀ ਅਪਰਾਧ!
NEXT STORY