ਮੀਂਹ ਨੇ ਕਰਾਈ ਧੰਨ-ਧੰਨ
ਭਵਾਨੀਗੜ੍ਹ, (ਯਾਦਵਿੰਦਰ)- ਬੀਤੇ ਕੱਲ ਤੋਂ ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਨਾਲ ਜਨਜੀਵਨ ਅਸਥ-ਵਿਅਸਥ ਹੋ ਗਿਆ ਹੈ। ਮੀਂਹ ਨੇ ਸ਼ਹਿਰ ਵਾਸੀਆਂ ਦੀਆਂ ਔਕੜਾਂ ਵਿਚ ਵਾਧਾ ਕਰ ਦਿੱਤਾ ਹੈ ਕਿਉਂਕਿ ਸ਼ਹਿਰ ਦੇ ਹਰ ਬਾਜ਼ਾਰ ਤੇ ਗਲੀ ਵਿਚ ਮੀਂਹ ਦਾ ਪਾਣੀ ਕਈ-ਕਈ ਫੁੱਟ ਜਮ੍ਹਾ ਹੋ ਗਿਆ ਹੈ। ਸਵੇਰੇ ਕੀਤੇ ਗਏ ਸ਼ਹਿਰ ਦੇ ਦੌਰੇ ਦੌਰਾਨ ਵੇਖਿਆ ਕਿ ਮੁੱਖ ਬਾਜ਼ਾਰ, ਗੁਰੂ ਨਾਨਕ ਮੁਹੱਲਾ, ਮਹਾਵੀਰ ਕਾਲੋਨੀ, ਚਾਰ ਖੰਭਾ ਮਾਰਕੀਟ, ਗਊਸ਼ਾਲਾ ਚੌਕ, ਭਗਤ ਸਿੰਘ ਚੌਕ, ਮਿਊਂਸੀਪਲ ਕਮੇਟੀ, ਸਬਜ਼ੀ ਮੰਡੀ, ਸੁਪਰ ਬਾਈਪਸ ਰੋਡ, ਮਾਹੀਆ ਪੱਤੀ ਰੋਡ, ਤਹਿਸੀਲ ਕੰਪਲੈਕਸ, ਹਸਪਤਾਲ ਰੋਡ, ਨਵਾਂ ਬੱਸ ਅੱਡਾ, ਅਨਾਜ ਮੰਡੀ ਤੇ ਟੈਕਸੀ ਸਟੈਂਡ ਆਦਿ ਥਾਵਾਂ 'ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਮਜਬੂਰੀਵਸ ਨੌਕਰੀ ਪੇਸ਼ਾ ਤੇ ਸਕੂਲੀ ਬੱਚਿਆਂ ਨੂੰ ਮੀਂਹ ਦੇ ਪਾਣੀ ਵਿਚੋਂ ਲੰਘ ਕੇ ਹੀ ਜਾਣਾ ਪੈ ਰਿਹਾ ਸੀ। ਸ਼ਹਿਰ ਵਿਚ ਅਜਿਹਾ ਕੋਈ ਰਾਹ ਨਹੀਂ ਸੀ, ਜਿੱਥੇ ਮੀਂਹ ਦਾ ਪਾਣੀ ਨਾ ਖੜ੍ਹਾ ਹੋਵੇ। ਜਾਗਦੇ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਕਨਵੀਨਰ ਪ੍ਰਸ਼ੋਤਮ ਸਿੰਘ ਫੱਗੂਵਾਲਾ, ਮੰਗਲ ਸਿੰਘ ਢਿੱਲੋਂ, ਤੇਜਵੀਰ ਮਾਨ, ਟਵਿੰਕਲ ਗੋਇਲ, ਵਰਿੰਦਰ ਪੰਨਵਾਂ, ਡਾ. ਸੋਮ ਪ੍ਰਕਾਸ਼ ਸ਼ਰਮਾ, ਮਾਲਵਿੰਦਰ ਸਿੰਘ ਮੁਲਾਜ਼ਮ ਆਗੂ, ਸਮਰਿੰਦਰ ਗਰਗ ਬੰਟੀ ਪ੍ਰਧਾਨ ਪ੍ਰਾਚੀਨ ਸ਼ਿਵ ਮੰਦਿਰ ਤੇ ਰਣਜੀਤ ਸਿੰਘ ਤੂਰ ਆਦਿ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਪਹਿਲਾਂ ਹੀ ਪਾਣੀ ਦੀ ਨਿਕਾਸੀ ਦੇ ਠੋਸ ਪ੍ਰਬੰਧ ਕਰਦਾ ਤਾਂ ਅੱਜ ਸ਼ਹਿਰ ਵਿਚ ਐਨਾ ਪਾਣੀ ਨਾ ਖੜ੍ਹਦਾ। ਕੁਝ ਆਗੂਆਂ ਨੇ ਟਿੱਚਰ ਕਰਦਿਆਂ ਕਿਹਾ ਕਿ ਜੇਕਰ ਨਗਰ ਕੌਂਸਲ ਨਿਕਾਸੀ ਦੇ ਪ੍ਰਬੰਧ ਕਰਨ ਵਿਚ ਅਸਫਲ ਰਹੀ ਹੈ ਤਾਂ ਘੱਟੋ-ਘੱਟ ਸ਼ਹਿਰ ਵਾਸੀਆਂ ਲਈ ਕਿਸ਼ਤੀਆਂ ਦਾ ਪ੍ਰਬੰਧ ਕਰ ਦਿੰਦੀ।
ਫਸਲਾਂ ਵੀ ਨੁਕਸਾਨੀਆਂ- ਮੀਂਹ ਦੇ ਨਾਲ-ਨਾਲ ਆਈਆਂ ਤੇਜ਼ ਹਵਾਵਾਂ ਨੇ ਕਣਕ ਦੀਆਂ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ। ਪਿੰਡ ਕਾਕੜਾ, ਸਕਰੌਦੀ, ਫਤਿਹਗੜ੍ਹ ਛੰਨਾ, ਭੱਟੀਵਾਲ ਕਲਾਂ, ਬਲਿਆਲ, ਫੱਗੂਵਾਲਾ, ਘਰਾਚੋਂ ਤੇ ਝਨੇੜੀ ਆਦਿ ਦਰਜਨਾਂ ਪਿੰਡਾਂ ਵਿਚ ਕਈ ਥਾਵਾਂ 'ਤੇ ਕਣਕ ਦੀਆਂ ਫਸਲਾਂ ਧਰਤੀ 'ਤੇ ਵਿਛ ਗਈਆਂ ਹਨ। ਖੇਤੀਬਾੜੀ ਅਧਿਕਾਰੀਆਂ ਨੇ ਸੰਪਰਕ ਕਰਨ 'ਤੇ ਕਿਹਾ ਕਿ ਦੋ ਦਿਨ ਪਏ ਮੀਂਹ ਕਾਰਨ ਫਸਲਾਂ ਨੂੰ ਥੋੜ੍ਹਾ ਬਹੁਤਾ ਨੁਕਸਾਨ ਜ਼ਰੂਰ ਪਹੁੰਚਿਆ ਹੈ ਪਰ ਮੀਂਹ ਨਾਲ ਕਣਕਾਂ ਨੂੰ ਲੱਗ ਰਹੀਆਂ ਬੀਮਾਰੀਆਂ ਤੋਂ ਨਿਜਾਤ ਵੀ ਮਿਲੀ ਹੈ। ਕਣਕਾਂ ਵਿਛਣ ਨਾਲ ਨੁਕਸਾਨ ਜ਼ਰੂਰ ਹੋਇਆ ਹੈ।
ਅਜੇ ਹੋਰ ਪਵੇਗਾ ਮੀਂਹ : ਮੌਸਮ ਵਿਭਾਗ
ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੀਂਹ ਬੇਮੌਸਮਾ ਹੈ ਅਤੇ ਪੱਛਮੀ ਮਾਨਸੂਨ ਦੀ ਗੜਬੜੀ ਦੇ ਚੱਲਦਿਆਂ ਪੈ ਰਿਹਾ ਹੈ। ਦੋ ਦਿਨ ਮੀਂਹ ਹੋਰ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਖੇਡੇ ਮੇਲੇ ਵੀ ਆਏ ਮੀਂਹ ਦੀ ਲਪੇਟ 'ਚ ਬਲਾਕ ਵਿਚ ਹੋਣ ਵਾਲੇ ਖੇਡ ਮੇਲੇ ਵੀ ਮੀਂਹ ਦੀ ਲਪੇਟ ਵਿਚ ਆ ਗਏ। ਪਿੰਡ ਕਪਿਆਲ, ਭੱਟੀਵਾਲ, ਨਦਾਮਪੁਰ ਵਿਖੇ ਹੋਣ ਵਾਲੇ ਖੇਡ ਅਤੇ ਸੱਭਿਆਚਾਰਕ ਮੇਲਿਆਂ ਨੂੰ ਮੌਸਮ ਦੀ ਖਰਾਬੀ ਕਾਰਨ ਰੱਦ ਕਰ ਦਿੱਤਾ ਗਿਆ। ਖੇਡ ਪ੍ਰਬੰਧਕਾਂ ਨੇ ਦੱਸਿਆ ਕਿ ਹੁਣ ਇਨ੍ਹਾਂ ਖੇਡਾਂ ਲਈ ਹੋਰ ਤਰੀਕਾਂ ਤੈਅ ਕੀਤੀਆਂ ਜਾਣਗੀਆਂ। ਸਿਰਦਰਦੀ ਬਣਿਆ ਅੰਡਰਬ੍ਰਿਜ ਹੇਠੋਂ ਲੰਘਣਾ : ਸੁਨਾਮ, (ਵਿਕਾਸ)- ਸ਼ਹਿਰ ਦੇ ਅੰਡਰਬ੍ਰਿਜ 'ਚ ਜਮ੍ਹਾ ਹੋਣ ਵਾਲੇ ਪਾਣੀ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਨੂੰ ਦਰਪੇਸ਼ ਪ੍ਰੇਸ਼ਾਨੀਆਂ ਨੂੰ ਖਤਮ ਕਰਨ ਲਈ ਸ਼ਹਿਰ ਵਾਸੀਆਂ ਦੀ ਮੰਗ 'ਤੇ ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਬਣਿਆ ਇਹ ਅੰਡਰਬ੍ਰਿਜ ਆਪਣੇ ਨਿਰਮਾਣ ਤੋਂ ਬਾਅਦ ਤੋਂ ਹੀ ਲੋਕਾਂ ਲਈ ਸਿਰਦਰਦੀ ਸਾਬਤ ਹੋ ਰਿਹਾ ਹੈ। ਅੰਡਰਬ੍ਰਿਜ 'ਚੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਬ੍ਰਿਜ 'ਚ ਹੀ ਜਮ੍ਹਾ ਹੋ ਜਾਂਦਾ ਹੈ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਬਿਨਾਂ ਮੀਂਹ ਪਏ ਹੀ ਅੰਡਰਬ੍ਰਿਜ 'ਚ ਪਾਣੀ ਜਮ੍ਹਾ ਹੋ ਜਾਂਦਾ ਹੈ, ਜਿਸ ਕਾਰਨ ਇਸ ਅੰਡਰਬ੍ਰਿਜ ਦੇ ਨਿਰਮਾਣ 'ਚ ਹੋਈਆਂ ਸੰਭਾਵਿਤ ਗ਼ਲਤੀਆਂ ਬਾਰੇ ਵੀ ਸ਼ੱਕ ਜ਼ਾਹਿਰ ਕੀਤਾ ਜਾਂਦਾ ਰਿਹਾ ਹੈ।
ਮੀਂਹ ਨੇ ਵਿਛਾਈਆਂ ਕਣਕਾਂ : ਸੁਨਾਮ, (ਬਾਂਸਲ)-ਜ਼ਿਲੇ ਵਿਚ ਹੋਏ ਮੀਂਹ ਕਾਰਨ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਦਿਖਾਈ ਦੇ ਰਿਹਾ ਹੈ। ਸ਼ਹਿਰ ਵਿਚ ਮੀਂਹ ਕਾਰਨ ਫਸਲਾਂ ਡਿੱਗ ਚੁੱਕੀਆਂ ਹਨ। ਖਾਸ ਤੌਰ 'ਤੇ ਕਣਕ, ਆਲੂ, ਸਰ੍ਹੋਂ ਆਦਿ ਦੀਆਂ ਫ਼ਸਲਾਂ ਖਰਾਬ ਹੁੰਦੀਆਂ ਦਿਖਾਈ ਦਿੱਤੀਆਂ, ਜਿਸ ਨੂੰ ਲੈ ਕੇ ਕਿਸਾਨਾਂ ਵਿਚ ਕਾਫ਼ੀ ਚਿੰਤਾ ਬਣੀ ਹੋਈ ਹੈ। ਇਸ ਸੰਬੰਧ ਵਿਚ ਜ਼ਿਲਾ ਖੇਤੀਬਾੜੀ ਅਫ਼ਸਰ ਰਾਜਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਜ਼ਿਲੇ ਵਿਚ 21.85 ਸੈਮੀ. ਬਾਰਿਸ਼ ਹੋਈ ਹੈ। ਜ਼ਿਆਦਾਤਰ ਸਬਜ਼ੀਆਂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ।
ਤਪਾ ਮੰਡੀ (ਮੇਸ਼ੀ)-ਇਲਾਕੇ 'ਚ ਹੋਈ ਹਲਕੀ ਬਾਰਿਸ਼ ਅਤੇ ਤੇਜ਼ ਹਵਾ ਕਾਰਨ ਇਸ ਖੇਤਰ 'ਚ ਵੀ ਕਣਕਾਂ ਧਰਤੀ 'ਤੇ ਵਿਛ ਗਈਆਂ ਹਨ। ਨੇੜਲੇ ਪਿੰਡਾਂ ਵਿਚ ਕਿਸਾਨਾਂ ਅਨੁਸਾਰ ਕਣਕ ਦੇ ਝਾੜ 'ਤੇ ਅਸਰ ਜ਼ਰੂਰ ਪਵੇਗਾ। ਜਦੋਂ ਸਬੰਧਤ ਖੇਤੀਬਾੜੀ ਅਫਸਰ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਣਕਾਂ ਨੂੰ ਪਾਣੀ ਲਗਾਇਆ ਹੋਇਆ ਸੀ, ਉਹੀ 10 ਫੀਸਦੀ ਧਰਤੀ 'ਤੇ ਵਿਛੀਆਂ ਹਨ, ਜੋ ਮੁੜ ਖੜ੍ਹੀਆਂ ਹੋ ਜਾਣਗੀਆਂ। ਇਹ ਮੀਂਹ ਕਣਕਾਂ ਲਈ ਫਾਇਦੇਮੰਦ ਹੈ ਅਤੇ ਕਣਕ ਦੇ ਝਾੜ 'ਤੇ ਕੋਈ ਅਸਰ ਨਹੀਂ ਪਵੇਗਾ।
ਚਿੱਕੜ ਨਾਲ ਘਿਰਿਆ ਬੱਸ ਸਟੈਂਡ : ਸ਼ੇਰਪੁਰ, (ਅਨੀਸ਼)- ਇਕ ਪਾਸੇ ਸੂਬਾ ਸਰਕਾਰ ਕਸਬਿਆਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਅਤੇ ਦੂਜੇ ਪਾਸੇ ਇਨ੍ਹਾਂ ਦਾਅਵਿਆਂ ਦੀ ਫੂਕ ਸ਼ਹੀਦ ਗੁਰਪ੍ਰੀਤ ਸਿੰਘ ਰਾਜੂ ਦੀ ਯਾਦ ਵਿਚ ਬਣੇ ਬੱਸ ਸਟੈਂਡ ਤੋਂ ਨਿਕਲਦੀ ਨਜ਼ਰ ਆਉਂਦੀ ਹੈ ਕਿਉਂਕਿ ਇਸ ਬੱਸ ਸਟੈਂਡ ਨੇ ਨਰਕ ਦਾ ਰੂਪ ਧਾਰਨ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ ਕਸਬੇ 'ਚ ਪਏ ਮੀਂਹ ਕਾਰਨ ਇਸ ਬੱਸ ਸਟੈਂਡ 'ਤੇ ਚਿੱਕੜ ਹੀ ਚਿੱਕੜ ਹੋ ਗਿਆ ਹੈ, ਜਿਸ ਕਰਕੇ ਸਵਾਰੀਆਂ ਨੂੰ ਚਿੱਕੜ ਵਿਚੋਂ ਲੰਘ ਕੇ ਬੱਸ ਸਟੈਂਡ 'ਤੇ ਜਾਣਾ ਪੈ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਇਸ ਚਿੱਕੜ ਵਿਚ ਫ਼ਸ ਕੇ ਡਿੱਗ ਵੀ ਜਾਂਦੇ ਹਨ। ਭਾਵੇਂ ਇਸ ਬੱਸ ਸਟੈਂਡ ਨੂੰ ਪੱਕਾ ਕਰਨ ਲਈ ਫਰਸ਼ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਪਰ ਇਹ ਫਰਸ਼ ਬੱਸ ਸਟੈਂਡ ਦੇ ਪਿਛਲੇ ਪਾਸੇ ਲਗਾਇਆ ਜਾ ਰਿਹਾ ਹੈ ਜਦੋਂਕਿ ਬੱਸਾਂ ਅੱਗੇ ਪਾਸੇ ਖੜ੍ਹਦੀਆਂ ਹਨ। ਯੂਥ ਆਗੂ ਧਰਮਿੰਦਰ ਸਿੰਗਲਾ, ਕੇਸੋ ਸਰੂਪ, ਨਿਰਭੈ ਸਿੰਘ, ਠੇਕੇਦਾਰ ਜੈ ਹਿੰਦ ਨੇ ਕਿਹਾ ਕਿ ਜਦੋਂ ਬੱਸਾਂ ਬੱਸ ਸਟੈਂਡ ਦੇ ਅੱਗੇ ਖੜ੍ਹਦੀਆਂ ਹਨ ਤਾਂ ਪਿਛਲੇ ਪਾਸੇ ਫ਼ਰਸ਼ ਲਗਾਉਣ ਦਾ ਕੋਈ ਫਾਇਦਾ ਹੈ? ਇਸ ਤੋਂ ਇਲਾਵਾ ਬੱਸ ਸਟੈਂਡ ਦੇ ਅੱਗੇ ਸ਼ੇਰਪੁਰ ਬਰਨਾਲਾ ਮੇਨ ਸੜਕ ਦਾ ਤਾਂ ਉਸ ਤੋਂ ਵੀ ਜ਼ਿਆਦਾ ਬੁਰਾ ਹਾਲ ਹੈ। ਕਸਬੇ ਦੇ ਲੋਕਾਂ ਨੇ ਗ੍ਰਾਮ ਪੰਚਾਇਤ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਸ ਸਟੈਂਡ ਅਤੇ ਮੇਨ ਸੜਕ ਦੀ ਹਾਲਤ ਵਿਚ ਤੁਰੰਤ ਸੁਧਾਰ ਕੀਤਾ ਜਾਵੇ ਨਹੀਂ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
2 ਕਿਲੋ 600 ਗ੍ਰਾਮ ਅਫੀਮ ਸਣੇ ਕਾਬੂ
NEXT STORY