ਜਲੰਧਰ (ਪਾਹਵਾ) - ਇਕ ਪਾਸੇ ਤਾਂ ਪੰਜਾਬ ਸਰਕਾਰ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਅਤੇ ਸੂਬੇ ਵਿਚ ਅਫਸਰਸ਼ਾਹੀ ਨੂੰ ਦਬਾ ਕੇ ਰੱਖਣ ਦੇ ਦਾਅਵੇ ਕਰਦੀ ਹੈ ਪਰ ਸੂਬੇ ਦੀ ਆਬਕਾਰੀ ਵਿਭਾਗ ਦੀਆਂ ਨੀਤੀਆਂ ਤਹਿਤ ਚੱਲ ਰਹੇ ਕੰਮਕਾਜ ਵਿਚ ਸੂਬੇ ਵਿਚ ਚੱਲ ਰਿਹਾ ਗੋਲਮਾਲ ਬੇਨਕਾਬ ਹੋ ਰਿਹਾ ਹੈ। ਸੂਬੇ ਵਿਚ ਦੂਜੇ ਰਾਜਾਂ ਦੇ ਮੁਕਾਬਲੇ ਵੈਸੇ ਤਾਂ ਮਹਿੰਗੀ ਸ਼ਰਾਬ ਵੇਚੀ ਜਾ ਰਹੀ ਹੈ ਪਰ ਇਸ ਮਾਮਲੇ ਵਿਚ ਕੁਝ ਡਿਸਟਿਲਰੀਆਂ ਨੂੰ ਵੀ ਫਾਇਦਾ ਦਿੱਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਇਕ ਹੀ ਡਿਸਟਿਲਰੀ ਜੋ ਸ਼ਰਾਬ ਦਾ ਨਿਰਮਾਣ ਕਰਕੇ ਹਰਿਆਣਾ, ਹਿਮਾਚਲ, ਚੰਡੀਗੜ੍ਹ ਆਦਿ ਨੂੰ ਸ਼ਰਾਬ ਦੀ ਸਪਲਾਈ ਕਰਦੀ ਹੈ, ਉਸ ਦੀਆਂ ਦਰਾਂ 'ਚ ਕਾਫੀ ਫਰਕ ਸਾਹਮਣੇ ਆਇਆ ਹੈ। ਪੰਜਾਬ ਨੂੰ ਜੋ ਸ਼ਰਾਬ ਵੇਚੀ ਜਾ ਰਹੀ ਹੈ, ਉਹ ਮਹਿੰਗੀ ਹੈ ਜਦ ਕਿ ਹਰਿਆਣਾ ਅਤੇ ਚੰਡੀਗੜ੍ਹ ਨੂੰ ਸਸਤੀ ਦਰ 'ਤੇ ਮੁਹੱਈਆ ਕਰਵਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਫਿਕਸ ਕੋਟੇ ਤਹਿਤ ਪੰਜਾਬ ਵਿਚ 50 ਡਿਗਰੀ ਦੇ ਪਾਈਏ ਦੀ ਐਕਸ ਡਿਸਟਿਲਰੀ ਕੀਮਤ (ਪ੍ਰਤੀ ਪੇਟੀ) 275.04 ਰੁਪਏ ਹੈ ਜਦ ਕਿ ਉਸੇ ਡਿਸਟਿਲਰੀ ਦੀ ਚੰਡੀਗੜ੍ਹ ਵਿਚ ਕੀਮਤ 244.67 ਰੁਪਏ ਅਤੇ ਹਰਿਆਣਾ ਵਿਚ 241 ਰੁਪਏ ਹੈ। ਇਸੇ ਤਰ੍ਹਾਂ ਅਧੀਏ ਦੀ ਕੀਮਤ ਪੰਜਾਬ ਵਿਚ 309.43 ਰੁਪਏ ਅਤੇ ਚੰਡੀਗੜ੍ਹ ਵਿਚ 265.11 ਅਤੇ ਹਰਿਆਣਾ ਵਿਚ 262 ਰੁਪਏ ਹੈ। ਬੋਤਲ ਦੀ ਐਕਸ ਡਿਸਟਿਲਰੀ ਕੀਮਤ ਪੰਜਾਬ ਵਿਚ 365.11 ਰੁਪਏ, ਚੰਡੀਗੜ੍ਹ ਵਿਚ 293.56 ਅਤੇ ਹਰਿਆਣਾ ਵਿਚ 300 ਰੁਪਏ ਹੈ। ਇਸ ਪ੍ਰਬੰਧ ਤਹਿਤ ਸ਼ਰਾਬ ਦੀ ਕੀਮਤ ਵਿਚ 30 ਤੋਂ 60 ਰੁਪਏ ਦਾ ਫਰਕ ਹੈ।
ਕੀਮਤਾਂ ਵਿਚ ਇਸ ਫਰਕ ਸਬੰਧੀ ਸੂਬੇ ਦਾ ਆਬਕਾਰੀ ਵਿਭਾਗ ਸ਼ੱਕ ਦੇ ਘੇਰੇ ਵਿਚ ਆ ਗਿਆ ਹੈ। ਜਦੋਂ ਕਿਸੇ ਖਾਸ ਡਿਸਟਿਲਰੀ ਸ਼ਰਾਬ ਦੀ ਕੀਮਤ ਇਕ ਸੂਬੇ ਵਿਚ ਘੱਟ ਹੈ ਤਾਂ ਉਸੇ ਡਿਸਟਿਲਰੀ ਦੀ ਉਸੇ ਸ਼ਰਾਬ ਦੀ ਕੀਮਤ ਦੂਜੇ ਸੂਬੇ ਵਿਚ ਜਾ ਕੇ ਵਧੇਰੇ ਕਿਵੇਂ ਹੋ ਜਾਂਦੀ ਹੈ? ਜਦ ਕਿ ਇਨ੍ਹਾਂ ਕੀਮਤਾਂ ਨੂੰ ਬਹੁਤਾ ਕਰਕੇ ਸਰਕਾਰ ਵਲੋਂ ਹੀ ਨਿਰਧਾਰਿਤ ਕੀਤਾ ਜਾਂਦਾ ਹੈ।
ਇਸ ਪੂਰੇ ਮਾਮਲੇ 'ਚ ਦਿਲਚਸਪ ਗੱਲ ਇਹ ਹੈ ਕਿ ਸ਼ਰਾਬ ਦੀਆਂ ਜੋ ਵੀ ਕੀਮਤਾਂ ਹਨ, ਉੁਹ ਸੂਬੇ ਦੇ ਆਬਕਾਰੀ ਵਿਭਾਗ ਨੇ ਤੈਅ ਕਰਨੀਆਂ ਹੁੰਦੀਆਂ ਹਨ। ਜੇਕਰ ਕਿਸੇ ਡਿਸਟਿਲਰੀ ਨੇ ਇਕ ਸੂਬੇ ਨੂੰ ਸਸਤੀ ਸ਼ਰਾਬ ਦੇ ਦਿੱਤੀ ਹੈ ਤਾਂ ਉਹ ਦੂਜੇ ਸੂਬੇ ਵਿਚ ਉਹੀ ਸ਼ਰਾਬ ਮਹਿੰਗੇ ਭਾਅ 'ਤੇ ਕਿਉਂ ਵੇਚ ਰਹੀ ਹੈ? ਅਜਿਹੇ ਵਿਚ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਕਿਉਂ ਨਹੀਂ ਕੀਤੀ ਅਤੇ ਸੂਬੇ ਦੇ ਲੋਕਾਂ ਨੂੰ ਮਹਿੰਗੇ ਭਾਅ 'ਤੇ ਸ਼ਰਾਬ ਮੁਹੱਈਆ ਕਰਵਾਉਣ ਦਾ ਆਖਰ ਕੀ ਕਾਰਨ ਹੈ? ਅਜਿਹੇ ਸਵਾਲ ਉੱਠ ਰਹੇ ਹਨ।
ਮਸ਼ਹੂਰ ਗੈਂਗਸਟਰ ਲਿਖਾਰੀ ਨੂੰ ਸਾਥੀਆਂ ਸਮੇਤ ਪੁਲਸ ਨੇ ਕੀਤਾ ਕਾਬੂ
NEXT STORY