ਜਲੰਧਰ—ਆਸਮਾਨ ਛੂਹਣ ਦੀ ਗੱਲ ਹੁੰਦੀ ਹੈ ਤਾਂ ਗੱਲ ਚੱਲਦੀ ਹੈ ਕਲਪਨਾ ਚਾਵਲਾ ਦੀ ਤੇ ਸੁਨੀਤਾ ਵਿਲੀਅਮ ਦੀ ਅਤੇ ਸਿਤਾਰਿਆਂ ਦੀ ਗੱਲ ਕਰੀਏ ਤਾਂ ਨਾਂ ਆਉਂਦਾ ਹੈ ਪ੍ਰਿਅੰਕਾ ਚੋਪੜਾ, ਐਸ਼ਵਰਿਆ ਰਾਏ, ਆਲੀਆ ਭੱਟ ਵਰਗੀਆਂ ਕੁੜੀਆਂ ਦਾ, ਜਿਨ੍ਹਾਂ ਨੇ ਪੁੱਤਰਾਂ ਵਾਂਗ ਆਪਣੇ-ਆਪਣੇ ਖੇਤਰ ਵਿਚ ਆਪਣੇ ਮਾਤਾ-ਪਿਤਾ ਦਾ ਨਾਂ ਚਮਕਾ ਦਿੱਤਾ। ਪਰ ਆਸਮਾਨ ਹਰ ਇਕ ਦੀ ਕਿਸਮਤ ਵਿਚ ਨਹੀਂ ਹੁੰਦਾ। ਅੱਜ ਮੈਂ ਗੱਲ ਕਰਾਂਗੀ ਸਿਰਫ ਉਨ੍ਹਾਂ ਕੁੜੀਆਂ ਦੀ, ਜੋ ਆਮ ਪਰਿਵਾਰਾਂ ਤੋਂ ਹਨ। ਆਮ ਜੀਵਨ ਜਿਊਂਦੀਆਂ ਹਨ ਪਰ ਜਿਨ੍ਹਾਂ ਦੇ ਆਸਮਾਨ ਵਿਚ ਉਡਾਣ ਭਰਨ ਦੇ ਹੌਂਸਲੇ ਨੇ ਉਨ੍ਹਾਂ ਦੇ ਮਾਤਾ-ਪਿਤਾ ਦਾ ਮਾਣ ਵਧਾ ਦਿੱਤਾ ਤੇ ਜਿਨ੍ਹਾਂ ਨੇ ਪੂਰੇ ਘਰ ਦੀ ਜ਼ਿੰਮੇਵਾਰੀ ਮੋਢਿਆਂ 'ਤੇ ਲੈ ਕੇ ਆਪਣੇ ਗਲੀ-ਮੁਹੱਲੇ ਅਤੇ ਸ਼ਹਿਰ ਨੂੰ ਨਵੀਂ ਸੇਧ ਦਿੱਤੀ। ਪਹਿਲਾਂ ਨਾਲ ਲਵਾਂਗੀ ਮੈਂ ਸ਼ਹਿਰ ਜਲੰਧਰ ਦੇ ਉਸ ਪਰਿਵਾਰ ਦਾ, ਜਿੱਥੇ ਪੰਜ ਧੀਆਂ ਨੇ ਜਨਮ ਲਿਆ। ਹਰ ਕਿਸੇ ਨੇ ਕਿਹਾ ਕਿ ਇਨ੍ਹਾਂ ਧਿਆਣੀਆਂ ਨੂੰ ਇਕ ਭਰਾ ਦੇ ਦੇਵੇ ਤਾਂ ਜੋ ਇਨ੍ਹਾਂ ਧਿਆਣੀਆਂ ਦਾ ਸਿਰ ਢੱਕਿਆ ਜਾਵੇ ਪਰ ਇਨ੍ਹਾਂ ਦੇ ਮਾਤਾ-ਪਿਤਾ ਦੀ ਸੋਚ ਤਾਂ ਕੁਝ ਹੋਰ ਹੀ ਸੀ। ਰਾਮ ਪਾਲ ਤੇ ਹਰਮੇਸ਼ ਰਾਣੀ ਦੇ ਘਰ ਪੰਜ ਧੀਆਂ ਨੇ ਜਨਮ ਲਿਆ ਪਰ ਉਨ੍ਹਾਂ ਨੇ ਕਦੇ ਵੀ ਇਨ੍ਹਾਂ ਧੀਆਂ ਨੂੰ ਧੀਆਂ ਨਹੀਂ ਪੁੱਤਰ ਸਮਝਿਆ। ਰਿਸ਼ਤੇਦਾਰਾਂ ਨੇ ਬਥੇਰਾ ਕਿਹਾ ਕਿ ਧੀਆਂ ਨੂੰ ਜ਼ਿਆਦਾ ਪੜ੍ਹਾਉਣ ਦੀ ਲੋੜ ਨਹੀਂ, ਇਨ੍ਹਾਂ ਕਿਹੜਾ ਨੌਕਰੀ ਕਰਨੀ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ। ਔਖੇ-ਸੌਖੇ ਸਮੇਂ ਵਿਚ ਇਹ ਧੀਆਂ ਪੜ੍ਹੀਆਂ ਤੇ ਕੰਮਾਂ-ਕਾਰਾਂ 'ਤੇ ਵੀ ਲੱਗ ਗਈਆਂ। ਇਨ੍ਹਾਂ ਨੇ ਆਪਣੇ ਪਰਿਵਾਰ ਹੀ ਨਹੀਂ ਸਗੋਂ ਪੂਰੇ ਮੁਹੱਲੇ ਦੀ ਸੋਚ ਬਦਲ ਦਿੱਤੀ। ਪਰਿਵਾਰ ਦੀ ਵੱਡੀ ਧੀ ਪੂਨਮ ਅੱਜ ਜਲੰਧਰ ਦੇ ਸੈਂਟ ਸੋਲਜਰ ਸੀਨੀਅਰ ਸੰਕੈਂਡਰੀ ਸਕੂਲ ਵਿਚ ਕੰਪਿਊਟਰ ਵਿਸ਼ੇ ਦੀ ਅਧਿਆਪਿਕਾ ਹੈ। ਪੂਨਮ ਨੇ ਉਚੇਰੀ ਪੜ੍ਹਾਈ ਕਰਨ ਦਾ ਜੋ ਫੈਸਲਾ ਲਿਆ ਸੀ, ਉਸ ਦਾ ਸੁੱਖ ਅੱਜ ਸਾਰਾ ਪਰਿਵਾਰ ਮਾਣ ਰਿਹਾ ਹੈ। ਉਸੇ ਦੀ ਲੀਹ 'ਤੇ ਉਸ ਦੀਆਂ ਛੋਟੀਆਂ ਭੈਣਾਂ ਨੇ ਪੜ੍ਹਾਈ ਵਿਚ ਹੀ ਕੁਝ ਕਰਨ ਦਾ ਮਨ ਬਣਾਇਆ। ਅੱਜ ਇਸ ਧੀਆਂ ਦੇ ਹਾਸਿਆਂ ਨਾਲ ਗੂੰਜਦੇ ਇਸ ਪਰਿਵਾਰ ਨੂੰ ਦੇਖ ਕੇ ਆਪਣੇ ਵੈਲੀ ਪੁੱਤਰਾਂ ਤੋਂ ਤੰਗ ਲੋਕ ਤਾਂ ਇਹ ਤੱਕ ਕਹਿ ਦਿੰਦੇ ਨੇ ਅਜਿਹੇ ਪੁੱਤਰਾਂ ਨਾਲੋਂ ਇਕ ਧੀ ਜ਼ਿਆਦਾ ਦੇ ਦਿੰਦਾ ਰੱਬਾ। ਇਨ੍ਹਾਂ ਧੀਆਂ ਦੀ ਇਸ ਸਫਲ ਉਡਾਣ ਪਿੱਛੇ ਉਸ ਧੀ ਦਾ ਵੀ ਹੱਥ ਹੈ, ਜੋ ਅੱਜ ਇਨ੍ਹਾਂ ਦੀ ਮਾਂ ਹੈ। ਜ਼ਿਕਰਯੋਗ ਹੈ ਕਿ ਧੀਆਂ ਨੂੰ ਉਨ੍ਹਾਂ ਦੇ ਮੁਕਾਮ ਤੱਕ ਪਹੁੰਚਾਉਣ ਵਿਚ ਹਰਮੇਸ਼ ਰਾਣੀ ਨੇ ਦਿਨ-ਰਾਤ ਇਕ ਕਰ ਦਿੱਤਾ ਹੈ।
ਇਸੇ ਪਰਿਵਾਰ ਵਾਂਗ ਸ਼ਹਿਰ ਜਲੰਧਰ ਵਿਚ ਇਕ ਹੋਰ ਘਰ ਵੱਸਦਾ ਹੈ। ਛੇ ਧੀਆਂ ਵਾਲਾ ਇਹ ਪਰਿਵਾਰ ਪੂਰੇ ਮੁੱਹਲੇ ਸਗੋਂ ਸ਼ਹਿਰ ਲਈ ਮਿਸਾਲ ਹੈ। ਮੁਲਖ ਰਾਜ ਅਤੇ ਤੀਰਥ ਕੌਰ ਦੇ ਘਰ ਛੇ ਧੀਆਂ ਦਾ ਜਨਮ ਹੋਇਆ ਤਾਂ ਦੱਸਣ ਦੀ ਲੋੜ ਨਹੀਂ ਕਿ ਲੋਕਾਂ ਦੇ ਕੀ ਵਿਚਾਰ ਸਨ ਪਰ ਇਨ੍ਹਾਂ ਧੀਆਂ ਨੇ ਪੜ੍ਹ-ਲਿਖ ਕੇ ਸਾਰੇ ਵਿਚਾਰ ਬਦਲ ਦਿੱਤੇ। ਉਹ ਡਿਗਰੀ ਹੈ, ਜੋ ਇਸ ਪਰਿਵਾਰ ਦੀਆਂ ਧੀਆਂ ਕੋਲ ਨਹੀਂ। ਮੈਨੂੰ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਪਰਿਵਾਰ ਦੀਆਂ ਵੱਡੀਆਂ ਤਿੰਨ ਧੀਆਂ ਵਧੀਆਂ ਕਾਲਜਾਂ ਵਿਚ ਐਸੋਸੀਏਟ ਪ੍ਰੋਫੈਸਰ ਦੀ ਨੌਕਰੀ ਕਰ ਰਹੀਆਂ ਹਨ ਤੇ ਉਨ੍ਹਾਂ ਤੋਂ ਪੜ੍ਹਨ ਵਾਲੇ ਬੱਚੇ ਕਿਸ ਗਿਆਨ ਦੀ ਰੌਸ਼ਨੀ ਨਾਲ ਰੁਸ਼ਨਾਅ ਰਹੇ ਹਨ, ਉਹ ਵੀ ਸ਼ਾਇਦ ਆਉਣ ਵਾਲਾ ਸਮਾਂ ਦੇਖੇਗਾ।
ਗੱਲ ਇੱਥੇ ਹੀ ਨਹੀਂ ਮੁਕਦੀ। ਮਿਸਾਲਾਂ ਦਾ ਦੌਰ ਅੱਗੇ ਵੀ ਚੱਲਦਾ ਹੈ ਤੇ ਗੱਲ ਚੱਲਦੀ ਹੈ ਜਲੰਧਰ ਦੇ ਇਕ ਹੋਰ ਪਰਿਵਾਰ ਦੀ, ਜਿੱਥੇ ਘਰ ਦਾ ਕੋਈ ਪੁੱਤਰ ਨਾਲ ਹੋਣ ਕਾਰਨ ਧੀਆਂ ਨੇ ਆਪਣੇ ਮੋਢਿਆਂ 'ਤੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕ ਲਈ। ਜਲੰਧਰ ਦੇ ਸੈਂਟ ਸੋਲਜਰ ਸਕੂਲ ਵਿਚ ਪੜ੍ਹਾ ਰਹੀ ਅਤੇ ਸਕੂਲ ਇੰਚਾਰਜ ਦੀ ਭੂਮਿਕਾ ਨਿਭਾਅ ਰਹੀ ਨਿਸ਼ਾ ਵਰਮਾ ਚਾਰ ਭੈਣਾਂ ਵਿਚ ਦੂਜੇ ਸਥਾਨ ਹੈ। ਬਿਜਲੀ ਵਿਭਾਗ ਵਿਚ ਨੌਕਰੀ ਕਰ ਰਹੇ ਪ੍ਰਿਥਵੀਪਾਲ ਸਿੰਘ ਵਰਮਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਮੋਢਿਆਂ ਦਾ ਭਾਰ ਨਿਸ਼ਾ ਤੇ ਉਸ ਦੀਆਂ ਭੈਣਾਂ ਨੇ ਦੇਖਦੇ ਹੀ ਦੇਖਦੇ ਆਪਣੇ ਮੋਢਿਆਂ 'ਤੇ ਲੈ ਲਿਆ। ਪਿਛਲੇ 14 ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿਚ ਕੰਮ ਕਰ ਰਹੀ ਨਿਸ਼ਾ ਅਤੇ ਉਸ ਦੀਆਂ ਭੈਣਾਂ ਨੰਦਿਨੀ ਵਰਮਾ, ਅਨੁਸ਼ਮਾ ਵਰਮਾ ਤੇ ਅਨੀਕਲਾ ਨੂੰ ਇਹ ਹੌਂਸਲਾ ਵੀ ਪੂਨਮ ਤੇ ਵੀਨਾ ਵਾਂਗ ਪੜ੍ਹਾਈ ਨੇ ਹੀ ਦਿੱਤਾ ਸੀ। ਨਿਸ਼ਾ ਬੜੇ ਮਾਣ ਨਾਲ ਕਹਿੰਦੀ ਹੈ ਕਿ ਉਸ ਅਸੀਂ ਅੱਜ ਜੋ ਵੀ ਹਾਂ, ਸਾਡੇ ਮਾਤਾ-ਪਿਤਾ ਦੀ ਸੋਚ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦੇ ਕਾਰਨ ਹਾਂ। ਕੁਲ ਮਿਲਾ ਕੇ ਕਹਿ ਸਕਦੇ ਹਾਂ ਕਿ ਪੜ੍ਹਾਈ ਉਹ ਖੰਭ ਹਨ, ਜਿਨ੍ਹਾਂ ਨੂੰ ਲਗਾ ਕੇ ਧੀਆਂ ਕਿਸੇ ਵੀ ਆਸਮਾਨ ਤੱਕ ਉਡਾਣ ਭਰ ਸਕਦੀਆਂ ਹਨ। ਇਨ੍ਹਾਂ ਧੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਜਜ਼ਬੇ ਨੂੰ ਸਲਾਮ!
ਕੁਲਵਿੰਦਰ 'ਮਾਹੀ'
ਸੰਤ ਸੁਰਿੰਦਰ ਸਿੰਘ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
NEXT STORY