ਬੈਂਗਲੂਰ- ਹੁਣ ਆਨਲਾਈਨ ਰਿਟਰਨ ਦਾਖਲ ਕਰਨਾ ਬੇਹੱਦ ਆਸਾਨ ਹੋਵੇਗਾ। ਟੈਕਸ ਚੁਕਾਉਣ ਵਾਲਿਆਂ ਨੂੰ ਆਨਲਾਈਨ ਭਰੀ ਗਈ ਰਿਟਰਨ ਦੀ ਇਕ ਕਾਪੀ ਵਿਭਾਗ ਨੂੰ ਭੇਜਣ ਤੋਂ ਜਲਦੀ ਹੀ ਛੁਟਕਾਰਾ ਮਿਲ ਸਕਦਾ ਹੈ, ਕਿਉਂਕਿ ਆਮਦਨ ਟੈਕਸ ਵਿਭਾਗ ਇਕ ਨਵੀਂ ਗਾਹਕ ਪ੍ਰਣਾਲੀ ਪੇਸ਼ ਕਰਨ ਜਾ ਰਿਹਾ ਜਿਸ ਅਧੀਨ ਉਨ੍ਹਾਂ ਨੂੰ ਤੁਰੰਤ ਪਾਸਵਰਡ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਰਿਟਰਨ ਫਾਰਮ ਵਿਚ ਉਨ੍ਹਾਂ ਦੇ ਆਧਾਰ ਨੰਬਰ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਸੀ. ਪੀ. ਸੀ. ਦੇ ਡਾਇਰੈਕਟਰ ਅਤੇ ਇਨਕਮ ਟੈਕਸ ਕਮਿਸ਼ਨਰ ਆਰ. ਕੇ. ਮਿਸ਼ਰਾ ਨੇ ਕਿਹਾ ਕਿ ਅਸੀਂ ਤੇਜ਼ੀ ਨਾਲ ਇਕ ਅਜਿਹੀ ਪ੍ਰਣਾਲੀ ਵਲ ਵਧ ਰਹੇ ਹਾਂ ਜਿੱਥੇ ਟੈਕਸ ਚੁਕਾਉਣ ਵਾਲਿਆਂ ਨੂੰ ਆਈ. ਟੀ. ਆਰ.-ਵੀ ਦੀ ਕਾਗਜ਼ੀ ਕਾਪੀ ਨਹੀਂ ਭੇਜਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਈ-ਫਾਈਲਿੰਗ ਨੂੰ ਟੈਕਸ ਚੁਕਾਉਣ ਵਾਲਿਆਂ ਲਈ ਪੂਰੀ ਤਰ੍ਹਾਂ ਸਰਲ ਬਣਾਉਣਾ ਚਾਹੁੰਦੇ ਹਾਂ। ਜ਼ਿਕਰਯੋਗ ਹੈ ਕਿ ਕਈ ਟੈਕਸਦਾਤਾ ਵਿਭਾਗ ਨੂੰ ਇਹ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਨੇ ਆਪਣੇ ਆਈ. ਟੀ. ਆਰ.-ਵੀ ਦੀ ਕਾਪੀ 'ਸਪੀਡ ਜਾਂ ਰਜਿਸਟਰਡ ਡਾਕ' ਜ਼ਰੀਏ ਭੇਜੀ, ਜਿਸ ਦੇ ਬਾਵਜੂਦ ਸੀ. ਪੀ. ਸੀ. ਤੋਂ ਉਨ੍ਹਾਂ ਨੂੰ ਇਸ ਦੇ ਨਾ ਮਿਲਣ ਦਾ ਸੰਦੇਸ਼ ਮਿਲਦਾ ਹੈ। ਇਹ ਹੀ ਕਾਰਨ ਹੈ ਕਿ ਵਿਭਾਗ ਲੰਬੇ ਸਮੇਂ ਤੋਂ ਇਸ ਪ੍ਰਣਾਲੀ ਨੂੰ ਖਤਮ ਕਰਨ ਦੇ ਬਦਲ 'ਤੇ ਵਿਚਾਰ ਕਰ ਰਿਹਾ ਸੀ।
ਸੀ. ਪੀ. ਸੀ. ਦੇ ਡਾਇਰੈਕਟਰ ਨੇ ਕਿਹਾ ਕਿ ਵਿਭਾਗ ਨੇ ਇਨ੍ਹਾਂ ਕਦਮਾਂ ਨੂੰ ਸ਼ੁਰੂ ਕਰਨ ਦਾ ਖਾਕਾ ਤਿਆਰ ਕਰ ਕੇ ਸੀ. ਬੀ. ਡੀ. ਟੀ. ਨੂੰ ਦਾਖਲ ਕਰ ਦਿੱਤਾ ਹੈ। ਜਿਸ ਨੂੰ ਜਲਦੀ ਹੀ ਅਮਲ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਈ. ਟੀ. ਰਿਟਰਨ ਦੀ ਈ ਫਾਈਲਿੰਗ ਨੂੰ ਹੋਰ ਵਧ ਸੁਰੱਖਿਅਤ ਬਣਾਉਣ ਲਈ ਜਲਦੀ ਹੀ ਇਕ ਨਵਾਂ ਕਾਲਮ ਹੋਵੇਗਾ, ਜਿਸ ਵਿਚ ਟੈਕਸ ਦਾਤਾ ਦਾ ਆਧਾਰ ਨੰਬਰ ਦਰਜ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਆਧਾਰ ਨਾਲ ਆਈ. ਟੀ. ਆਰ. ਹੋਰ ਵਧ ਸੁਰੱਖਿਅਤ ਹੋਵੇਗਾ।
ਤੁਸੀਂ ਵੀ ਜੁੜੋ ਪ੍ਰਧਾਨ ਮੰਤਰੀ ਨਾਲ, ਉਸ ਲਈ ਕਰੋ ਇਹ ਛੋਟਾ ਜਿਹਾ ਕੰਮ
NEXT STORY