ਅੱਖਾਂ ਮਨੁੱਖੀ ਸਰੀਰ ਦਾ ਸਭ ਤੋਂ ਅਹਿਮ ਅਤੇ ਸੰਵੇਦਨਸ਼ੀਲ ਅੰਗ ਹਨ। ਇਨ੍ਹਾਂ ਦੀ ਸਹੀ ਦੇਖਭਾਲ ਬਹੁਤ ਹੀ ਜ਼ਰੂਰੀ ਹੈ। ਕਈ ਅਜਿਹੇ ਖਾਧ ਪਦਾਰਥ ਹਨ, ਜੋ ਸਾਡੀਆਂ ਅੱਖਾਂ ਨੂੰ ਸਿਹਤਮੰਦ ਬਣਾਉਣ ਵਿਚ ਸਹਾਇਕ ਹੁੰਦੇ ਹਨ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਖੁਰਾਕ ਪਦਾਰਥਾਂ ਬਾਰੇ :
ਆਂਡੇ ਦੀ ਜਰਦੀ : ਫਿੱਟਨੈੱਸ ਅਤੇ ਨਿਊਟ੍ਰੀਸ਼ਨ ਮਾਹਿਰ ਡਾ. ਚਿਰਾਗ ਸੇਠੀ ਅਨੁਸਾਰ ਆਂਡੇ ਦੀ ਜਰਦੀ ਵਿਚ ਲਿਊਟੀਨ ਨਾਮੀ ਇਕ ਪੀਲੇ ਰੰਗ ਦਾ ਐਂਟੀਆਕਸੀਡੈਂਟ ਮੌਜੂਦ ਹੁੰਦਾ ਹੈ, ਜਿਸ ਦਾ ਸੰਬੰਧ ਅੱਖਾਂ ਨੂੰ ਸਿਹਤਮੰਦ ਰੱਖਣ ਵਾਲੇ ਕੈਰੋਟੀਨਾਇਜ ਨਾਮੀ ਯੌਗਿਕਾਂ ਨਾਲ ਹੈ। ਲਿਊਟੀਨ ਅਤੇ ਇਸ ਨਾਲ ਮਿਲਦਾ-ਜੁਲਦਾ ਇਕ ਯੌਗਿਕ ਜੈਕਸੈਨਥਿਨ ਸਾਂਝੇ ਤੌਰ 'ਤੇ ਰੈਟੀਨਾ ਦੇ ਮੈਕਿਊਲਾ 'ਚ ਇਕੱਠੇ ਹੋ ਜਾਂਦੇ ਹਨ। ਇਹ ਫ੍ਰੀ ਰੈਡੀਕਲਸ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਅੱਖਾਂ ਨੂੰ ਸਿਹਤਮੰਦ ਰੱਖਦੇ ਹਨ।
ਹਰੀਆਂ ਸਬਜ਼ੀਆਂ : ਤੇਜ਼ ਨਜ਼ਰ ਅਤੇ ਅੱਖਾਂ ਦੀ ਵਧੀਆ ਸਿਹਤ ਲਈ ਲਿਊਟੀਨ ਅਤੇ ਜੈਕਸੈਨਥਿਨ ਦੋਵੇਂ ਹੀ ਬਹੁਤ ਅਹਿਮ ਹਨ। ਇਹ ਮੂਲ ਰੂਪ 'ਚ ਹਰੀਆਂ ਪੱਤੇਦਾਰ ਸਬਜ਼ੀਆਂ 'ਚ ਪਾਏ ਜਾਂਦੇ ਹਨ। ਪਾਲਕ 'ਚ ਲਿਊਟੀਨ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ। ਇਸ ਲਈ ਇਸ ਦਾ ਅੱਖਾਂ 'ਤੇ ਚਮਤਕਾਰੀ ਅਸਰ ਪੈਂਦਾ ਹੈ। ਕੱਚੀ ਪਾਲਕ ਦਾ ਸੇਵਨ ਕਰਨਾ ਸਭ ਤੋਂ ਵਧੀਆ ਹੁੰਦਾ ਹੈ, ਕਿਉਂਕਿ ਪਕਾਈ ਗਈ ਪਾਲਕ 'ਚ ਕੁਝ ਐਂਟੀਆਕਸੀਡੈਂਟਸ ਨਸ਼ਟ ਹੋ ਜਾਂਦੇ ਹਨ। ਪਾਲਕ ਤੋਂ ਇਲਾਵਾ ਫੁੱਲਗੋਭੀ, ਮਟਰ ਅਤੇ ਪੁੰਗਰੇ ਹੋਏ ਖਾਧ ਪਦਾਰਥਾਂ ਨੂੰ ਵੀ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਅੱਖਾਂ ਦੀ ਸਿਹਤ ਵਧੀਆ ਬਣਾਈ ਜਾ ਸਕਦੀ ਹੈ।
ਪਪੀਤਾ : ਇਹ ਸਿਰਫ ਤੁਹਾਡੀ ਚਮੜੀ ਅਤੇ ਪੇਟ ਲਈ ਹੀ ਵਧੀਆ ਨਹੀਂ ਹੁੰਦਾ, ਸਗੋਂ ਤੁਹਾਡੀਆਂ ਅੱਖਾਂ ਲਈ ਸ਼ਾਨਦਾਰ ਕੰਮ ਕਰਦਾ ਹੈ। ਤਾਜ਼ਾ ਪਪੀਤੇ ਦਾ ਦਿਨ ਵਿਚ ਤਿੰਨ ਵਾਰ ਸੇਵਨ ਕਰਨ ਨਾਲ ਮੈਕਿਊਲਰ ਡੀਜੈਨਰੇਸ਼ਨ ਅਤੇ ਗਲੂਕੋਮਾ ਵਰਗੇ ਰੋਗਾਂ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ। ਪਪੀਤਾ ਵਿਟਾਮਿਨ 'ਏ', 'ਸੀ' ਅਤੇ 'ਈ' ਦਾ ਸ਼ਾਨਦਾਰ ਸਰੋਤ ਹੈ, ਜੋ ਵਧਦੀ ਉਮਰ ਦੀਆਂ ਅੱਖਾਂ ਨਾਲ ਸੰਬੰਧਿਤ ਬੀਮਾਰੀਆਂ ਵਿਚ ਬਹੁਤ ਹੀ ਵਧੀਆ ਭੂਮਿਕਾ ਅਦਾ ਕਰਦਾ ਹੈ।
ਬਦਾਮ : ਮੁੱਠੀ ਭਰ ਬਦਾਮਾਂ ਦੇ ਸੇਵਨ ਨਾਲ ਤੁਹਾਨੂੰ ਵਿਟਾਮਿਨ-ਈ ਦੀ ਜ਼ਰੂਰੀ ਖੁਰਾਕ ਦਾ ਅੱਧਾ ਹਿੱਸਾ ਮਿਲਦਾ ਹੈ। ਬਦਾਮ ਮੈਕਿਊਲਰ ਡੀਜੈਨਰੇਸ਼ਨ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਵਿਚ ਬਹੁਤ ਸਹਾਇਕ ਹੁੰਦੇ ਹਨ। ਇਕ ਵੱਡਾ ਚੱਮਚ ਵੱਖ-ਵੱਖ ਤਰ੍ਹਾਂ ਦੇ ਮੇਵਿਆਂ ਨੂੰ ਸਵੇਰ ਦੇ ਸਮੇਂ ਓਟ ਮੀਲ ਨਾਲ ਮਿਕਸ ਕਰੋ ਅਤੇ ਇਸ ਦਾ ਸੇਵਨ ਕਰੋ। ਤੁਸੀਂ ਬਦਾਮਾਂ ਨੂੰ ਸ਼ਾਮ ਦੇ ਸਨੈਕ ਦੇ ਤੌਰ 'ਤੇ ਵੀ ਖਾ ਸਕਦੇ ਹੋ।
ਸੈਮਨ ਮੱਛੀ : ਸੈਮਨ ਮੱਛੀ ਵਿਚ ਓਮੇਗਾ-3 ਫੈਟਸ ਅਤੇ ਐਸਟਾਜੈਨਥਿਨ ਨਾਮੀ ਅੱਖਾਂ ਲਈ ਬਹੁਤ ਅਹਿਮ ਪੋਸ਼ਕ ਤੱਤ ਹੁੰਦੇ ਹਨ। ਐਸਟਾਜੈਨਥਿਨ ਇਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ, ਜਿਸਦਾ ਤੁਹਾਡੀਆਂ ਅੱਖਾਂ ਨੂੰ ਖਾਸ ਲਾਭ ਮਿਲਦਾ ਹੈ। ਮੱਛੀ ਦਾ ਸੇਵਨ ਕਰਨ ਨਾਲ ਡ੍ਰਾਈ ਆਈ ਸਿੰਡ੍ਰੋਮ ਵੀ ਘੱਟ ਹੁੰਦਾ ਹੈ ਕਿਉਂਕਿ ਓਮੇਗਾ ਫੈਟੀ ਐਸਿਡਸ ਤੁਹਾਡੇ ਹੰਝੂਆਂ ਦੀ ਗੁਣਵੱਤਾ ਸੁਧਾਰਨ ਵਿਚ ਮਦਦ ਕਰਦੇ ਹਨ।
ਟੀ. ਵੀ. ਦੇਖਣ ਨਾਲ ਵੱਧ ਸਕਦੈ ਸ਼ੂਗਰ ਦਾ ਖਤਰਾ
NEXT STORY