ਬਠਿੰਡਾ : ਉਂਝ ਤਾਂ ਪੰਜਾਬ ਦੀਆਂ ਜੇਲਾਂ ਆਪਣੇ ਕਾਰਨਾਮਿਆਂ ਕਰਕੇ ਬਦਨਾਮ ਹਨ ਪਰ ਕੁਝ ਸਮੇਂ ਤੋਂ ਖਤਰਨਾਕ ਅਪਰਾਧੀਆਂ ਅਤੇ ਗੈਂਗਸਟਰਾਂ ਵਲੋਂ ਜੇਲ 'ਚ ਬੈਠੇ-ਬੈਠੇ ਮੋਬਾਈਲ ਫੋਨਾਂ ਅਤੇ ਸੋਸ਼ਲ ਸਾਈਟਾਂ 'ਤੇ ਲਗਾਤਾਰ ਅਪਡੇਟ ਹੋਣ ਦੇ ਚੱਲਦੇ ਵੀ ਜੇਲ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ ਹੈ। ਇਕ ਵਾਰ ਫਿਰ ਮਸ਼ਹੂਰ ਗੈਂਗਸਟਰ ਵਲੋਂ ਜੇਲ 'ਚ ਹੀ ਫੇਸਬੁੱਕ ਅਪਡੇਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੰਗਰੂਰ ਤੋਂ ਬਾਅਦ ਬਠਿੰਡਾ ਤੇ ਫਿਰੋਜ਼ਪੁਰ ਦੀ ਕੇਂਦਰੀ ਜੇਲਾਂ 'ਚ ਬੰਦ ਮਸ਼ਹੂਰ ਗੈਂਗਸਟਰ ਜੋਧਾ ਕੋਠਾਗੁਰੂ ਅਤੇ ਗੋਇਲ ਗੌਰਵ ਆਪਣੇ ਫੇਸਬੁੱਕ ਅਕਾਊਂਟ ਨੂੰ ਲਗਾਤਾਰ ਅਪਡੇਟ ਕਰ ਰਹੇ ਹਨ। ਇੰਨਾ ਹੀ ਨਹੀਂ ਉਹ ਜੇਲ 'ਚੋਂ ਖਿੱਚੀਆਂ ਤਸਵੀਰਾਂ ਨੂੰ ਲਗਾਤਾਰ ਅਪਡੇਟ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਕਤਲ ਅਤੇ ਹੋਰ ਅਪਰਾਧਿਕ ਮਾਮਲਿਆਂ 'ਚ ਬਠਿੰਡਾ ਜੇਲ 'ਚ ਬੰਦ ਮਸ਼ਹੂਰ ਗੈਂਗਸਟਰ ਰਣਜੋਧ ਸਿੰਘ ਉਰਫ ਜੋਧਾ ਕੋਠਾਗੁਰੂ ਵਲੋਂ ਅਪ੍ਰੈਲ ਦੇ ਮਹੀਨੇ ਵਿਚ ਹੀ ਕਈ ਸਟੇਟਸ ਅਪਡੇਟ ਕੀਤੇ ਗਏ ਹਨ ਅਤੇ ਜੇਲ 'ਚੋਂ ਹੀ ਮੋਬਾਈਲ ਰਾਹੀਂ ਆਪਣੀਆਂ ਤਸਵੀਰਾਂ ਖਿੱਚ ਕੇ ਫੇਸਬੁੱਕ 'ਤੇ ਅਪਡੇਟ ਕੀਤੀਆਂ ਗਈਆਂ ਹਨ। ਕੁਝ ਵੀ ਹੋਵੇ ਇਨ੍ਹਾਂ ਗੈਂਗਸਟਰਾਂ ਵਲੋਂ ਜੇਲ ਪ੍ਰਸ਼ਾਸਨ ਅਤੇ ਮੁਲਾਜ਼ਮਾਂ ਦੀਆਂ ਅੱਖਾਂ 'ਚ ਮਿੱਟੀ ਪਾ ਕੇ ਲਗਾਤਾਰ ਸੋਸ਼ਲ ਸਾਈਟਸ 'ਤੇ ਅਪਡੇਟ ਰਹਿਣਾ ਇਕ ਚਿੰਤਾ ਦਾ ਵਿਸ਼ਾ ਹੈ, ਜਿਸ ਨੂੰ ਜੇਲ ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਅਕਾਲੀਆਂ ਨੇ ਕਿਸੇ ਦੀ ਨਾ ਕੀਤੀ ਪਰਵਾਹ, ਵਰ੍ਹਾ ਦਿੱਤੇ ਇੱਟਾਂ-ਪੱਥਰ
NEXT STORY