ਬਰਲਿਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਾਕਿਸਤਾਨ 'ਤੇ ਲੁਕਵੇਂ ਤੌਰ 'ਤੇ ਹਮਲਾ ਕਰਦਿਆਂ ਕਿਹਾ ਕਿ ਜੋ ਸਰਕਾਰਾਂ ਅੱਤਵਾਦ ਨੂੰ ਸ਼ਹਿ ਦਿੰਦੀਆਂ ਹਨ, ਉਨ੍ਹਾਂ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਨੂੰ ਵੱਖ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਨੇ ਪਾਕਿ ਦਾ ਨਾਂ ਲਏ ਬਿਨਾਂ ਕਿਹਾ ਕਿ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਦੇਸ਼ਾਂ 'ਤੇ ਦੁਨੀਆ ਨੂੰ ਸਮੂਹਿਕ ਤੌਰ 'ਤੇ ਦਬਾਅ ਬਣਾਉਣਾ ਚਾਹੀਦਾ ਹੈ। ਮੋਦੀ ਨੇ ਜਰਮਨ ਚਾਂਸਲਰ ਏਂਜੇਲਾ ਮਰਕੇਲ ਦੇ ਨਾਲ ਇਥੇ ਦੋਪੱਖੀ ਸਿਖਰ ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅੱਤਵਾਦ ਨੂੰ ਦੁਨੀਆ ਲਈ ਬਹੁਤ ਵੱਡਾ ਖਤਰਾ ਦੱਸਦਿਆਂ ਪੂਰੀ ਦੁਨੀਆ ਨੂੰ ਅਪੀਲ ਕੀਤੀ ਕਿ ਜੋ ਉਹ ਇਸ ਮਾਮਲੇ ਨੂੰ ਲੈ ਕੇ ਉਹੋ ਜਿਹੀ ਸੰਵੇਦਨਸ਼ੀਲਤਾ ਅਪਣਾਵੇ, ਜਿਹੋ ਜਿਹੀ ਪ੍ਰਮਾਣੂ ਹਥਿਆਰਾਂ ਨੂੰ ਲੈ ਕੇ ਅਪਣਾਈ ਗਈ ਹੈ। ਮੋਦੀ ਨੇ ਕਿਹਾ ਕਿ ਜੋ ਦੇਸ਼ ਮਨੁੱਖਤਾਪੁਣੇ 'ਚ ਵਿਸ਼ਵਾਸ ਰੱਖਦੇ ਹਨ, ਉਨ੍ਹਾਂ ਦਾ ਅੱਤਵਾਦ ਖਿਲਾਫ ਇਕਜੁੱਟ ਹੋਣਾ ਜ਼ਰੂਰੀ ਹੈ। ਅੱਜ ਪੂਰੇ ਵਿਸ਼ਵ ਵਿਚ ਅੱਤਵਾਦ ਵੱਖ-ਵੱਖ ਰੂਪਾਂ ਵਿਚ ਫੈਲ ਿਰਹਾ ਹੈ। ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਜਰਮਨੀ ਦੋਵਾਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸਥਾਈ ਮੈਂਬਰ ਹੋਣਾ ਚਾਹੀਦਾ ਹੈ ਅਤੇ ਇਸ ਨਾਲ ਦੁਨੀਆ ਨੂੰ ਕਾਫੀ ਫਾਇਦਾ ਹੋਵੇਗਾ। ਓਧਰ ਭਾਰਤ ਦੇ ਸਰਕਾਰੀ ਸਕੂਲਾਂ ਵਿਚ ਜਰਮਨ ਭਾਸ਼ਾ ਦੀ ਥਾਂ ਸੰਸਕ੍ਰਿਤ ਨੂੰ ਪੜ੍ਹਾਏ ਜਾਣ 'ਤੇ ਉਠੇ ਵਿਵਾਦ ਸੰਬੰਧੀ ਮੋਦੀ ਨੇ ਕਿਹਾ ਕਿ ਸਾਡੇ ਦੇਸ਼ ਦੀ ਧਰਮ ਨਿਰਪੱਖਤਾ ਐਨੀ ਕਮਜ਼ੋਰ ਨਹੀਂ ਜੋ ਇਕ ਭਾਸ਼ਾ ਦੀ ਵਜ੍ਹਾ ਨਾਲ ਹਿੱਲ ਜਾਵੇਗੀ। ਇਸ ਦੌਰਾਨ ਮੋਦੀ ਨੇ ਭਾਰਤ ਅਤੇ ਯੂਰਪੀ ਸੰਘ ਵਿਚਕਾਰ 'ਸੰਤੁਲਿਤ ਅਤੇ ਬਰਾਬਰ ਲਾਭਦਾਇਕ' ਵਾਲਾ ਵਪਾਰ ਸਮਝੌਤਾ ਜਲਦੀ ਸੰਪੰਨ ਕਰਵਾਉਣ ਵਿਚ ਜਰਮਨ ਦੀ ਚਾਂਸਲਰ ਮਰਕੇਲ ਕੋਲੋਂ ਸਹਿਯੋਗ ਮੰਗਿਆ। ਦੂਸਰੇ ਪਾਸੇ ਗਲੋਬਲ ਵਾਰਮਿੰਗ ਨੂੰ ਲੈ ਕੇ ਭਾਰਤ ਨੂੰ ਸਵਾਲ ਕਰਨ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਵਿਕਸਿਤ ਦੇਸ਼ਾਂ ਨੂੰ ਲੰਮੇ ਹੱਥੀਂ ਲਿਆ ਅਤੇ ਕਿਹਾ ਕਿ ਭਾਰਤ ਸਤੰਬਰ ਵਿਚ ਫਰਾਂਸ ਵਿਚ ਹੋਣ ਵਾਲੇ ਜਲਵਾਯੂ ਪਰਿਵਤਨ ਸੰਮੇਲਨ ਲਈ ਇਹ ਏਜੰਡਾ ਤਿਆਰ ਕਰੇਗਾ।
ਮਰਕੇਲ ਨੂੰ ਭੇਟ ਕੀਤੀਆਂ ਸੀ. ਵੀ. ਰਮਨ ਦੀਆਂ ਹੱਥ ਲਿਖਤਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਰਮਨ ਚਾਂਸਲਰ ਏਂਜੇਲਾ ਮਰਕੇਲ ਨੂੰ ਭੌਤਿਕ ਵਿਗਿਆਨ ਵਿਚ ਨੋਬਲ ਪੁਰਸਕਾਰ ਹਾਸਲ ਕਰਨ ਵਾਲੇ ਮਹਾਨ ਵਿਗਿਆਨੀ ਸਰ ਸੀ. ਵੀ.ਰਮਨ ਦੇ ਪ੍ਰਕਾਸ਼ ਦੇ ਵਿਕਿਰਨ ਅਤੇ ਉਨ੍ਹਾਂ ਦੇ ਜੀਵਨ ਚੱਕਰ ਸੰਬੰਧੀ ਕੁਝ ਹੱਥ ਲਿਖਤਾਂ ਤੋਹਫੇ ਦੇ ਰੂਪ ਵਿਚ ਦਿੱਤੀਆਂ।
ਬਾਵਾ ਸਾਹਿਬ ਦੇ 124ਵੇਂ ਜਨਮ ਦਿਨ ਦੀਆਂ ਮੁਬਾਰਕਾਂ
NEXT STORY