ਪਤਨੀ ਅਤੇ ਬੱਚੇ ਦਾ ਕਤਲ ਕਰਕੇ ਫਰਾਰ ਹੋਇਆ ਵਪਾਰੀ ਗ੍ਰਿਫਤਾਰ
ਫਿਲੌਰ(ਭਟਿਆਰਾ, ਭਾਖੜੀ)- ਸਿਰ 'ਤੇ ਕਰਜ਼ੇ ਦੇ ਬੋਝ ਤੋਂ ਦੁਖੀ ਹੋਏ ਟਰੈਕਟਰ ਏਜੰਸੀ ਦੇ ਮਾਲਕ ਵਪਾਰੀ ਸੁਖਦੇਵ ਸਿੰਘ ਹਾਂਡਾ ਉਰਫ ਬਿੱਟੂ ਜਿਸ ਨੇ 27 ਮਾਰਚ ਨੂੰ ਆਪਣੀ ਪਤਨੀ ਮਨਿੰਦਰ ਕੌਰ ਅਤੇ 16 ਸਾਲ ਦੇ ਪੁੱਤਰ ਪਰਮਰਾਜ ਸਿੰਘ ਦਾ ਕਤਲ ਕਰ ਦਿੱਤਾ ਸੀ, ਨੂੰ ਫਿਲੌਰ ਪੁਲਸ ਨੇ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਸੱਦੀ ਗਈ ਪ੍ਰੈੱਸ ਕਾਨਫਰੰਸ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਫਿਲੌਰ ਇੰਸਪੈਕਟਰ ਲਖਵਿੰਦਰ ਸਿੰਘ ਮੱਲ ਨੇ ਦੱਸਿਆ ਕਿ ਮੁਖਬਰ ਖਾਸ ਦੀ ਇਤਲਾਹ ਸੀ, ਕਿ ਸੁਖਦੇਵ ਸਿੰਘ ਫਿਲੌਰ ਇਲਾਕੇ 'ਚ ਪਿੰਡ ਆਲੋਵਾਲ ਰੋਡ ਸਾਈਡ 'ਤੇ ਘੁੰਮ ਰਿਹਾ ਹੈ, ਜਿਸ 'ਤੇ ਐੱਸ. ਆਈ. ਬਲਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਕਾਤਲ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੀ ਨਿਸ਼ਾਨ ਦੇਹੀ 'ਤੇ ਕਤਲ ਦੌਰਾਨ ਵਰਤੀ ਗਈ ਕਰਦ (ਚਾਕੂ) ਵੀ ਬਰਾਮਦ ਕਰ ਲਿਆ। ਦੋਸ਼ੀ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਦਾੜ੍ਹੀ-ਮੁੱਛਾਂ ਕਟਵਾ ਕੇ ਬਣ ਗਿਆ ਮੋਨਾ
ਕਤਲ ਕਰਕੇ ਫਰਾਰ ਹੋਏ ਦੋਸ਼ੀ ਨੇ ਆਪਣੀ ਪਛਾਣ ਛੁਪਾਉਣ ਲਈ ਆਪਣਾ ਹੁਲੀਆ ਬਦਲਦੇ ਹੋਏ ਆਪਣੇ ਕੇਸ ਤੇ ਦਾੜ੍ਹੀ ਕਟਵਾ ਕੇ ਸਿਰ ਤੋਂ ਮੋਨਾ ਹੋ ਕੇ ਘੁੰਮ ਰਿਹਾ ਸੀ ਤਾਂ ਕਿ ਉਸ ਨੂੰ ਕੋਈ ਪਛਾਣ ਨਾ ਸਕੇ।
ਕਿਉਂ ਕੀਤਾ ਸੀ ਕਤਲ : ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਸੁਖਦੇਵ ਸਿੰਘ ਹਾਂਡਾ ਨੇ ਆਪਣੇ ਵਪਾਰ ਨੂੰ ਵਧਾਉਣ ਲਈ ਬਂੈਕਾਂ ਤੋਂ ਕਰਜ਼ਾ ਚੁੱਕਿਆ ਹੋਇਆ ਸੀ, ਆਪਣੀ ਜ਼ਮੀਨ 'ਤੇ ਲਿਮਟ ਵੀ ਬਣਾਈ ਹੋਈ ਸੀ ਪਰ ਵਪਾਰ 'ਚ ਪੈ ਰਹੇ ਲਗਾਤਾਰ ਘਾਟੇ ਕਰਕੇ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ ਤੇ ਮਾਰਕੀਟ 'ਚੋਂ ਚੁੱਕੇ ਕਰਜ਼ੇ ਦੀ ਰਕਮ ਵੀ ਦੁੱਗਣੀ ਹੋ ਗਈ ਸੀ, ਜਿਸ ਕਾਰਨ ਪੈਸੇ ਲੈਣ ਵਾਲੇ ਵਾਰ-ਵਾਰ ਪੈਸੇ ਦੇਣ ਦੀ ਮੰਗ ਕਰ ਰਹੇ ਸਨ ਪਰ ਪੈਸਾ ਕੋਲ ਨਾ ਹੋਣ ਕਾਰਨ ਵਾਪਸੀ ਮੁਸ਼ਕਿਲ ਹੋ ਰਹੀ ਸੀ।
ਪਹਿਲਾ ਖੁਦ ਕਰਨੀ ਸੀ ਖੁਦਕੁਸ਼ੀ
ਸੂਤਰਾਂ ਅਨੁਸਾਰ ਦੋਸ਼ੀ ਸੁਖਦੇਵ ਸਿੰਘ ਹਾਂਡਾ ਇਸ ਕਦਰ ਟੁੱਟ ਚੁੱਕਾ ਸੀ ਕਿ ਉਸਨੇ ਪਹਿਲਾ ਖੁਦ ਖੁਦਕੁਸ਼ੀ ਕਰਨ ਦੀ ਯੋਜਨਾ ਬਣਾਈ ਸੀ ਪਰ ਬਾਅਦ 'ਚ ਉਸਨੇ ਸੋਚਿਆ ਕਿ ਜੇਕਰ ਉਹ ਖੁਦ ਮਰ ਗਿਆ ਤਾਂ ਫਿਰ ਪੈਸੇ ਲੈਣ-ਦੇਣ ਵਾਲੇ ਉਸਦੀ ਪਤਨੀ ਅਤੇ ਪੁੱਤਰਾਂ ਨੂੰ ਤੰਗ ਪ੍ਰੇਸ਼ਾਨ ਕਰਨਗੇ। ਆਪਣੇ ਪਰਿਵਾਰ 'ਤੇ ਆਂਚ ਨਾ ਆਵੇ ਇਸ ਗੱਲ ਨੂੰ ਲੈ ਕੇ ਫਿਰ ਉਸਨੇ ਪਹਿਲਾਂ ਆਪਣੇ ਪਰਿਵਾਰ ਨੂੰ ਹੀ ਕਤਲ ਕਰਨ ਅਤੇ ਬਾਅਦ 'ਚ ਖੁਦ ਖੁਦਕੁਸ਼ੀ ਕਰਨ ਦੀ ਯੋਜਨਾ ਬਣਾਈ ਸੀ ਪਰ ਦੋਸ਼ੀ ਵਾਰਦਾਤ ਵਾਲੇ ਦਿਨ ਕਤਲ ਕਰਕੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਤੁਰੰਤ ਫਰਾਰ ਹੋ ਗਿਆ ਸੀ, ਜਿਸ ਨੂੰ ਪੁਲਸ ਨੇ 19 ਦਿਨਾਂ 'ਚ ਗ੍ਰਿਫਤਾਰ ਕਰ ਲਿਆ।
ਲੁੱਟ-ਪੁੱਟ ਲੈ ਗਿਆ ਐਨ. ਆਰ. ਆਈ ਲਾੜਾ (ਵੀਡੀਓ)
NEXT STORY