ਜਲੰਧਰ(ਧਵਨ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧੂਰੀ ਉਪ ਚੋਣਾਂ 'ਚ ਅਕਾਲੀਆਂ ਦੀ ਜਿੱਤ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਵਿਚ ਅਕਾਲੀਆਂ ਨੂੰ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ। ਕੈਪਟਨ ਨੇ ਕਿਹਾ ਕਿ ਕਾਂਗਰਸ ਦੇ ਨੇਤਾਵਾਂ ਨੂੰ ਵੀ ਨਤੀਜਿਆਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਲੋਂ ਧੂਰੀ ਉਪ ਚੋਣਾਂ 'ਚ ਕਾਂਗਰਸ ਦੀ ਹਾਰ ਲਈ ਉਨ੍ਹਾਂ ਨੂੰ (ਕੈਪਟਨ) ਦੋਸ਼ੀ ਠਹਿਰਾਏ ਜਾਣ ਸਬੰਧੀ ਕੈਪਟਨ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਾਰੀਆਂ ਗੱਲਾਂ ਲਈ ਦੋਸ਼ੀ ਠਹਿਰਾਉਣਾ ਹੈ ਤਾਂ ਫਿਰ ਬਾਜਵਾ ਇੱਥੇ ਕੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਜਵਾ ਨੇ ਧੂਰੀ ਉਪ ਚੋਣਾਂ 'ਚ ਕਿਹਾ ਸੀ ਕਿ ਉਨ੍ਹਾਂ ਨੂੰ ਇੱਥੇ ਵੱਡੇ ਚਿਹਰਿਆਂ ਦੀ ਲੋੜ ਨਹੀਂ ਹੈ ਅਤੇ ਹੁਣ ਉਹ ਆਪਣੀ ਜ਼ਿੰਮੇਦਾਰੀ ਤੋਂ ਦੌੜ ਰਹੇ ਹਨ ਅਤੇ ਹਾਰ ਲਈ ਕਿਸੇ ਹੋਰ ਨੂੰ ਦੋਸ਼ੀ ਠਹਿਰਾ ਰਹੇ ਹਨ। ਉਨ੍ਹਾਂ ਕਿਹਾ ਕਿ ਦੁੱਖ ਵਾਲੀ ਗੱਲ ਹੈ ਕਿ ਅਕਾਲੀਆਂ ਵਲੋਂ ਉਪ ਚੋਣਾਂ 'ਚ ਵੱਡੇ ਪੈਮਾਨੇ 'ਤੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਨ ਲਈ ਦੋਸ਼ੀ ਠਹਿਰਾਉਣ ਦੀ ਬਜਾਏ ਬਾਜਵਾ ਹਾਰ ਦੀ ਜ਼ਿੰਮੇਵਾਰੀ ਮੇਰੇ ਸਿਰ 'ਤੇ ਪਾ ਰਹੇ ਹਨ। ਬਾਜਵਾ ਨੂੰ ਆਤਮ-ਮੰਥਨ ਕਰਨਾ ਚਾਹੀਦਾ ਹੈ, ਆਖਿਰ ਪਾਰਟੀ ਧੂਰੀ 'ਚ ਕਿਉਂ ਹਾਰੀ ਹੈ ਅਤੇ ਉਹ ਸਾਰੇ ਕਾਂਗਰਸੀ ਨੇਤਾਵਾਂ ਨੂੰ ਕਿਉਂ ਨਾਲ ਲੈ ਕੇ ਨਹੀਂ ਚੱਲ ਸਕੇ। ਇੱਥੋਂ ਤਕ ਕਿ ਵਿਧਾਇਕ ਵੀ ਉਨ੍ਹਾਂ (ਬਾਜਵਾ) ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ।
ਕੈਪਟਨ ਨੇ ਕਿਹਾ ਕਿ ਬਾਜਵਾ ਉਨ੍ਹਾਂ ਦਾ ਸਾਥ ਧੂਰੀ 'ਚ ਚਾਹੁੰਦੇ ਹੀ ਨਹੀਂ ਸਨ ਅਤੇ ਦੂਜਾ ਬਾਜਵਾ ਨੇ ਚੋਣ ਮੁਹਿੰਮ ਦੌਰਾਨ ਧੂਰੀ 'ਚ ਡੇਰਾ ਨਹੀਂ ਲਗਾਇਆ। ਕਾਂਗਰਸ ਨੇ ਅਧੂਰੀ ਮੁਹਿੰਮ ਚਲਾਈ, ਜਿਸ ਲਈ ਬਾਜਵਾ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਜਿਸ ਤਰ੍ਹਾਂ ਧੂਰੀ ਉਪ ਚੋਣ 'ਚ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਰਾਜ ਵਿਧਾਨ ਸਭਾ ਦੀਆਂ ਆਮ ਚੋਣਾਂ 'ਚ ਅਕਾਲੀ ਦਲ ਧੂਰੀ ਸੀਟ ਨਹੀਂ ਜਿੱਤ ਸਕੇਗਾ। ਧੂਰੀ 'ਚ ਮੁੱਖ ਮੰਤਰੀ ਨੂੰ ਪਹਿਲਾਂ ਸੰਗਤ ਦਰਸ਼ਨ 'ਚ 70 ਕਰੋੜ ਰੁਪਏ ਵੰਡਣ ਦੀ ਕਿਉਂ ਲੋੜ ਪਈ ਸੀ।
ਕਰਜ਼ੇ ਤੋਂ ਦੁੱਖੀ ਹੋ ਕੇ ਚੁੱਕਿਆ ਸੀ ਅਜਿਹਾ ਕਦਮ...!
NEXT STORY