ਇਕ ਵਾਰ ਇਕ ਸਾਧੂ ਨਦੀ ਵਿਚ ਡੁੱਬ ਰਹੇ ਬਿੱਛੂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਾਧੂ ਨੇ ਉਸ ਨੂੰ ਚੁੱਕਿਆ ਤਾਂ ਬਿੱਛੂ ਨੇ ਡੰਗ ਮਾਰਿਆ ਅਤੇ ਹੱਥ ਵਿਚੋਂ ਛੁੱਟ ਕੇ ਪਾਣੀ ਵਿਚ ਡਿਗ ਪਿਆ। ਸਾਧੂ ਫਿਰ ਉਸ ਨੂੰ ਬਚਾਉਣ ਲਈ ਬਾਹਰ ਕੱਢਣ ਲੱਗਾ, ਬਿੱਛੂ ਨੇ ਫਿਰ ਡੰਗ ਮਾਰਿਆ ਅਤੇ ਨਦੀ ਵਿਚ ਜਾ ਡਿਗਾ। ਵਾਰ-ਵਾਰ ਅਜਿਹਾ ਹੁੰਦਾ ਰਿਹਾ ਤਾਂ ਸਾਧੂ ਦੇ ਚੇਲਿਆਂ ਨੇ ਸਾਧੂ ਨੂੰ ਕਿਹਾ,''ਤੁਹਾਨੂੰ ਜ਼ਹਿਰ ਚੜ੍ਹ ਜਾਵੇਗਾ।''
ਸਾਧੂ ਬੋਲਿਆ,''ਜਦੋਂ ਬਿੱਛੂ ਆਪਣਾ ਡੰਗ ਮਾਰਨ ਦਾ ਸੁਭਾਅ ਨਹੀਂ ਛੱਡਦਾ ਤਾਂ ਮੈਂ ਉਸ ਨੂੰ ਬਚਾਉਣ ਦਾ ਸੁਭਾਅ ਕਿਉਂ ਛੱਡਾਂ?''
ਜਦੋਂ ਅਗਿਆਨੀ ਵਿਅਕਤੀ ਕਰਮ ਨੂੰ ਲੈ ਕੇ ਮੋਹ ਤੇ ਹੰਕਾਰ ਦਾ ਸੁਭਾਅ ਨਹੀਂ ਛੱਡਦੇ ਤਾਂ ਗਿਆਨੀ ਨੂੰ ਪਿਆਰ ਦੀ ਭਾਵਨਾ ਛੱਡਣੀ ਨਹੀਂ ਚਾਹੀਦੀ। ਜਿਵੇਂ ਮਾੜਾ ਵਿਅਕਤੀ ਆਪਣੀ ਬੁਰਾਈ ਨਹੀਂ ਛੱਡਦਾ, ਉਸੇ ਤਰ੍ਹਾਂ ਚੰਗੇ ਵਿਅਕਤੀ ਨੂੰ ਆਪਣੀ ਚੰਗਿਆਈ ਨਹੀਂ ਛੱਡਣੀ ਚਾਹੀਦੀ। ਜਿਸ ਨੂੰ ਆਤਮਾ ਦਾ ਗਿਆਨ ਹੈ, ਉਹ ਗਿਆਨੀ ਹੈ ਪਰ ਜਿਸ ਨੂੰ ਆਪਣਾ ਹੀ ਗਿਆਨ ਨਹੀਂ, ਉਹ ਸਾਰੀ ਦੁਨੀਆ ਦਾ ਗਿਆਨ ਹੋਣ 'ਤੇ ਵੀ ਅਗਿਆਨੀ ਅਖਵਾਉਂਦਾ ਹੈ। ਜ਼ਿਆਦਾਤਰ ਮਨੁੱਖ ਅਗਿਆਨੀ ਹੁੰਦੇ ਹਨ ਅਤੇ ਫਲ ਬਾਰੇ ਸੋਚ ਕੇ ਹੀ ਕਰਮ ਕਰਦੇ ਰਹਿੰਦੇ ਹਨ। ਜਿਵੇਂ ਅਗਿਆਨੀ ਵਿਅਕਤੀ ਕਰਮ ਵਿਚ ਲੱਗਾ ਰਹਿੰਦਾ ਹੈ, ਉਸੇ ਤਰ੍ਹਾਂ ਵਿਦਵਾਨ ਨੂੰ ਵੀ ਚਾਹੀਦਾ ਹੈ ਕਿ ਉਹ ਫਲ ਦੀ ਚਿੰਤਾ ਕੀਤੇ ਬਿਨਾਂ ਕਰਮ ਕਰਦਾ ਰਹੇ ਅਤੇ ਦੂਜਿਆਂ ਦਾ ਹਿੱਤ ਕਰਦਿਆਂ ਅੱਗੇ ਵਧਦਾ ਰਹੇ।
ਜ਼ਿੰਦਗੀ ਸੁਲਝੀ ਹੋਈ ਹੈ, ਇਸ ਨੂੰ ਉਲਝਾਓ ਨਾ
NEXT STORY