ਸਾਫ ਮਨ 'ਚ ਹੀ ਪਰਮਾਤਮਾ ਦਾ ਵਾਸ ਹੁੰਦਾ ਹੈ। ਜਦੋਂ ਤਕ ਅਸੀਂ ਆਪਣੇ ਮਨ ਨੂੰ ਸਾਫ ਨਹੀਂ ਕਰਦੇ, ਉਦੋਂ ਤਕ ਪਰਮਾਤਮਾ ਦੇ ਆਉਣ ਦਾ ਸਥਾਨ ਨਹੀਂ ਬਣਦਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸਾਡਾ ਮਨ ਗੰਦਾ ਕਿਵੇਂ ਹੁੰਦਾ ਹੈ। ਸਾਡੇ ਮਨ 'ਚ ਈਰਖਾ, ਨਫਰਤ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵੈਰ-ਵਿਰੋਧ ਜਿਹੇ ਵਿਕਾਰ ਭਰੇ ਹਨ। ਇਨ੍ਹਾਂ ਵਿਕਾਰਾਂ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਹੰਕਾਰ ਨੂੰ ਛੱਡਣ ਦੀ ਲੋੜ ਹੈ ਅਤੇ ਹੰਕਾਰ ਨੂੰ ਛੱਡਣ ਲਈ ਪ੍ਰਮਾਤਮਾ ਦੀ ਇੱਛਾ ਨੂੰ ਮੰਨਣਾ ਜ਼ਰੂਰੀ ਹੈ। ਜਿਵੇਂ ਹੀ ਅਸੀਂ ਸਵੀਕਾਰ ਭਾਵ 'ਚ ਆ ਜਾਂਦੇ ਹਾਂ ਤਾਂ ਸਾਡਾ ਮਨ ਸਾਫ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਇਹ ਸ਼ੈਤਾਨ ਦਾ ਘਰ ਨਾ ਰਹਿ ਕੇ ਪ੍ਰਮਾਤਮਾ ਦਾ ਮੰਦਿਰ ਬਣ ਜਾਂਦਾ ਹੈ। ਫਿਰ ਸਾਨੂੰ ਕਿਸੇ ਧਰਮ ਸਥਾਨ 'ਤੇ ਜਾ ਕੇ ਪੂਜਾ-ਪਾਠ ਕਰਨ ਦੀ ਲੋੜ ਨਹੀਂ ਰਹਿੰਦੀ ਸਗੋਂ ਅਸੀਂ ਆਪਣੇ ਮਨ 'ਚ ਹੀ ਆਪਣੇ ਸੱਜਣ ਦੀ ਤਸਵੀਰ ਦੇਖ ਕੇ ਉਸ ਦੀ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਹਾਂ।
ਸਾਡਾ ਮਨ ਸਾਨੂੰ ਵਾਰ-ਵਾਰ ਮੁਸ਼ਕਲਾਂ ਦੀ ਯਾਦ ਦਿਵਾ ਕੇ ਪ੍ਰੇਸ਼ਾਨ ਕਰਦਾ ਹੈ ਅਤੇ ਅਸੀਂ ਹਿੰਮਤ ਹਾਰ ਕੇ ਰੁਕ ਜਾਂਦੇ ਹਾਂ। ਅਸੀਂ ਮਨ ਦੀ ਇਸ ਸ਼ਰਾਰਤ ਨੂੰ ਸਮਝਣਾ ਹੈ ਅਤੇ ਹਿੰਮਤ ਰੱਖ ਕੇ ਲਗਾਤਾਰ ਚੱਲਣਾ ਹੈ। ਇਸੇ ਨਾਲ ਸਾਨੂੰ ਸਫਲਤਾ ਮਿਲੇਗੀ ਅਤੇ ਅਸੀਂ ਆਪਣੀ ਮੰਜ਼ਿਲ ਤਕ ਪਹੁੰਚ ਸਕਾਂਗੇ। ਜਦੋਂ ਅਸੀਂ ਅਧਿਆਤਮਕ ਮਾਰਗ 'ਤੇ ਚੱਲਦੇ ਹਾਂ ਤਾਂ ਇਸ ਦੀਆਂ ਵੱਖ-ਵੱਖ ਮੰਜ਼ਿਲਾਂ ਆਉਂਦੀਆਂ ਹਨ, ਜਿਨ੍ਹਾਂ ਨੂੰ ਅਧਿਆਤਮਕ ਮਾਰਗ ਦੇ ਪੜਾਅ ਕਿਹਾ ਗਿਆ ਹੈ। ਕੁਲ 11 ਪੜਾਅ ਹਨ ਅਤੇ ਪ੍ਰੇਮ ਚੌਥੇ ਪੜਾਅ 'ਤੇ ਹੈ ਮਤਲਬ ਜਦੋਂ ਅਸੀਂ ਚੱਲਦੇ ਹਾਂ ਤਾਂ ਸਾਨੂੰ ਵੱਖ-ਵੱਖ ਮੰਜ਼ਿਲਾਂ ਨੂੰ ਪਾਰ ਕਰਨਾ ਪੈਂਦਾ ਹੈ। ਪ੍ਰੇਮ ਚੌਥੀ ਮੰਜ਼ਿਲ ਹੈ। ਇਕ ਸੰਸਾਰਕ ਪ੍ਰਾਣੀ ਲਈ ਚੌਥੇ ਪੜਾਅ 'ਤੇ ਪਹੁੰਚ ਜਾਣਾ ਹੀ ਕਾਫੀ ਹੈ ਕਿਉਂਕਿ ਜਿਹੜਾ ਪ੍ਰੇਮ ਤਕ ਪਹੁੰਚ ਜਾਂਦਾ ਹੈ, ਉਸ ਦਾ ਅੱਗੇ ਦਾ ਸਫਰ ਆਪਣੇ ਆਪ ਤੈਅ ਹੋਣਾ ਸ਼ੁਰੂ ਹੋ ਜਾਂਦਾ ਹੈ। ਪ੍ਰੇਮ ਧਾਰ ਕੇ ਮਨੁੱਖ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ, ਫਿਰ ਉਸ ਨੂੰ ਕੁਝ ਹੋਰ ਕਰਨ ਦੀ ਲੋੜ ਹੀ ਨਹੀਂ ਰਹਿੰਦੀ।
ਪ੍ਰੇਮ ਸਾਡੇ ਅੰਦਰ ਨਵੇਂ ਜੀਵਨ ਦਾ ਸੰਚਾਰ ਕਰਦਾ ਹੈ ਪਰ ਪ੍ਰੇਮ ਦਾ ਸੰਚਾਰ ਉਦੋਂ ਹੁੰਦਾ ਹੈ ਜਦੋਂ ਅਸੀਂ ਆਪਣੀ ਸੁਰਤੀ ਨੂੰ ਬਾਹਰੋਂ ਮੋੜ ਕੇ ਅੰਦਰ ਵੱਲ ਕਰ ਲੈਂਦੇ ਹਾਂ। ਸੁਰਤੀ ਦਾ ਕੰਮ ਊਰਜਾ ਦੇਣਾ ਹੈ। ਜਦੋਂ ਸੁਰਤੀ ਬਾਹਰ ਹੁੰਦੀ ਹੈ ਤਾਂ ਇਹ ਸਾਡੇ ਮਨ ਨੂੰ ਬਲ ਦਿੰਦੀ ਹੈ ਅਤੇ ਮਨ ਸਰਗਰਮ ਹੋ ਕੇ ਆਪਣੀ ਖੇਡ ਖੇਡਦਾ ਹੈ। ਜਦੋਂ ਅਸੀਂ ਮਨ ਤੋਂ ਪਾਰ ਨਿਕਲ ਕੇ ਆਪਣੀ ਸੁਰਤੀ ਨੂੰ ਦਿਲ 'ਚ ਲਿਜਾਂਦੇ ਹਾਂ ਤਾਂ ਇਹ ਸਾਡੇ ਦਿਲ ਨੂੰ ਮਜ਼ਬੂਤ ਕਰਦੀ ਹੈ ਅਤੇ ਸਾਡੀ ਚੇਤਨਾ ਦਾ ਵਿਸਤਾਰ ਸ਼ੁਰੂ ਹੋ ਜਾਂਦਾ ਹੈ।
ਚੇਤਨਾ ਦਾ ਵਿਸਤਾਰ ਹੁੰਦਿਆਂ ਹੀ ਸਾਨੂੰ ਆਪਣੇ ਅੰਦਰ ਦੈਵੀ ਸ਼ਕਤੀਆਂ ਦੇ ਭੰਡਾਰ ਨਜ਼ਰ ਆਉਣ ਲੱਗਦੇ ਹਨ ਅਤੇ ਸਾਡੀਆਂ ਸਮਰੱਥਾਵਾਂ ਜਾਗ ਜਾਂਦੀਆਂ ਹਨ। ਫਿਰ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਪ੍ਰਮਾਤਮਾ ਨੇ ਸਾਨੂੰ ਕਿੰਨਾ ਸ੍ਰੇਸ਼ਠ ਜੀਵਨ ਦਿੱਤਾ ਹੈ। ਅਸੀਂ ਇਹ ਵੀ ਸਮਝ ਜਾਂਦੇ ਹਾਂ ਕਿ ਅਸੀਂ ਸਰੀਰ ਨਹੀਂ, ਮਨ ਨਹੀਂ, ਸਗੋਂ ਆਤਮਾ ਹਾਂ। ਇਸ ਗੱਲ ਦਾ ਅਹਿਸਾਸ ਹੁੰਦਿਆਂ ਹੀ ਅਸੀਂ ਮਨ ਦੇ ਪਾਰ ਚਲੇ ਜਾਂਦੇ ਹਾਂ। ਸਾਡਾ ਹੰਕਾਰ ਮਿਟ ਜਾਂਦਾ ਹੈ ਅਤੇ ਪ੍ਰੇਮ ਦੇ ਰੂਪ 'ਚ ਸਾਡੀ ਆਤਮਾ ਜਾਗ ਜਾਂਦੀ ਹੈ। ਸਾਡੇ ਸਾਰੇ ਭਰਮ ਤੇ ਡਰ ਮਿਟਣੇ ਸ਼ੁਰੂ ਹੋ ਜਾਂਦੇ ਹਨ ਅਤੇ ਅਸੀਂ ਆਤਮਿਕ ਤੌਰ 'ਤੇ ਜਾਗ੍ਰਿਤ ਹੋ ਕੇ ਪ੍ਰਮਾਤਮਾ ਨਾਲ ਇਕ ਹੋ ਜਾਂਦੇ ਹਾਂ। ਅਸੀਂ ਸਮਝ ਜਾਂਦੇ ਹਾਂ ਕਿ ਸਾਡਾ ਹੋਣਾ ਹੀ ਪ੍ਰਮਾਤਮਾ ਦਾ ਹੋਣਾ ਹੈ। ਸਾਡਾ ਹੋਣਾ ਹੀ ਪ੍ਰਮਾਤਮਾ ਦੇ ਹੋਣ ਦਾ ਸਭ ਤੋਂ ਵੱਡਾ ਸਬੂਤ ਹੈ। ਇਸ ਗੱਲ ਦਾ ਅਹਿਸਾਸ ਕਰਨਾ ਹੀ ਦਸਵੇਂ ਦੁਆਰ 'ਚ ਪਹੁੰਚਣਾ ਹੈ।
ਨੀਅਤ ਨਾਲ ਦਿੱਤਾ ਦਾਨ ਇਕ ਰੁਪਿਆ ਵੀ ਬਹੁਤ ਹੈ
NEXT STORY