ਮਮਦੋਟ, (ਸੰਜੀਵ, ਧਵਨ)- ਅੱਜ ਬਾਅਦ ਦੁਪਹਿਰ ਪਿੰਡ ਭੂਰੇ ਕਲਾਂ ਦੇ ਲਾਗੇ ਮੋਟਰਸਾਈਕਲ ਅਤੇ ਕਾਰ ਵਿਚਾਲੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਮੋਟਰਸਾਈਕਲ ਦੇ ਪਿੱਛੇ ਬੈਠੀਆਂ ਦੋਵੇਂ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਦੀ ਖਬਰ ਲਿਖੇ ਜਾਣ ਤੱਕ ਹਾਲਤ ਕਾਫੀ ਚਿੰਤਾਜਨਕ ਦੱਸੀ ਜਾ ਰਹੀ ਸੀ। ਹਾਦਸੇ ਸਬੰਧੀ ਥਾਣਾ ਮੁਖੀ ਜਗਦੀਸ਼ ਲਾਲ ਨੇ ਰਵਿੰਦਰ ਸਿੰਘ ਰਵੀ ਦੇ ਬਿਆਨਾਂ ਦੇ ਆਧਾਰ 'ਤੇ ਦੱਸਿਆ ਕਿ ਉਸ ਦਾ ਪਿਤਾ ਰਾਜਕੁਮਾਰ ਪੁੱਤਰ ਸੁਖਦੇਵ ਸਿੰਘ ਵਾਸੀ ਫਰੀਦਕੋਟ ਆਪਣੀਆਂ ਰਿਸ਼ਤੇਦਾਰ ਔਰਤਾਂ ਨਿੱਕੋ ਪਤਨੀ ਪੱਪੂ ਵਾਸੀ ਮਹਿਲ ਸਿੰਘ ਵਾਲਾ ਅਤੇ ਗੀਤਾ ਪਤਨੀ ਹਰਪ੍ਰੀਤ ਸਿੰਘ ਵਾਸੀ ਕਰੀ ਕਲਾਂ ਸਮੇਤ ਫਿਰੋਜ਼ਪੁਰ ਵਿਖੇ ਕਿਸੇ ਭੋਗ ਸਮਾਗਮ ਤੋਂ ਹੋ ਕੇ ਆ ਰਹੇ ਸਨ। ਜਦੋਂ ਉਹ ਪਿੰਡ ਭੂਰੇ ਕਲਾਂ ਵਿਖੇ ਪਹੁੰਚੇ ਤਾਂ ਆਲਟੋ ਕਾਰ ਪੀ ਬੀ 03 ਈ 0099 ਨੇ ਮੋਟਰਸਾਈਕਲ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਦੌਰਾਨ ਮੋਟਰਸਾਈਕਲ ਅਤੇ ਕਾਰ ਪਲਟੀਆਂ ਖਾਂਦੇ ਹੋਏ ਖੇਤਾਂ 'ਚ ਜਾ ਡਿੱਗੇ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਮੋਟਰਸਾਈਕਲ ਚਾਲਕ ਰਾਜਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਉਸ ਦੇ ਪਿੱਛੇ ਬੈਠੀਆਂ ਦੋਵੇਂ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਹਾਈਵੇ ਪੈਟਰੋਲਿੰਗ ਅਤੇ ਐਮਰਜੈਂਸੀ ਐਂਬੂਲੈਂਸ ਦੁਆਰਾ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਭੇਜ ਦਿੱਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜੱਟਾ ਤੇਰੀ ਜੂਨ ਬੁਰੀ...!
NEXT STORY