ਲੁਧਿਆਣਾ(ਕੁਲਵੰਤ)-ਦੁੱਗਰੀ ਫੇਸ-1 ਸਥਿਤ ਮਾਰਕੀਟ ਵਿਚ ਇਕ ਕਾਰ ਸਵਾਰ ਨੌਜਵਾਨ 'ਤੇ ਦੋਸ਼ ਲਗਾਇਆ ਗਿਆ ਕਿ ਉਸਨੇ ਇਕ ਲੜਕੀ ਵਲੋਂ ਫੇਸਬੁੱਕ 'ਤੇ ਦੋਸਤੀ ਦੀ ਪੇਸ਼ਕਸ਼ ਅਸਵੀਕਾਰ ਕਰਨ 'ਤੇ ਉਸ ਲੜਕੀ ਨਾਲ ਸ਼ਰੇਆਮ ਛੇੜਛਾੜ ਕਰਕੇ ਅਪਸ਼ਬਦ ਬੋਲੇ। ਪੀੜਤਾ ਵਲੋਂ ਰੌਲਾ ਪਾਉਣ 'ਤੇ ਦੋਸ਼ੀ ਉਸ ਨੂੰ ਅਗਵਾ ਕਰਨ ਦੀਆਂ ਧਮਕੀਆਂ ਦਿੰਦਾ ਹੋਇਆ ਫਰਾਰ ਹੋ ਗਿਆ। ਘਟਨਾ ਦੇ ਬਾਅਦ ਪੀੜਤਾ ਨੇ ਥਾਣਾ ਸ਼ਹੀਦ ਭਗਤ ਸਿੰਘ ਨਗਰ ਵਿਚ ਦਰਜ ਕਰਵਾਈ ਲਿਖਤੀ ਸ਼ਿਕਾਇਤ 'ਚ ਦੱਸਿਆ ਕਿ ਅੱਜ ਸਵੇਰੇ ਕਰੀਬ 11.30 ਵਜੇ ਸ਼ਹੀਦ ਭਗਤ ਸਿੰਘ ਨਗਰ ਸਥਿਤ ਆਪਣੇ ਘਰੋਂ ਆਪਣੀ ਗੱਡੀ 'ਤੇ ਸਵਾਰ ਹੋ ਕੇ ਮਾਰਕੀਟ ਜਾ ਰਹੀ ਸੀ। ਇਸ ਦੌਰਾਨ ਦੁੱਗਰੀ ਫੇਸ-2 ਦੇ ਸਾਹਮਣੇ ਅਣਪਛਾਤੇ ਵਿਅਕਤੀ ਨੇ ਉਸਦੀ ਗੱਡੀ ਦੇ ਅੱਗੇ ਆਪਣੀ ਨੀਲੇ ਰੰਗ ਦੀ ਫੋਰਡ ਆਇਕਾਨ ਗੱਡੀ ਲਗਾ ਦਿੱਤੀ ਅਤੇ ਉਸਦੀ ਗੱਡੀ ਦਾ ਸ਼ੀਸ਼ਾ ਖੜਕਾ ਕੇ ਉਸ ਨਾਲ ਗੱਲਬਾਤ ਕਰਨ ਦਾ ਯਤਨ ਕਰਨ ਲੱਗਾ। ਜਦੋਂ ਉਸਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸਦੀ ਬਾਂਹ ਫੜ ਕੇ ਗੱਡੀ ਤੋਂ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ। ਉਸਨੇ ਕਿਸੇ ਤਰ੍ਹਾਂ ਖੁਦ ਨੂੰ ਬਚਾ ਕੇ ਦੋਸ਼ੀ ਨੂੰ ਧੱਕਾ ਮਾਰ ਕੇ ਰੌਲਾ ਪਾਇਆ। ਰੌਲਾ ਪਾਉਣ ਦੇ ਬਾਅਦ ਲੋਕਾਂ ਨੂੰ ਇਕੱਠਾ ਹੁੰਦੇ ਦੇਖ ਕੇ ਦੋਸ਼ੀ ਉਸ ਨੂੰ ਅਗਵਾ ਦੀਆਂ ਧਮਕੀਆਂ ਦਿੰਦਾ ਹੋਇਆ ਫਰਾਰ ਹੋ ਗਿਆ।
ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਪਿਛਲੇ 2-3 ਮਹੀਨਿਆਂ ਤੋਂ ਉਸ ਨੂੰ ਆਪਣੀ ਫੇਸਬੁੱਕ ਆਈ ਡੀ 'ਤੇ ਵਾਰ-ਵਾਰ ਦੋਸਤੀ ਦੀ ਪੇਸ਼ਕਸ਼ ਕਰਕੇ ਪ੍ਰੇਸ਼ਾਨ ਕਰ ਰਿਹਾ ਹੈ। ਉਸ ਵਲੋਂ ਫੇਸ ਬੁੱਕ 'ਤੇ ਕੀਤੀ ਗਈ ਪੇਸ਼ਕਸ਼ ਨੂੰ ਵਾਰ-ਵਾਰ ਡਿਲੀਟ ਕਰਨ 'ਤੇ ਦੋਸ਼ੀ ਨੇ ਅੱਜ ਉਸਦੇ ਨਾਲ ਸ਼ਰੇਆਮ ਉਕਤ ਘਿਨੌਣੀ ਹਰਕਤ ਕਰਕੇ ਅਗਵਾ ਕਰਨ ਦੀਆਂ ਧਮਕੀਆਂ ਦਿੱਤੀਆਂ। ਪੀੜਤਾ ਨੇ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ੇਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਉਣ ਦੀ ਗੁਹਾਰ ਲਗਾਈ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
'ਹੈਲਮਟ ਨਹੀਂ ਤਾਂ ਪੈਟ੍ਰੋਲ ਨਹੀਂ'
NEXT STORY