ਅਗਲੀ ਫ਼ਿਲਮ ਬਾਬਾ ਬੰਦਾ ਸਿੰਘ ਬਹਾਦਰ ਬਣਾ ਰਿਹਾ ਹਾਂ : ਹੈਰੀ
ਪਟਿਆਲਾ(ਜੋਸਨ)-ਐਨੀਮੇਟਿਡ ਫ਼ਿਲਮ 'ਚਾਰ ਸਾਹਿਬਜ਼ਾਦੇ' ਬਣਾਉਣ ਤੋਂ ਬਾਅਦ ਪੰਜਾਬੀਆਂ ਵਿਚ ਸਤਿਕਾਰਯੋਗ ਬਣੇ ਹੈਰੀ ਬਵੇਜਾ ਨੇ 'ਨਾਨਕ ਸ਼ਾਹ ਫਕੀਰ' ਫ਼ਿਲਮ ਦੇ ਪੱਖ ਵਿਚ ਖੜ੍ਹਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਨਿਰਮਾਤਾ ਨੂੰ ਇਹੋ ਜਿਹੀ ਫ਼ਿਲਮ ਬਣਾਉਣ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ ਸੀ, ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਫ਼ਿਲਮਕਾਰ ਦਾ ਪਹਿਲਾ ਫ਼ਰਜ਼ ਹੈ। ਉਹ ਅੱਜ ਇੱਥੇ ਸਰਬ ਭਾਰਤੀ ਕਾਨਫ਼ਰੰਸ ਵਿਚ ਸਨਮਾਨ ਲੈਣ ਲਈ
ਪੁੱਜੇ ਸਨ। ਹੈਰੀ ਬਵੇਜਾ ਨੇ ਕਿਹਾ ਕਿ ਜੋ ਵੀ ਕੋਈ ਫ਼ਿਲਮਕਾਰ ਸਿੱਖ ਧਰਮ ਬਾਰੇ ਫ਼ਿਲਮ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਸਕਰਿਪਟ ਸ਼੍ਰੋਮਣੀ ਕਮੇਟੀ ਦੀ ਸੰਬੰਧਤ ਕਮੇਟੀ ਤੋਂ ਸੈਂਸਰ ਕਰਵਾ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਝਮੇਲਾ ਬਾਅਦ ਵਿਚ ਨਾ ਪਵੇ।
ਉਨ੍ਹਾਂ ਕਿਹਾ ਕਿ ਕੇਂਦਰੀ ਸੈਂਸਰ ਬੋਰਡ ਵਿਚ ਕਿਸੇ ਵੀ ਧਰਮ ਨਾਲ ਸੰਬੰਧਤ ਕੋਈ ਵੀ ਵਿਦਵਾਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਨਿਰੋਲ ਫ਼ਿਲਮਾਂ ਦੀ ਪਾਏਦਾਰ ਅਤੇ ਦੇਸ਼ ਦੇ ਹਿਤ ਵਿਚ ਹੋਣ ਦਾ ਫੈਸਲਾ ਕਰਨ ਵਾਲਾ ਬੋਰਡ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰੇਕ ਧਰਮ ਦੇ ਵਿਦਵਾਨ ਸੈਂਸਰ ਬੋਰਡ ਵਿਚ ਪਾਏ ਜਾਣ ਲੱਗ ਜਾਣ ਤਾਂ ਲਿਸਟ ਬਹੁਤ ਵੱਡੀ ਹੋ ਜਾਵੇਗੀ।
ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਵਲੋਂ ਫ਼ਿਲਮਾਂ ਦੇ ਸੈਂਸਰ ਲਈ ਬਣਾਈ ਗਈ ਕਮੇਟੀ ਵਿਚ ਵੀ ਕੋਈ ਫ਼ਿਲਮੀ ਵਿਦਵਾਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਸਿਰਫ਼ ਧਾਰਮਿਕ ਪੱਖ ਹੀ ਦੇਖਦੇ ਹਨ। ਹੈਰੀ ਬਵੇਜਾ ਨੇ ਕਿਹਾ ਕਿ ਮੇਰੀ ਅਗਲੀ ਐਨੀਮੇਸ਼ਨ ਫ਼ਿਲਮ 'ਬਾਬਾ ਬੰਦਾ ਸਿੰਘ ਬਹਾਦਰ' ਬਣ ਰਹੀ ਹੈ ਜਿਸ ਦੀ ਸਕਰਿਪਟ ਅਸੀਂ ਸ਼੍ਰੋਮਣੀ ਕਮੇਟੀ ਦੀ ਸੰਬੰਧਤ ਕਮੇਟੀ ਕੋਲ ਭੇਜ ਦਿੱਤੀ ਹੈ। ਉਸ ਦੇ ਪਾਸ ਹੁੰਦਿਆਂ ਹੀ ਇਸ ਫ਼ਿਲਮ ਨੂੰ ਜਲਦੀ ਹੀ ਸੰਗਤਾਂ ਦੇ ਸਨਮੁੱਖ ਕਰ ਦਿੱਤਾ ਜਾਵੇਗਾ।'
ਕਤਲ ਦੇ ਦੋਸ਼ 'ਚ ਪਤਨੀ ਅਤੇ ਉਸ ਦੇ ਆਸ਼ਕ ਨੂੰ ਉਮਰ ਕੈਦ
NEXT STORY