ਕਾਠਮੰਡੂ— ਨੇਪਾਲ ਵਿਚ ਆਏ ਭੂਚਾਲ ਤੋਂ ਬਾਅਦ ਕਿਸੇ ਤਰ੍ਹਾਂ ਬਚਾਏ ਗਏ ਚਾਰ ਮਹੀਨਿਆਂ ਦੇ ਬੱਚੇ 'ਤੇ ਰੱਬ ਦੀ ਕਿਰਪਾ ਰਹੀ ਤੇ ਉਸ ਦਾ ਵਾਲ ਵਿੰਗਾ ਨਹੀਂ ਹੋਇਆ। ਸੋਨਿਤ ਅਵਾਲ ਨਾਂ ਦਾ ਇਹ ਬੱਚਾ ਜਦੋਂ ਮਲਬੇ ਹੇਠਾਂ ਸੀ ਤਾਂ ਬਾਹਰ ਇਸ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੀ ਸੀ। ਜਿੰਨੀਂ ਦੇਰ ਤੱਕ ਉਹ ਮਲਬੇ ਹੇਠਾਂ ਦੱਬਿਆ ਰਿਹਾ, ਓਨੀਂ ਦੇਰ ਤੱਕ ਉਸ ਦੇ ਰੋਣ ਅਤੇ ਚੀਕਾਂ ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ। ਸੋਨਿਤ ਜਿਸ ਥਾਂ ਮਲਬੇ ਵਿਚ ਦੱਬਿਆ ਸੀ, ਉਸ ਦੇ ਉੱਪਰ ਮਜ਼ਬੂਤ ਅਲਮਾਰੀ ਸੀ, ਜਿਸ ਕਾਰਨ ਉਹ ਬਚ ਗਿਆ।
ਭੂਚਾਲ ਤੋਂ ਬਾਅਦ ਘਰ ਡਿੱਗਣ ਤੋਂ ਪਹਿਲਾਂ ਸਾਰੇ ਕਿਸੇ ਤਰ੍ਹਾਂ ਘਰੋਂ ਬਾਹਰ ਆ ਗਏ ਪਰ ਬੱਚੇ ਦਾ ਕਿਸੇ ਨੂੰ ਧਿਆਨ ਹੀ ਨਾ ਰਿਹਾ। ਬਾਅਦ ਵਿਚ ਜਦੋਂ ਪਰਿਵਾਰ ਬੱਚੇ ਨੂੰ ਲੱਭਣ ਲੱਗਾ ਤਾਂ ਉਸ ਦਾ ਕੁਝ ਵੀ ਪਤਾ ਨਹੀਂ ਲੱਗਾ। ਜਦੋਂ ਅਚਾਨਕ ਡਿੱਗੇ ਹੋਏ ਮਲਬੇ 'ਚੋਂ ਸੋਨਿਤ ਦੇ ਰੋਣ ਦੀਆਂ ਅਵਾਜ਼ਾਂ ਆਈਆਂ ਤਾਂ ਆਸ ਦੀ ਇਕ ਕਿਰਨ ਜਾਗ ਪਈ। ਸੋਨਿਤ ਦੇ ਪਿਤਾ ਨੇ ਉਸ ਨੂੰ ਬਚਾਉਣ ਲਈ ਆਪਣੀ ਪੂਰੀ ਵਾਹ ਲਗਾ ਦਿੱਤੀ। ਉਹ ਹੱਥਾਂ ਨਾਲ ਹੀ ਮਲਬਾ ਪਰ੍ਹੇ ਕਰਨ ਲੱਗ ਪਿਆ। ਉਨ੍ਹਾਂ ਦੇ ਸਾਰੇ ਗੁਆਂਢੀ ਮਦਦ ਲਈ ਅੱਗੇ ਆ ਗਏ ਪਰ ਜਦੋਂ ਰਾਹਤ ਟੀਮ ਆਈ ਤਾਂ ਸੋਨਿਤ ਦੀ ਮਾਂ ਦੀ ਜਾਨ ਵਿਚ ਜਾਨ ਆਈ। ਉਸ ਨੂੰ ਭਰੋਸਾ ਹੋ ਗਿਆ ਸੀ ਕਿ ਹੁਣ ਉਸ ਦਾ ਬੱਚਾ ਬਚ ਜਾਵੇਗਾ।
ਜਦੋਂ 4 ਮਹੀਨਿਆਂ ਦੇ ਸੋਨਿਤ ਨੂੰ ਮਲਬੇ ਹੇਠੋਂ ਬਿਨਾਂ ਕਿਸੇ ਖਰੋਚ ਦੇ ਬਾਹਰ ਕੱਢਿਆ ਗਿਆ ਤਾਂ ਹਰ ਪਾਸੇ ਖੁਸ਼ੀ ਦੀ ਲਹਿਰ ਫੈਲ ਗਈ। ਸੋਨਿਤ ਦੀ ਮਾਂ ਅਤੇ ਪਰਿਵਾਰ ਹੁਣ ਖੁੱਲ੍ਹੇ ਮੈਦਾਨ ਵਿਚ ਰਹਿ ਰਹੇ ਹਨ। ਉਹ ਵਾਰ-ਵਾਰ ਇਹ ਹੀ ਕਹਿੰਦੀ ਹੈ, ਘਰ ਤਾਂ ਫਿਰ ਬਣ ਜਾਊਂ, ਮੇਰਾ ਬੱਚਾ ਬਚ ਗਿਆ। ਇਹੀ ਬਹੁਤ ਆ।
'ਬੀਫ ਮਸਾਲਾ', ਪਾਕਿ ਨੇ ਦਿੱਤੀ ਸਫਾਈ, ਕਿਹਾ ਬਦਨਾਮ ਕਰ ਰਿਹੈ ਭਾਰਤ
NEXT STORY