ਦੂਜੇ ਤ੍ਰਿਣ ਖਾਣ ਵਾਲੇ ਸ਼ਾਕਾਹਾਰੀ ਜਾਨਵਰ ਹਨ, ਜਿਵੇਂ ਗਊ, ਬੈਲ, ਬੱਕਰੀ, ਭੇਡ ਆਦਿ। ਇਹ ਘਾਹ-ਫੂਸ ਹੀ ਖਾ ਸਕਦੇ ਹਨ, ਮਾਸ ਖਾ ਹੀ ਨਹੀਂ ਸਕਦੇ। ਤੀਜੇ ਪ੍ਰਾਣੀ ਮਨੁੱਖੀ ਸਰੀਰਧਾਰੀ ਹਨ,ਇਹ ਕਈ ਤਰ੍ਹਾਂ ਦੇ ਸੁਆਦੂ ਪਦਾਰਥ ਬਣਾ ਕੇ ਖਾਂਦੇ ਹਨ। ਜਦੋਂ ਤਕ ਇਹ ਤਰ੍ਹਾਂ-ਤਰ੍ਹਾਂ ਦੇ ਸੁਆਦੂ ਭੋਜਨ ਨਾ ਖਾਣ, ਉਦੋਂ ਤਕ ਇਨ੍ਹਾਂ ਦੀ ਭੁੱਖ ਨਹੀਂ ਮਿਟਦੀ। ਭਾਵੇਂ ਢਿੱਡ ਫੁੱਟਬਾਲ ਵਾਂਗ ਕਿਉਂ ਨਾ ਤਣ ਜਾਣ। ਇਹ ਗੱਲ ਵੀ ਸਹੀ ਹੈ ਕਿ ਇਨ੍ਹਾਂ ਪਦਾਰਥਾਂ ਦੇ ਖਾਣ ਨਾਲ ਵੀ ਥੋੜ੍ਹੀ ਦੇਰ ਵਾਸਤੇ ਹੀ ਭੁੱਖ ਖਤਮ ਹੁੰਦੀ ਹੈ¸ਅੱਠ-ਦਸ ਘੰਟਿਆਂ ਬਾਅਦ ਫਿਰ ਭੁੱਖ ਲੱਗਦੀ ਹੈ। ਇਹ ਸਿਲਸਿਲਾ ਇਵੇਂ ਹੀ ਸਾਰੀ ਉਮਰ ਚੱਲਦਾ ਰਹਿੰਦਾ ਹੈ। ਉਮਰ ਦੇ ਨਾਲ ਢਿੱਡ ਨਾ ਵੀ ਕੁਝ ਹਜ਼ਮ ਕਰ ਸਕਦਾ ਹੋਵੇ ਪਰ ਭੁੱਖ ਵਧਦੀ ਹੀ ਜਾਂਦੀ ਹੈ।
ਇਨ੍ਹਾਂ ਸਾਰੇ ਹੀ ਪ੍ਰਾਣੀਆਂ ਦੀ ਸੁਰਤਿ ਜੰਮਣ-ਮਰਨ ਵਾਲੇ ਅਸਥੂਲ ਸਰੀਰ 'ਚ ਹੀ ਸਦਾ ਕੈਦ ਰਹਿੰਦੀ ਹੈ। ਜਾਨਵਰ ਦੇ ਤਾਂ ਪ੍ਰਾਣ ਹੀ ਅਸਥੂਲ ਸਰੀਰ 'ਚ ਕੈਦ ਹੁੰਦੇ ਹਨ (ਉਨ੍ਹਾਂ 'ਚ ਮਨ ਪੂਰਾ ਵਿਕਸਿਤ ਹੀ ਨਹੀਂ ਹੋਇਆ ਹੁੰਦਾ) ਪਰ ਮਨੁੱਖਾਂ ਵਿਚ ਤਾਂ ਪ੍ਰਾਣ ਹੀ ਨਹੀਂ, ਮਨ ਵੀ ਅਸਥੂਲ ਸਰੀਰ ਦਾ ਕੈਦੀ ਬਣਿਆ ਰਹਿੰਦਾ ਹੈ। ਇਸ ਕਰਕੇ ਉਨ੍ਹਾਂ ਦਾ ਢਿੱਡ ਚਾਹੇ ਭਰ ਜਾਵੇ ਪਰ ਮਨ ਦੀ ਭੁੱਖ ਹੋਰ ਵੀ ਵਧਦੀ ਰਹਿੰਦੀ ਹੈ।
ਜਦੋਂ ਤਕ ਮਨੁੱਖਾਂ ਦੀ ਸੁਰਤਿ ਅਸਥੂਲ ਸਰੀਰ ਵਿਚ ਕੈਦ ਹੋਈ, ਛੱਤੀ ਪ੍ਰਕਾਰ ਦੇ ਪਦਾਰਥਾਂ ਨੂੰ ਖਾਣ ਵਿਚ ਹੀ ਫਸੀ ਹੋਈ ਰਹਿੰਦੀ ਹੈ, ਉਦੋਂ ਤਕ ਉਨ੍ਹਾਂ ਨੂੰ 'ਨਾਮ' ਦੀ ਭੁੱਖ ਨਹੀਂ ਲੱਗ ਸਕਦੀ, ਉਹ ਨਾਮ ਦਾ ਭੋਜਨ ਹਜ਼ਮ ਹੀ ਨਹੀਂ ਕਰ ਸਕਦੇ। ਜੇ ਨਾਮ-ਸਿਮਰਨ ਕਰਨ ਦੀ ਦੇਖਾ-ਦੇਖੀ ਕੋਸ਼ਿਸ਼ ਵੀ ਕਰਨਗੇ ਤਾਂ ਜੀਭ ਭਾਵੇਂ ਹਿੱਲੇ ਪਰ ਅੰਦਰ ਸਾਰੀ ਜੜ੍ਹਤਾ ਤੇ ਬਾਹਰ-ਮੁਖਤਾ ਹੀ ਬਣੀ ਰਹੇਗੀ। ਸਮੱਸਿਆ ਹੋਰ ਵੀ ਵਧ ਜਾਂਦੀ ਹੈ, ਜਦੋਂ ਇਕ ਮਨੁੱਖ ਮਿੱਟੀ ਵਿਚ ਫਸਿਆ ਮਿੱਟੀ ਨੂੰ ਹੀ ਖਾਣ ਲੱਗ ਜਾਂਦਾ ਹੈ, ਆਪਣੀ ਭੁੱਖ ਨੂੰ ਮਿਟਾਉਣ ਵਾਸਤੇ। ਇਹ ਮਿੱਟੀ ਕੀ ਹੈ? ਧਨ, ਮਕਾਨ ਆਦਿ ਜੜ੍ਹ ਪਦਾਰਥ ਮਿੱਟੀ ਹੀ ਤਾਂ ਹਨ, ਇਨ੍ਹਾਂ ਦੁਨਿਆਵੀ ਪਦਾਰਥਾਂ ਵਿਚ ਫਸਿਆ ਪ੍ਰਾਣੀ ਇਨ੍ਹਾਂ ਨੂੰ ਆਪਣੀ ਹਰ ਕਿਰਿਆ ਤੇ ਵਿਵਹਾਰ ਦਾ ਕੇਂਦਰ ਬਣਾ ਕੇ, ਆਪਣੇ ਮਨ ਵਿਚ ਇੰਨਾ ਜ਼ਿਆਦਾ ਭਰ ਲੈਂਦਾ ਹੈ ਕਿ ਸੌਂਦਿਆਂ, ਜਾਗਦਿਆਂ ਇਨ੍ਹਾਂ ਦਾ ਹੀ ਚਿੰਤਨ ਚੱਲਦਾ ਹੈ। ਇਹੋ ਜਿਹੇ ਪ੍ਰਾਣੀ ਨੂੰ ਨਾਮ ਦੀ ਭੁੱਖ ਕਿਵੇਂ ਲੱਗ ਸਕਦੀ ਹੈ। ਜੇ ਨਾਮ ਜਪ ਥੋੜ੍ਹਾ-ਬਹੁਤ ਕਰ ਵੀ ਲਵੇ, ਨਾਮ ਦਾ ਰਸ ਤਾਂ ਪ੍ਰਾਪਤ ਹੋ ਹੀ ਨਹੀਂ ਸਕਦਾ।