ਇਕ ਵਾਰ ਸਵਾਮੀ ਵਿਵੇਕਾਨੰਦ ਦੇ ਆਸ਼ਰਮ ਵਿਚ ਇਕ ਵਿਅਕਤੀ ਆਇਆ, ਆਉਂਦਿਆਂ ਹੀ ਸਵਾਮੀ ਜੀ ਦੇ ਚਰਨਾਂ ਵਿਚ ਡਿੱਗ ਪਿਆ ਅਤੇ ਬੋਲਿਆ,''ਮਹਾਰਾਜ! ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਦੁਖੀ ਹਾਂ। ਮੈਂ ਬਹੁਤ ਮਿਹਨਤ ਕਰਦਾ ਹਾਂ, ਕਾਫੀ ਲਗਨ ਨਾਲ ਕੰਮ ਕਰਦਾ ਹਾਂ ਪਰ ਕਦੇ ਵੀ ਸਫਲ ਨਹੀਂ ਹੋ ਸਕਿਆ।'
ਸਵਾਮੀ ਜੀ ਨੇ ਉਸ ਵਿਅਕਤੀ ਨੂੰ ਕਿਹਾ,''ਤੂੰ ਕੁਝ ਦੂਰ ਜ਼ਰਾ ਮੇਰੇ ਕੁੱਤੇ ਨੂੰ ਸੈਰ ਕਰਵਾ ਲਿਆ, ਫਿਰ ਮੈਂ ਤੇਰੇ ਸਵਾਲ ਦਾ ਜਵਾਬ ਦੇਵਾਂਗਾ।''
ਵਿਅਕਤੀ ਨੇ ਬੜੀ ਹੈਰਾਨੀ ਨਾਲ ਸਵਾਮੀ ਜੀ ਵੱਲ ਦੇਖਿਆ ਅਤੇ ਫਿਰ ਕੁੱਤੇ ਨੂੰ ਲੈ ਕੇ ਕੁਝ ਦੂਰ ਨਿਕਲ ਪਿਆ। ਕਾਫੀ ਦੇਰ ਤੱਕ ਕੁੱਤੇ ਨੂੰ ਸੈਰ ਕਰਵਾ ਕੇ ਉਹ ਵਿਅਕਤੀ ਵਾਪਸ ਸਵਾਮੀ ਜੀ ਕੋਲ ਪਹੁੰਚਿਆ ਤਾਂ ਸਵਾਮੀ ਜੀ ਨੇ ਦੇਖਿਆ ਕਿ ਉਸ ਵਿਅਕਤੀ ਦਾ ਚਿਹਰਾ ਅਜੇ ਵੀ ਚਮਕ ਰਿਹਾ ਸੀ, ਜਦਕਿ ਕੁੱਤਾ ਕਾਫੀ ਥੱਕਿਆ ਹੋਇਆ ਲੱਗ ਰਿਹਾ ਸੀ।
ਸਵਾਮੀ ਜੀ ਨੇ ਵਿਅਕਤੀ ਨੂੰ ਕਿਹਾ,''ਇਹ ਕੁੱਤਾ ਇੰਨਾ ਜ਼ਿਆਦਾ ਕਿਵੇਂ ਥੱਕ ਗਿਆ, ਜਦਕਿ ਤੂੰ ਤਾਂ ਅਜੇ ਵੀ ਸਾਫ-ਸੁਥਰਾ ਤੇ ਬਿਨਾਂ ਥੱਕਿਆ ਲੱਗ ਰਿਹਾ ਏਂ?''
ਇਹ ਸੁਣ ਕੇ ਵਿਅਕਤੀ ਬੋਲਿਆ,''ਮੈਂ ਤਾਂ ਸਿੱਧਾ-ਸਿੱਧਾ ਆਪਣੇ ਰਸਤੇ 'ਤੇ ਤੁਰ ਰਿਹਾ ਸੀ ਪਰ ਇਹ ਕੁੱਤਾ ਗਲੀ ਦੇ ਸਾਰੇ ਕੁੱਤਿਆਂ ਪਿੱਛੇ ਭੱਜ ਰਿਹਾ ਸੀ ਅਤੇ ਲੜ ਕੇ ਫਿਰ ਮੇਰੇ ਕੋਲ ਵਾਪਸ ਆ ਜਾਂਦਾ ਸੀ। ਅਸੀਂ ਦੋਵਾਂ ਨੇ ਇਕ ਸਮਾਨ ਰਸਤਾ ਤੈਅ ਕੀਤਾ ਹੈ ਪਰ ਫਿਰ ਵੀ ਇਸ ਕੁੱਤੇ ਨੇ ਮੇਰੇ ਨਾਲੋਂ ਕਿਤੇ ਜ਼ਿਆਦਾ ਦੌੜ ਲਗਾਈ ਹੈ, ਇਸ ਲਈ ਇਹ ਥੱਕ ਗਿਆ ਹੈ।''
ਸਵਾਮੀ ਜੀ ਨੇ ਮੁਸਕਰਾ ਕੇ ਕਿਹਾ,''ਇਹੀ ਤੇਰੇ ਸਾਰੇ ਸਵਾਲਾਂ ਦਾ ਜਵਾਬ ਹੈ, ਤੇਰੀ ਮੰਜ਼ਿਲ ਤੇਰੇ ਆਸ-ਪਾਸ ਹੀ ਹੈ, ਉਹ ਜ਼ਿਆਦਾ ਦੂਰ ਨਹੀਂ ਪਰ ਤੂੰ ਮੰਜ਼ਿਲ 'ਤੇ ਜਾਣ ਦੀ ਬਜਾਏ ਦੂਜੇ ਲੋਕਾਂ ਦੇ ਪਿੱਛੇ ਭੱਜਦਾ ਰਹਿੰਦਾ ਏਂ ਅਤੇ ਆਪਣੀ ਮੰਜ਼ਿਲ ਤੋਂ ਦੂਰ ਹੁੰਦਾ ਜਾਂਦਾ ਏਂ।''
ਦੋਸਤੋ, ਇਹੀ ਗੱਲ ਸਾਡੇ ਰੋਜ਼ਾਨਾ ਜੀਵਨ 'ਤੇ ਵੀ ਲਾਗੂ ਹੁੰਦੀ ਹੈ। ਅਸੀਂ ਹਮੇਸ਼ਾ ਦੂਜਿਆਂ ਦਾ ਪਿੱਛਾ ਕਰਦੇ ਰਹਿੰਦੇ ਹਾਂ ਕਿ ਉਹ ਡਾਕਟਰ ਹੈ ਤਾਂ ਮੈਂ ਵੀ ਡਾਕਟਰ ਬਣਨਾ ਹੈ, ਇਹ ਇੰਜੀਨੀਅਰ ਹੈ ਤਾਂ ਮੈਂ ਵੀ ਇੰਜੀਨੀਅਰ ਬਣਨਾ ਹੈ, ਉਹ ਜ਼ਿਆਦਾ ਪੈਸੇ ਕਮਾ ਰਿਹਾ ਹੈ ਤਾਂ ਮੈਂ ਵੀ ਕਮਾਉਣੇ ਹਨ। ਬਸ ਇਸੇ ਸੋਚ ਕਾਰਨ ਅਸੀਂ ਆਪਣਾ ਹੁਨਰ ਕਿਤੇ ਗੁਆ ਬੈਠਦੇ ਹਾਂ ਅਤੇ ਸਾਡੀ ਜ਼ਿੰਦਗੀ ਇਕ ਸੰਘਰਸ਼ ਬਣ ਕੇ ਰਹਿ ਜਾਂਦੀ ਹੈ। ਤਾਂ ਦੋਸਤੋ, ਦੂਜਿਆਂ ਦੇ ਪਿੱਛੇ ਨਾ ਲੱਗੋ ਅਤੇ ਆਪਣੀ ਮੰਜ਼ਿਲ ਖੁਦ ਬਣਾਓ।
ਆਖਰ ਕੀ ਕਾਰਨ ਹੈ ਇਸ ਅਸ਼ਾਂਤੀ ਤੇ ਘਾਟ ਦਾ?
NEXT STORY