ਜਦੋਂ ਜ਼ੁਲਮ ਦੀ ਹਨੇਰੀ ਝੁਲਦੀ ਹੈ ਤਾਂ ਕੋਈ ਨਾ ਕੋਈ ਸੰਤ ਜਾਂ ਸੂਰਮਾ ਜ਼ਰੂਰ ਜਨਮ ਲੈਂਦਾ ਹੈ। ਜ਼ਾਲਿਮ ਦੇ ਅੱਤਿਆਚਾਰਾਂ ਨੂੰ ਠੱਲ੍ਹ ਪਾਉਣ ਲਈ ਦਸਮ ਪਿਤਾ ਜੀ ਨੇ 1699 ਈ. ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਸਾਜਿਆ ਅਤੇ ਇਕ-ਇਕ ਸਿੰਘ ਨੂੰ ਸਵਾ-ਸਵਾ ਲੱਖ ਨਾਲ ਲੜਾਇਆ। ਜਿਵੇਂ ਕਿ ਆਪ ਜੀ ਨੇ ਫਰਮਾਇਆ ਹੈ ਕਿ-
ਸਵਾ ਲਾਖ ਸੇ ਏਕ ਲੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ।।
ਦਸਮ ਪਿਤਾ ਜੀ ਨੇ ਇਹ ਸੱਚ ਕਰ ਦਿਖਾਇਆ। ਇਸ ਦੀ ਉਦਾਹਰਣ ਚਮਕੌਰ ਦੀ ਜੰਗ ਹੈ, ਜਿਸ ਵਿਚ 40 ਭੁੱਖੇ-ਪਿਆਸੇ ਸਿੰਘਾਂ ਨੇ ਦੁਸ਼ਮਣ ਨੂੰ ਭਾਜੜਾਂ ਪਾ ਦਿੱਤੀਆਂ। ਇਸੇ ਤਰ੍ਹਾਂ ਹੀ ਖਿਦਰਾਣੇ ਦੀ ਢਾਬ ਦੀ ਜੰਗ ਹੈ, ਜਿਸ ਵਿਚ ਬੇਦਾਵੀਏ 40 ਸਿੰਘਾਂ ਨੇ ਬੀਬੀ ਭਾਗੋ ਅਤੇ ਹੋਰ 300 ਸਿੰਘਾਂ ਦੀ ਸਹਾਇਤਾ ਨਾਲ ਦੁਸ਼ਮਣ ਨੂੰ ਨਾਨੀ ਯਾਦ ਕਰਵਾਈ ਅਤੇ ਜਿੱਤ ਵੀ ਪ੍ਰਾਪਤ ਕੀਤੀ। ਇਸੇ ਤਰ੍ਹਾਂ ਹੀ ਸਾਰਾਗੜ੍ਹੀ ਦੀ ਜੰਗ ਹੋਈ ਹੈ, ਜਿਸ ਵਿਚ ਸਿਰਫ 21 ਸਿੰਘਾਂ ਨੇ 10,000 ਕਬਾਇਲੀਆਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹ ਜੰਗ ਭਾਰਤ ਤਾਂ ਕੀ ਦੁਨੀਆ ਦੇ ਇਤਿਹਾਸ ਵਿਚ ਸਿੱਖਾਂ ਦੀ ਅਦੁੱਤੀ ਵੀਰਤਾ ਦੀ ਮਿਸਾਲ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੀ ਹੱਦ ਦੱਰਾ ਖੈਬਰ ਤੱਕ ਜਿੱਤ ਪ੍ਰਾਪਤ ਕਰ ਕੇ ਵਧਾ ਲਈ ਸੀ। ਕਿਸੇ ਸਮੇਂ ਇਹ ਭਾਰਤ ਦਾ ਹੀ ਹਿੱਸਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਕਈ ਜਰਨੈਲ ਅੰਗਰੇਜ਼ਾਂ ਨਾਲ ਜਾ ਮਿਲੇ ਅਤੇ ਪੰਜਾਬ ਅੰਗਰੇਜ਼ਾਂ ਦੇ ਅਧੀਨ ਹੋ ਗਿਆ। ਨਾਲ ਹੀ ਇਹ ਇਲਾਕਾ ਵੀ ਅੰਗਰੇਜ਼ਾਂ ਦੇ ਅਧੀਨ ਹੋ ਗਿਆ।
ਇਹ ਜੰਗ 12 ਸਤੰਬਰ 1879 ਈ. ਨੂੰ ਕਰਨਲ ਗਰਟਨ ਦੀ ਕਮਾਨ ਹੇਠ ਲੜੀ ਗਈ। 21 ਸਿੱਖ ਫੌਜੀਆਂ ਦੀ ਅਗਵਾਈ ਸ. ਈਸ਼ਰ ਸਿੰਘ ਕਰ ਰਿਹਾ ਸੀ ਅਤੇ ਕਰਨਲ ਨੂੰ ਸਾਰੀ ਸੂਚਨਾ ਸ. ਗੁਰਮੁੱਖ ਸਿੰਘ ਦੇ ਰਿਹਾ ਸੀ। ਇਸ ਤਰ੍ਹਾਂ ਕਹਿ ਲਓ ਕਿ ਇਸ ਕਿਲਾਨੁਮਾ ਗੜ੍ਹੀ ਵਿਚ ਕੁੱਲ 23 ਸਿੰਘ ਸਨ। ਇਸੇ ਜਗ੍ਹਾ 'ਤੇ ਇਸ ਜੰਗ ਤੋਂ 60 ਸਾਲ ਪਹਿਲਾਂ 1837 ਈ. ਨੂੰ ਇਸੇ ਸਰਹੱਦ ਉੱਪਰ ਜਮਰੌਦ ਦੇ ਕਿਲੇ ਦੀ ਰਾਖੀ ਕਰਦਿਆਂ ਸ਼ੇਰ ਨੂੰ ਦੋਫਾੜ ਕਰਨ ਵਾਲੇ ਸ. ਹਰੀ ਸਿੰਘ ਨਲੂਆ ਨੇ ਕਿਲੇ 'ਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਕਰਕੇ ਅੰਗਰੇਜ਼ ਜਾਣਦੇ ਸਨ ਕਿ ਸਿੱਖ ਇਸ ਇਲਾਕੇ ਦੇ ਚੱਪੇ-ਚੱਪੇ ਤੋਂ ਵਾਕਿਫ ਹਨ। ਵਾਕਿਫ ਹੋਣ ਕਰਕੇ ਅੰਗਰੇਜ਼ਾਂ ਨੇ 36 ਸਿੱਖ ਰੈਜੀਮੈਂਟ ਦੇ 21 ਫੌਜੀਆਂ ਨੂੰ ਤਾਇਨਾਤ ਕੀਤਾ ਹੋਇਆ ਸੀ। ਅੰਗਰੇਜ਼ ਜਾਣਦੇ ਸਨ ਕਿ ਸਿੱਖ ਹੀ ਹਨ ਜੋ ਹਾਰ ਨੂੰ ਜਿੱਤ ਵਿਚ ਬਦਲ ਸਕਦੇ ਹਨ। ਕਬਾਇਲੀਆਂ ਨੇ ਕਈ ਵਾਰ ਇਸ ਕਿਲਾਨੁਮਾ ਇਮਾਰਤ 'ਤੇ ਹਮਲੇ ਕੀਤੇ ਪਰ ਹਰ ਵਾਰ ਮੂੰਦ ਦੀ ਖਾਧੀ। ਹਰ ਵਾਰ ਮੂੰਹ ਦੀ ਖਾਣ ਤੋਂ ਬਾਅਦ 12 ਸਤੰਬਰ 1897 ਨੂੰ ਕਬਾਇਲੀਆਂ ਨੇ ਸੋਚ ਲਿਆ ਸੀ ਕਿ ਇਸ ਵਾਰ ਹਾਰ ਨੂੰ ਜਿੱਤ ਵਿਚ ਬਦਲ ਕੇ ਹੀ ਰਹਾਂਗੇ ਤੇ ਉਨ੍ਹਾਂ ਨੇ ਸਵੇਰੇ 9 ਵਜੇ ਗੜ੍ਹੀ 'ਤੇ ਹਮਲਾ ਕਰ ਦਿੱਤਾ। ਇਹ ਗੜ੍ਹੀ ਇਕ ਉਜਾੜ ਜਗ੍ਹਾ 'ਤੇ ਬਣਾਈ ਹੋਈ ਸੀ। ਇਸ ਕਰਕੇ ਕਿਸੇ ਪਾਸੇ ਤੋਂ ਵੀ ਸਹਾਇਤਾ ਨਹੀਂ ਭੇਜੀ ਜਾ ਸਕਦੀ ਸੀ। 21 ਫੌਜੀਆਂ ਨੇ ਕਬਾਇਲੀਆਂ ਦੇ ਕਈ ਹਮਲੇ ਨਾਕਾਮ ਕੀਤੇ। 21 ਫੌਜੀਆਂ ਵਿਚੋਂ 12 ਫੌਜੀ ਸ਼ਹੀਦ ਹੋ ਚੁੱਕੇ ਸਨ। ਹਜ਼ਾਰਾਂ ਸਾਹਮਣੇ 21 ਫੌਜੀ ਕਿੰਨਾ ਕੁ ਚਿਰ ਟਿਕ ਸਕਦੇ ਸਨ। ਉਦੋਂ ਤੱਕ 6 ਘੰਟੇ ਬੀਤ ਚੁੱਕੇ ਸਨ। ਸ. ਈਸ਼ਰ ਸਿੰਘ, ਸ. ਗੁਰਮੁੱਖ ਸਿੰਘ ਸਣੇ 11 ਫੌਜੀ ਬਚੇ ਸਨ ਪਰ ਸਿੱਖ ਫੌਜੀ ਫਿਰ ਵੀ ਚੜ੍ਹਦੀ ਕਲਾ ਵਿਚ ਸਨ। ਇਹ ਜੰਗ ਇੰਨੀ ਬਹਾਦਰੀ, ਦ੍ਰਿੜ੍ਹਤਾ ਅਤੇ ਚੜ੍ਹਦੀ ਕਲਾ ਨਾਲ ਲੜੀ ਕਿ ਦੁਸ਼ਮਣ ਨੂੰ ਕਈ ਵਾਰ ਪਿੱਛੇ ਹਟਣਾ ਪਿਆ। ਗੜ੍ਹੀ ਦੇ ਇਕ ਪਾਸੇ ਸਿੱਧੀ ਢਲਾਨ ਸੀ ਅਤੇ ਬਾਕੀ ਤਿੰਨ ਪਾਸਿਆਂ ਤੋਂ ਘੱਟ ਢਲਾਨ ਸੀ, ਇਸ ਕਰਕੇ ਦੁਸ਼ਮਣ ਇਨ੍ਹਾਂ ਤਿੰਨਾਂ ਪਾਸਿਆਂ ਤੋਂ ਹਮਲਾ ਕਰੀ ਜਾ ਰਿਹਾ ਸੀ। 21 ਫੌਜੀਆਂ ਨੇ ਦੁਸ਼ਮਣ ਦੇ ਕਈ ਸੈਨਿਕ ਮਾਰੇ। ਸਿੱਖ ਸੈਨਿਕਾਂ ਪਾਸ ਗੋਲਾ ਬਾਰੂਦ ਵੀ ਲੱਗਭਗ ਖਤਮ ਹੋ ਚੁੱਕਾ ਸੀ। ਸਿੰਘ ਜੈਕਾਰੇ ਛੱਡੀ ਜਾ ਰਹੇ ਸਨ ਅਤੇ ਆਪਣੀ ਹੋਂਦ ਬਾਰੇ ਦਰਸਾਈ ਜਾ ਰਹੇ ਸਨ। ਜੇ ਅੰਗਰੇਜ਼ ਸਹਾਇਤਾ ਭੇਜ ਦਿੰਦੇ ਤਾਂ ਇਹ ਜੰਗ ਜਿੱਤੀ ਜਾ ਸਕਦੀ ਸੀ। ਸਿੱਖ ਫੌਜੀ 2 ਵਜੇ ਤੋਂ ਬਾਅਦ ਸੰਗੀਨਾਂ ਨਾਲ ਹਮਲਾ ਕਰਨ ਲੱਗੇ। ਕਰਨਲ ਨੂੰ ਸ. ਗੁਰਮੁੱਖ ਸਿੰਘ ਨੇ ਇਹ ਵੀ ਦੱਸ ਦਿੱਤਾ ਕਿ ਸ. ਈਸ਼ਰ ਸਿੰਘ ਸਣੇ ਕੁੱਲ 22 ਸਿੰਘ ਸ਼ਹੀਦ ਹੋ ਚੁੱਕੇ ਹਨ, ਮੇਰੇ ਲਈ ਕੀ ਹੁਕਮ ਹੈ ਤਾਂ ਉਸ ਨੇ ਕਿਹਾ ਕਿ ਦੁਸ਼ਮਣ ਦੇ ਹੱਥ ਨਹੀਂ ਆਉਣਾ। ਤੁਸੀਂ ਵੀ ਦੁਸ਼ਮਣ ਦਾ ਮੁਕਾਬਲਾ ਕਰੋ। ਇਸ ਤੋਂ ਬਾਅਦ ਸ. ਗੁਰਮੁੱਖ ਸਿੰਘ ਨੇ ਜੈਕਾਰਾ ਛੱਡਿਆ ਅਤੇ ਦੁਸ਼ਮਣ ਦੇ 20 ਸੈਨਿਕਾਂ ਨੂੰ ਮਾਰ ਕੇ ਸ਼ਹੀਦੀ ਪ੍ਰਾਪਤ ਕਰ ਗਿਆ। ਕਬਾਇਲੀਆਂ ਨੇ ਗੜ੍ਹੀ ਦੀ ਇਕ ਕੰਧ ਨੂੰ ਬੰਬ ਨਾਲ ਉਡਾ ਦਿੱਤਾ ਅਤੇ ਆਪਣੇ ਸੈਨਿਕ ਕੱਢ ਕੇ ਗੜ੍ਹੀ ਨੂੰ ਅੱਗ ਲਗਾ ਦਿੱਤੀ। ਇਸ ਨਾਲ ਸਿੰਘਾਂ ਦਾ ਇਕ ਕਿਸਮ ਦਾ ਅੰਤਿਮ ਸੰਸਕਾਰ ਵੀ ਹੋ ਗਿਆ। ਉਸ ਸਮੇਂ ਇਸ ਸਾਕੇ ਦੀ ਸ਼ਲਾਘਾ ਇੰਗਲੈਂਡ ਵਿਚ ਵੀ ਹੋਈ ਸੀ। ਇਸ ਸਾਕੇ ਦੀ ਗਾਥਾ ਜਾਪਾਨ, ਭਾਰਤ, ਇਟਲੀ, ਇੰਗਲੈਂਡ ਅਤੇ ਫਰਾਂਸ ਆਦਿ ਦੇਸ਼ਾਂ ਵਿਚ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਈ ਜਾਂਦੀ ਸੀ ਕਿ ਕਿਵੇਂ 21 ਫੌਜੀਆਂ, ਸ. ਈਸ਼ਰ ਸਿੰਘ ਅਤੇ ਸ. ਗੁਰਮੁੱਖ ਸਿੰਘ ਨੇ ਇਹ ਜੰਗ ਲੜੀ। ਅੰਗਰੇਜ਼ ਗੌਰਮਿੰਟ ਨੇ ਖੁਸ਼ ਹੋ ਕੇ ਕੁਝ ਰਕਮ ਅਤੇ 50-50 ਏਕੜ ਜ਼ਮੀਨ ਇਨ੍ਹਾਂ ਫੌਜੀਆਂ ਦੇ ਵਾਰਿਸਾਂ ਨੂੰ ਦਿੱਤੀ।
- ਡਾ. ਯਸ਼ ਪਾਲ (ਗੋਲੀਆਂ)
ਸ਼੍ਰੀ ਕ੍ਰਿਸ਼ਨ ਅਤੇ ਅਰਜੁਨ ਨੂੰ ਕੋਈ ਨਹੀਂ ਜਿੱਤ ਸਕਦਾ
NEXT STORY