ਸੰਤ ਏਕਨਾਥ ਜੀ ਦਾ ਜਨਮ ਬਿਕ੍ਰਮੀ ਸੰਮਤ 1590 ਦੇ ਲੱਗਭਗ ਪੈਠਣ 'ਚ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਂ ਸ਼੍ਰੀ ਸੂਰਿਆ ਨਾਰਾਇਣ ਅਤੇ ਮਾਤਾ ਦਾ ਨਾਂ ਰੁਕਮਣੀ ਸੀ। ਜਨਮ ਲੈਂਦਿਆਂ ਹੀ ਇਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਕੁਝ ਸਮੇਂ ਬਾਅਦ ਇਨ੍ਹਾਂ ਦੀ ਮਾਤਾ ਜੀ ਵੀ ਸਵਰਗ ਸਿਧਾਰ ਗਈ, ਇਸ ਲਈ ਇਨ੍ਹਾਂ ਦੇ ਪਿਤਾਮਾ ਚਕਰਪਾਣੀ ਨੇ ਇਨ੍ਹਾਂ ਦਾ ਪਾਲਣ-ਪੋਸ਼ਣ ਕੀਤਾ।
ਏਕਨਾਥ ਜੀ ਬਚਪਨ ਤੋਂ ਹੀ ਬੜੇ ਅਕਲਮੰਦ ਸਨ। ਰਾਮਾਇਣ, ਪੁਰਾਣ, ਮਹਾਭਾਰਤ ਆਦਿ ਦਾ ਗਿਆਨ ਉਨ੍ਹਾਂ ਨੇ ਛੋਟੀ ਉਮਰੇ ਹੀ ਪ੍ਰਾਪਤ ਕਰ ਲਿਆ। ਇਨ੍ਹਾਂ ਦੇ ਗੁਰੂ ਦਾ ਨਾਂ ਸ਼੍ਰੀ ਜਨਾਰਦਨ ਸਵਾਮੀ ਸੀ। ਗੁਰੂ ਕਿਰਪਾ ਨਾਲ ਥੋੜ੍ਹੀ ਹੀ ਸਾਧਨਾ ਨਾਲ ਇਨ੍ਹਾਂ ਨੂੰ ਦੱਤਾਤ੍ਰੇਅ ਭਗਵਾਨ ਦਾ ਦਰਸ਼ਨ ਹੋਇਆ। ਏਕਨਾਥ ਜੀ ਨੇ ਦੇਖਿਆ ਕਿ ਸ਼੍ਰੀ ਗੁਰੂ ਹੀ ਦੱਤਾਤ੍ਰੇਅ ਹਨ ਅਤੇ ਸ਼੍ਰੀਦੱਤਾਤ੍ਰੇਅ ਹੀ ਗੁਰੂ ਹਨ। ਉਸ ਤੋਂ ਬਾਅਦ ਇਨ੍ਹਾਂ ਦੇ ਗੁਰੂਦੇਵ ਨੇ ਇਨ੍ਹਾਂ ਨੂੰ ਸ਼੍ਰੀ ਕ੍ਰਿਸ਼ਨ ਦੀ ਉਪਾਸਨਾ ਦੀ ਦੀਕਸ਼ਾ ਦੇ ਕੇ ਸ਼ੂਲਭੰਜਨ ਪਰਬਤ 'ਤੇ ਰਹਿ ਕੇ ਤਪ ਕਰਨ ਦੀ ਆਗਿਆ ਦਿੱਤੀ। ਕਠੋਰ ਤਪੱਸਿਆ ਪੂਰੀ ਕਰ ਕੇ ਇਹ ਗੁਰੂ ਆਸ਼ਰਮ ਪਰਤ ਆਏ। ਉਸ ਤੋਂ ਬਾਅਦ ਗੁਰੂ ਦੀ ਆਗਿਆ ਨਾਲ ਤੀਰਥ ਯਾਤਰਾ ਲਈ ਚਲੇ ਗਏ। ਤੀਰਥ ਯਾਤਰਾ ਪੂਰੀ ਕਰ ਕੇ ਸ਼੍ਰੀ ਏਕਨਾਥ ਜੀ ਆਪਣੀ ਜਨਮਭੂਮੀ ਪੈਠਣ ਪਰਤ ਆਏ ਅਤੇ ਦਾਦਾ-ਦਾਦੀ ਅਤੇ ਗੁਰੂ ਦੇ ਆਦੇਸ਼ ਨਾਲ ਵਿਧੀਪੂਰਵਕ ਗ੍ਰਹਿਸਥ ਆਸ਼ਰਮ 'ਚ ਪ੍ਰਵੇਸ਼ ਕੀਤਾ। ਇਨ੍ਹਾਂ ਦੀ ਧਰਮ ਪਤਨੀ ਦਾ ਨਾਂ ਗਿਰਿਜਾ ਬਾਈ ਸੀ। ਉਹ ਬੜੀ ਪਤੀਪਰਾਇਣਾ ਅਤੇ ਆਦਰਸ਼ ਗ੍ਰਹਿਣੀ ਸਨ। ਸ਼੍ਰੀ ਏਕਨਾਥ ਜੀ ਦਾ ਗ੍ਰਹਿਸਥ ਜੀਵਨ ਬਹੁਤ ਸੰਜਮ ਨਾਲ ਭਰਪੂਰ ਸੀ। ਰੋਜ਼ਾਨਾ ਕਥਾ-ਕੀਰਤਨ ਚੱਲਦਾ ਰਹਿੰਦਾ ਸੀ। ਕਥਾ-ਕੀਰਤਨ ਤੋਂ ਬਾਅਦ ਸਾਰੇ ਲੋਕ ਇਨ੍ਹਾਂ ਦੇ ਘਰ ਭੋਜਨ ਕਰਦੇ ਸਨ। ਅੰਨ ਦਾਨ ਅਤੇ ਗਿਆਨ ਦਾਨ ਦੋਵੇਂ ਇਨ੍ਹਾਂ ਦੇ ਘਰ ਹਮੇਸ਼ਾ ਚੱਲਦੇ ਰਹਿੰਦੇ ਸਨ। ਇਨ੍ਹਾਂ ਦੇ ਪਰਿਵਾਰ 'ਤੇ ਭਗਵਾਨ ਦੀ ਕਿਰਪਾ ਹਮੇਸ਼ਾ ਰਹਿੰਦੀ ਸੀ, ਇਸ ਲਈ ਘਾਟ ਨਾਂ ਦੀ ਕੋਈ ਚੀਜ਼ ਨਹੀਂ ਸੀ।
ਸ਼੍ਰੀ ਏਕਨਾਥ ਜੀ ਮਹਾਰਾਜ 'ਚ ਕਈ ਚੰਗੇ ਗੁਣ ਸਨ। ਉਨ੍ਹਾਂ ਦੀ ਖਿਮਾ ਤਾਂ ਅਨੋਖੀ ਸੀ। ਇਹ ਰੋਜ਼ਾਨਾ ਗੋਦਾਵਰੀ ਨਦੀ 'ਚ ਇਸ਼ਨਾਨ ਲਈ ਜਾਂਦੇ ਸਨ। ਰਸਤੇ 'ਚ ਇਕ ਸਰਾਂ ਸੀ, ਉਥੇ ਇਕ ਦੂਜੀ ਜਾਤ ਦਾ ਵਿਅਕਤੀ ਰਹਿੰਦਾ ਸੀ। ਏਕਨਾਥ ਜੀ ਜਦੋਂ ਇਸ਼ਨਾਨ ਕਰ ਕੇ ਪਰਤਦੇ ਤਾਂ ਉਹ ਉਨ੍ਹਾਂ 'ਤੇ ਕੁਰਲੀ ਕਰ ਦਿੰਦਾ ਸੀ। ਇਸ ਤਰ੍ਹਾਂ ਉਨ੍ਹਾਂ ਨੂੰ ਰੋਜ਼ਾਨਾ ਚਾਰ-ਪੰਜ ਵਾਰ ਇਸ਼ਨਾਨ ਕਰਨਾ ਪੈਂਦਾ ਸੀ। ਇਕ ਦਿਨ ਤਾਂ ਉਸ ਨੇ ਦੁਸ਼ਟਤਾ ਦੀ ਹੱਦ ਕਰ ਦਿੱਤੀ। ਉਸ ਨੇ ਏਕਨਾਥ ਜੀ 'ਤੇ ਇਕ ਸੌ ਅੱਠ ਵਾਰ ਕੁਰਲੀ ਕੀਤੀ ਅਤੇ ਏਕਨਾਥ ਜੀ ਨੂੰ ਇਕ ਸੌ ਅੱਠ ਵਾਰ ਇਸ਼ਨਾਨ ਕਰਨਾ ਪਿਆ ਪਰ ਏਕਨਾਥ ਜੀ ਦੀ ਸ਼ਾਂਤੀ ਜਿਉਂ ਦੀ ਤਿਉਂ ਬਣੀ ਰਹੀ। ਅਖੀਰ 'ਚ ਉਸ ਨੂੰ ਆਪਣੀ ਇਸ ਦੁਸ਼ਟਤਾ 'ਤੇ ਪਛਤਾਵਾ ਹੋਇਆ ਅਤੇ ਉਹ ਸ਼੍ਰੀ ਏਕਨਾਥ ਜੀ ਦਾ ਭਗਤ ਬਣ ਗਿਆ। ਸ਼੍ਰੀ ਏਕਨਾਥ ਜੀ ਦੀ ਦਇਆ ਵੀ ਅਨੋਖੀ ਸੀ। ਇਕ ਵਾਰ ਉਹ ਪ੍ਰਯਾਗ ਤੋਂ ਗੰਗਾ ਜਲ ਕਾਂਵੜ 'ਚ ਭਰ ਕੇ ਸ਼੍ਰੀ ਰਾਮੇਸ਼ਵਰ ਜਾ ਰਹੇ ਸਨ। ਰਸਤੇ 'ਚ ਪਿਆਸ ਨਾਲ ਤੜਫਦਾ ਇਕ ਗਧਾ ਮਿਲਿਆ, ਸ਼੍ਰੀ ਏਕਨਾਥ ਜੀ ਨੇ ਕਾਂਵੜ ਦਾ ਸਾਰਾ ਗੰਗਾਜਲ ਗਧੇ ਨੂੰ ਪਿਲਾ ਦਿੱਤਾ। ਸਾਥੀਆਂ ਦੇ ਇਤਰਾਜ਼ ਕਰਨ 'ਤੇ ਉਨ੍ਹਾਂ ਨੇ ਕਿਹਾ, ''ਭਗਵਾਨ ਰਾਮੇਸ਼ਵਰ ਕਣ-ਕਣ 'ਚ ਨਿਵਾਸ ਕਰਦੇ ਹਨ, ਇਸ ਲਈ ਮੈਂ ਸਾਰਾ ਜਲ ਰਾਮੇਸ਼ਵਰ ਜੀ ਨੂੰ ਹੀ ਚੜ੍ਹਾਇਆ ਹੈ। ਗਧੇ ਵਲੋਂ ਪੀਤਾ ਗਿਆ ਸਾਰਾ ਜਲ ਸਿੱਧੇ ਰਾਮੇਸ਼ਵਰ ਜੀ 'ਤੇ ਚੜ੍ਹ ਗਿਆ।''
ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸ਼੍ਰੀ ਏਕਨਾਥ ਜੀ ਦੀ ਜ਼ਿੰਦਗੀ 'ਚ ਹੋਈਆਂ, ਜਿਸ ਤੋਂ ਉਨ੍ਹਾਂ ਦੇ ਅਲੌਕਿਕ ਜੀਵਨ ਦੀਆਂ ਝਲਕੀਆਂ ਮਿਲਦੀਆਂ ਹਨ। ਆਪਣੇ ਆਦਰਸ਼ ਗ੍ਰਹਿਸਥ ਜੀਵਨ ਅਤੇ ਉਪਦੇਸ਼ਾਂ ਰਾਹੀਂ ਲੋਕਾਂ ਨੂੰ ਆਤਮ ਕਲਿਆਣ ਦੇ ਮਾਰਗ 'ਤੇ ਚਲਾ ਕੇ ਬਿਕ੍ਰਮੀ ਸੰਮਤ 1656 ਦੀ ਚੇਤ ਕ੍ਰਿਸ਼ਨ ਛੱਠ ਨੂੰ ਸ਼੍ਰੀ ਏਕਨਾਥ ਜੀ ਨੇ ਆਪਣੇ ਸਰੀਰ ਦਾ ਤਿਆਗ ਕੀਤਾ। ਇਨ੍ਹਾਂ ਦੀਆਂ ਰਚਨਾਵਾਂ 'ਚ ਸ਼੍ਰੀਮਦਭਾਗਵਤ ਏਕਾਦਸ਼ ਸਕੰਧ ਦੀ ਮਰਾਠੀ-ਟੀਕਾ, ਰੁਕਮਣੀ ਸਵਯੰਵਰ, ਭਾਵਾਰਥ ਰਾਮਾਇਣ ਆਦਿ ਪ੍ਰਮੁੱਖ ਹਨ।
ਸਵਾ ਲਾਖ ਸੇ ਏਕ ਲੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ।।
NEXT STORY