ਰੌਮ/ਇਟਲੀ- ਕਈ ਵਾਰ ਇਨਸਾਨ ਦੀ ਜ਼ਿੰਦਗੀ 'ਚ ਅਜਿਹਾ ਵੀ ਹੁੰਦਾ ਹੈ ਜੋ ਉਸ ਨੇ ਸੋਚਿਆ ਤੱਕ ਨਾ ਹੋਵੇ। ਅਜਿਹੀ ਘਟਨਾ ਇਟਲੀ ਦੀ ਧਰਤੀ 'ਤੇ ਆਏ ਪੰਜਾਬੀ ਨੌਜਵਾਨ ਅਮਨਪ੍ਰੀਤ ਨਾਲ ਵਾਪਰੀ ਹੈ ਜੋ ਹਮੇਸ਼ਾ ਫੁੱਟਬਾਲ ਦੀ ਖੇਡ ਤੋਂ ਦੂਰ ਰਹਿੰਦਾ ਸੀ ਪਰ ਸਾਲ 2005 'ਚ ਆਪਣੇ ਦੋਸਤਾਂ 'ਤੇ ਜ਼ੋਰ ਪਾਉਣ ਤੋਂ ਇਕ ਮੈਚ ਵੇਖਣ ਗਏ ਇਸ ਨੌਜਵਾਨ 'ਤੇ ਫੁੱਟਬਾਲ ਨੇ ਅਜਿਹੀ ਛਾਪ ਛੱਡੀ ਕਿ ਉਸ ਨੇ ਫੁੱਟਬਾਲ ਦਾ ਰੈਫਰੀ ਬਣ ਕੇ ਇਥੇ ਰਹਿੰਦੇ ਭਾਰਤੀਆਂ ਦਾ ਮਾਣ ਵਧਾਇਆ ਹੈ। ਇਟਲੀ ਦੇ ਸਪੋਰਟਸ ਮਹਿਕਮੇ ਤੋਂ ਡਿਗਰੀ ਪ੍ਰਾਪਤ ਕਰਕੇ ਫੁੱਟਬਾਲ ਦੇ ਮੈਚ ਖਿਡਾਉਣ ਵਾਲੇ ਅਮਨਪ੍ਰੀਤ ਸਿੰਘ ਝਾਂਡੀ ਨੂੰ ਬ੍ਰੈਸ਼ ਜਿਲੇ ਵਲੋਂ ਬੈਸਟ ਰੈਫਰੀ ਵਜੋਂ ਸਨਮਾਨ ਮਿਲ ਚੁੱਕਾ ਹੈ। ਅਮਨਪ੍ਰੀਤ ਨੇ ਦੱਸਿਆ ਕਿ ਹੁਣ ਹੋਰ ਭਾਰਤੀ ਵੀ ਰੈਫਰੀ ਦਾ ਕਿੱਤਾ ਆਪਣਾ ਚੁੱਕੇ ਹਨ ਪਰ ਜਿਨ੍ਹਾਂ 'ਚੋਂ ਉਸ ਨੂੰ ਸਭ ਤੋਂ ਪਹਿਲਾਂ ਇਸ ਕਿੱਤੇ ਨੂੰ ਅਪਣਾਉਣ ਦਾ ਮਾਣ ਪ੍ਰਾਪਤ ਹੋਇਆ ਹੈ। ਉਹ ਰਾਜ ਪੱਧਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਮੈਚਾਂ 'ਚ ਰੈਫਰੀ ਵਜੋਂ ਵਿਚਰ ਰਿਹਾ ਹੈ ਪਰ ਉਸ ਦੀ ਸੌਚ ਹੈ ਕਿ ਧਰਤੀ 'ਤੇ ਜਾ ਕੇ ਆਪਣੀਆਂ ਸੇਵਾਵਾਂ ਦੇਵੇ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਫੁੱਟਬਾਲ ਨਾਲ ਜੋੜ ਸਕੇ। ਉਸ ਨੇ ਆਖਿਆ ਕਿ ਮੇਰੀ ਦਿਲੀ ਤਮੰਨਾ ਹੈ ਕਿ ਭਾਰਤੀ ਟੀਮ ਵੀ ਫੁੱਟਬਾਲ ਵਿਸ਼ਵ ਕੱਪ ਜਿੱਤੇ।