ਅਖਬਾਰ ਪੜ੍ਹਨ ਨਾਲ ਲੋਕਾਂ ਦਾ ਸਾਧਾਰਨ ਗਿਆਨ ਅਤੇ ਸਮੇਂ ਦੀਆਂ ਘਟਨਾਵਾਂ ਨਾਲ ਜਾਣਕਾਰੀ ਵਧਦੀ ਹੈ। ਭਾਸ਼ਾ ਅਤੇ ਸ਼ਬਦਾਵਲੀ ਬਿਹਤਰ ਹੁੰਦੀ ਹੈ। ਆਲੋਚਨਾਤਮਕ ਸੋਚ ਦਾ ਵਿਕਾਸ ਹੁੰਦਾ ਹੈ। ਪ੍ਰਿੰਟ ਮੀਡੀਆ ਲੋਕਾਂ ਦਾ ‘ਸਕਰੀਨ ਟਾਈਮ’ ਘੱਟ ਕਰਦਾ ਹੈ।
‘ਆਡਿਟ ਬਿਊਰੋ ਆਫ ਸਰਕੁਲੇਸ਼ਨਸ’ (ਏ. ਬੀ. ਸੀ.) ਨੇ ਜਨਵਰੀ-ਜੂਨ-2025 ਦੀ ਆਡਿਟ ਮਿਆਦ ਲਈ ਪ੍ਰਮਾਣਿਕ ਪ੍ਰਸਾਰ ਅੰਕੜੇ ਜਾਰੀ ਕੀਤੇ ਹਨ ਅਤੇ ਇਸ ਮਿਆਦ ’ਚ ਰੋਜ਼ਾਨਾ ਅਖਬਾਰਾਂ ਦੇ ਪ੍ਰਸਾਰ ’ਚ ਵਰਣਨਯੋਗ ਵਾਧਾ ਦਰਜ ਕੀਤਾ ਿਗਆ ਹੈ।
ਇਸ ਦੌਰਾਨ ਰੋਜ਼ਾਨਾ ਅਖਬਾਰਾਂ ਦੀ ਵਿਕਰੀ 29,744,148 ਕਾਪੀਆਂ ਰਹੀ ਜਦ ਕਿ ਪਿਛਲੀ ਮਿਆਦ (ਜੁਲਾਈ-ਦਸੰਬਰ 2024) ਦੌਰਾਨ ਇਹ 28,941,876 ਕਾਪੀਆਂ ਸੀ। ਇਹ 2.77 ਫੀਸਦੀ (8,02,272) ਕਾਪੀਆਂ ਦਾ ਵਾਧਾ ਹੈ ਜੋ ਪ੍ਰਿੰਟ ਮੀਡੀਆ ਉਦਯੋਗ ’ਚ ਬਿਹਤਰੀ ਦੇ ਟ੍ਰੈਂਡ ਨੂੰ ਦਰਸਾਉਂਦਾ ਹੈ ਅਤੇ ਅੱਜ ਵੀ ਲੋਕ ਭਰੋਸੇਯੋਗਤਾ, ਤੱਥਪੂਰਨ ਅਤੇ ਸੰਪੂਰਨ ਜਾਣਕਾਰੀ ਲਈ ਅਖਬਾਰਾਂ ’ਤੇ ਹੀ ਭਰੋਸਾ ਕਰਦੇ ਹਨ।
ਕੁਝ ਸਮਾਂ ਪਹਿਲਾਂ ਇਹ ਕਿਹਾ ਜਾਣ ਲੱਗਾ ਸੀ ਕਿ ਪ੍ਰਿੰਟ ਮੀਡੀਆ ਨੂੰ ਸੋਸ਼ਲ ਮੀਡੀਆ ਖਾ ਜਾਏਗਾ ਪਰ ਇਸ ਲੇਖ ਦੇ ਸ਼ੁਰੂ ’ਚ ਦਿੱਤੇ ਗਏ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਕਾਰੋਬਾਰੀਆਂ ਵਲੋਂ ਕੰਟਰੋਲਡ ਸੋਸ਼ਲ ਮੀਡੀਆ ਵਲੋਂ ਦਿੱਤੀ ਜਾਣ ਵਾਲੀ ਜਾਣਕਾਰੀ ’ਤੇ ਜਾਗਰੂਕ ਪਾਠਕ ਭਰੋਸਾ ਨਹੀਂ ਕਰਦੇ ਅਤੇ ਖਬਰ ਦੀ ਪ੍ਰਮਾਣਿਕਤਾ ਜਾਣਨ ਦੇ ਲਈ ਅਖਬਾਰਾਂ ’ਤੇ ਹੀ ਭਰੋਸਾ ਕਰਦੇ ਹਨ।
ਇਸੇ ਸਿਲਸਿਲੇ ’ਚ ਰਾਜ ਸਭਾ ਦੇ ਉਪ ਸਭਾਪਤੀ ‘ਹਰੀਵੰਸ਼’ ਨੇ 21 ਜੂਨ, 2025 ਨੂੰ ਭੋਪਾਲ (ਮੱਧ ਪ੍ਰਦੇਸ਼) ’ਚ ਇਕ ਸਮਾਰੋਹ ’ਚ ਕਿਹਾ ਸੀ ਕਿ ‘‘ਸੋਸ਼ਲ ਮੀਡੀਆ ਦੋਧਾਰੀ ਤਲਵਾਰ ਹੈ। ਜੇਕਰ ਇਸ ਦੀ ਆਜ਼ਾਦੀ ਨੂੰ ਕੰਟਰੋਲ ਨਾ ਕੀਤਾ ਿਗਆ ਤਾਂ ਸਾਡੀ ਆਜ਼ਾਦੀ ’ਤੇ ਖਤਰਾ ਆ ਜਾਵੇਗਾ। ਦੂਜੇ ਪਾਸੇ ਪ੍ਰਿੰਟ ਮੀਡੀਆ ਅੱਜ ਵੀ ਿਜ਼ੰਮੇਵਾਰ ਹੈ ਅਤੇ ਅਖਬਾਰਾਂ ਦੀ ਪ੍ਰਮਾਣਿਕਤਾ ਅੱਜ ਵੀ ਸਭ ਤੋਂ ਉਪਰ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਅਖਬਾਰਾਂ ਦੀ ਪ੍ਰਸਾਰ ਿਗਣਤੀ ’ਚ ਵਾਧਾ ਨਾ ਹੁੰਦਾ, ਸਗੋਂ ਉਸ ’ਚ ਕਮੀ ਆਉਂਦੀ।’’
ਸਟੀਕ ਖਬਰਾਂ ਦੇ ਕੇ ਲੋਕਾਂ ਦੀ ਜਾਣਕਾਰੀ ’ਚ ਵਾਧਾ ਕਰਨ ’ਚ ਪ੍ਰਿੰਟ ਮੀਡੀਆ ਦਾ ਮਹੱਤਵ ਅੱਜ ਵੀ ਓਨਾ ਹੀ ਹੈ ਿਜੰਨਾ ਪਹਿਲਾਂ ਸੀ। ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ ’ਤੇ ਦਿੱਤੀਆਂ ਜਾਣ ਵਾਲੀਆਂ ਫਾਲਤੂ ਖਬਰਾਂ ਦੇਖ ਕੇ ਆਪਣਾ ਸਮਾਂ ਨਸ਼ਟ ਕਰਨ ਦੀ ਬਜਾਏ ਵਿਦਿਆਰਥੀਆਂ ਨੂੰ ਅਖਬਾਰ ਪੜ੍ਹ ਕੇ ਉਨ੍ਹਾਂ ’ਚ ਭਰੋਸੇਯੋਗ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਨੂੰ ਉਤਸ਼ਾਹ ਦੇਣ ਲਈ ਕੁਝ ਸੂਬਾਈ ਸਰਕਾਰਾਂ ਵਲੋਂ ਸਕੂਲਾਂ ’ਚ ਸਵੇਰ ਦੀ ਪ੍ਰਾਰਥਨਾ ਸਭਾ ’ਚ ਬੱਚਿਆਂ ਨੂੰ ਅਖਬਾਰਾਂ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਣ ਲੱਗਾ ਹੈ।
ਇਸੇ ਪਿਛੋਕੜ ’ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ‘ਸੁਖਵਿੰਦਰ ਿਸੰਘ ਸੁੱਖੂ’ ਨੇ ਇਕ ਸਰਕਾਰੀ ਸਕੂਲ ਦੇ ਅਚਾਨਕ ਨਿਰੀਖਣ ਦੌਰਾਨ ਵਿਦਿਆਰਥੀਆਂ ਦੇ ਅਧੂਰੇ ਗਿਆਨ ’ਤੇ ਨਾਖੁਸ਼ੀ ਜ਼ਾਹਿਰ ਕਰਦੇ ਹੋਏ ਵਿਦਿਆਰਥੀਆਂ ਦਾ ਸਾਧਾਰਨ ਗਿਆਨ ਸੁਧਾਰਨ ਲਈ ਪ੍ਰਦੇਸ਼ ਦੇ ਸਾਰੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਨਿਯਮਿਤ ਤੌਰ ’ਤੇ ਅੰਗਰੇਜ਼ੀ ਅਤੇ ਹਿੰਦੀ ਦੀਆਂ ਅਖਬਾਰਾਂ ਮੰਗਵਾਉਣ ਦਾ ਹੁਕਮ ਦਿੱਤਾ ਹੈ ਅਤੇ ਉੱਥੇ ਦੇ ਸਰਕਾਰੀ ਸਕੂਲਾਂ ’ਚ ਹੁਣ ਸਵੇਰ ਦੀ ਅਸੈਂਬਲੀ ’ਚ ਵਿਦਿਆਰਥੀਆਂ ਲਈ ਅਖਬਾਰ ਪੜ੍ਹਨਾ ਜ਼ਰੂਰੀ ਕਰ ਦਿੱਤਾ ਿਗਆ ਹੈ।
ਇਸ ਫੈਸਲੇ ਬਾਰੇ ਮੁੱਖ ਮੰਤਰੀ ਸੁੱਖੂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਪਹਿਲ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਦੁਨੀਆ ਦੀਆਂ ਅਸਲ ਚੁਣੌਤੀਆਂ ਲਈ ਮਹੱਤਵਪੂਰਨ ਸਿੱਧ ਹੋਵੇਗੀ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਵੀ 21 ਮਈ, 2025 ਨੂੰ ਕਿਹਾ ਸੀ ਕਿ ਅਖਬਾਰਾਂ ਦਾ ਮਤਲਬ ਹੈ ਭਰੋਸੇਯੋਗਤਾ, ਜਿਸ ਨਾਲ ਲੋਕਤੰਤਰ ਦੀ ਆਤਮਾ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਇਸੇ ਤਰ੍ਹਾਂ 2 ਫਰਵਰੀ, 2025 ਨੂੰ ‘ਪ੍ਰੈੱਸ ਐਸੋਸੀਏਸ਼ਨ ਆਫ ਇੰਡੀਆ’ ਵਲੋਂ ਪਟਨਾ ’ਚ ਆਯੋਜਿਤ ‘ਸੰਵਾਦ ਸੇ ਸਮਾਧਾਨ-ਲਿੱਟੀ ਚੋਖਾ’ ’ਚ ਬੋਲਦੇ ਹੋਏ ਬਿਹਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਨੇ ਕਿਹਾ ਸੀ ਕਿ ‘‘ਸੱਚੀਆਂ ਅਤੇ ਸਟੀਕ ਖਬਰਾਂ ਨਾਲ ਹੀ ਅਖਬਾਰਾਂ ਦੀ ਭਰੋਸੇਯੋਗਤਾ ਵਧਦੀ ਹੈ। ਅੱਜ ਸੋਸ਼ਲ ਮੀਡੀਆ ਦੇ ਯੁੱਗ ’ਚ ਵੀ ਅਖਬਾਰਾਂ ਦੀ ਭਰੋਸੇਯੋਗਤਾ ਕਾਇਮ ਹੈ।’’
ਇਸੇ ਲਈ ਅਸੀਂ ਕਹਿੰਦੇ ਹਾਂ ਕਿ ਅਖਬਾਰਾਂ ਦੀ ਭਰੋਸੇਯੋਗਤਾ ਪਹਿਲਾਂ ਵੀ ਸੀ, ਅੱਜ ਵੀ ਹੈ ਅਤੇ ਅੱਗੇ ਵੀ ਰਹੇਗੀ। ਭਾਰਤ ’ਚ ਸੋਸ਼ਲ ਮੀਡੀਆ ਦੇ ਜ਼ਮਾਨੇ ’ਚ ਅਖਬਾਰਾਂ ਦੀ ਵਿਕਰੀ ਵਧਣ ਤੋਂ ਸਪੱਸ਼ਟ ਹੈ ਕਿ ਸਹੀ ਅਤੇ ਤੱਥਾਂ ਭਰੀ ਜਾਣਕਾਰੀ ਲਈ ਅਜੇ ਵੀ ਪ੍ਰਿੰਟ ਮੀਡੀਆ ’ਤੇ ਲੋਕਾਂ ਦਾ ਭਰੋਸਾ ਕਾਇਮ ਹੈ। ਪ੍ਰਿੰਟ ਮੀਡੀਆ ਨੇ ਖਬਰਾਂ ’ਚ ਸੰਤੁਲਨ ਬਣਾ ਕੇ ਲੋਕਾਂ ਦਾ ਭਰੋਸਾ ਜਿੱਤਿਆ ਹੈ ਅਤੇ ਅੱਗੇ ਵੀ ਕਾਇਮ ਰਹੇਗਾ।
–ਵਿਜੇ ਕੁਮਾਰ
ਮਿਜ਼ੋਰਮ ਦੇ ਲੋਕਾਂ ਦੀ ਉਡੀਕ ਹੁਣ ਖਤਮ
NEXT STORY