ਕਿੱਸਾ ਸ਼ੀਰੀਂ-ਫਰਹਾਦ 'ਚ ਸ਼ੀਰੀਂ ਦੀ ਭੈਣ ਫਰਹਾਦ ਅੱਗੇ ਸ਼ਰਤ ਰੱਖਦੀ ਹੈ ਕਿ ਜੇ ਉਹ ਸ਼ੀਰੀਂ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਇਕੱਲੇ ਹੀ ਪਹਾੜਾਂ ਵਿਚੋਂ ਨਹਿਰ ਪੁੱਟ ਕੇ ਸ਼ਹਿਰ ਲਈ ਪਾਣੀ ਲਿਆਉਣਾ ਪਵੇਗਾ। ਸ਼੍ਰੀ ਰਾਮ ਚੰਦਰ ਦਾ ਵੱਡਾ-ਵਡੇਰਾ ਭਗੀਰਥ ਵੀ ਆਪਣੇ ਪੁਰਖਿਆਂ ਨੂੰ ਤਾਰਨ ਵਾਸਤੇ ਗੰਗਾ ਨੂੰ ਧਰਤੀ 'ਤੇ ਲੈ ਆਇਆ ਸੀ। ਫਰਹਾਦ ਨੇ ਅਸਲੀਅਤ 'ਚ ਨਹਿਰ ਪੁੱਟੀ ਜਾਂ ਨਹੀਂ ਇਹ ਅਲੱਗ ਗੱਲ ਹੈ ਪਰ ਬਿਹਾਰ ਦੇ ਵਸਨੀਕ ਦਸ਼ਰਥ ਮਾਂਝੀ ਨੇ ਆਪਣੀ ਪਤਨੀ ਦੀ ਅਣਿਆਈ ਮੌਤ ਤੋਂ ਦੁਖੀ ਹੋ ਕੇ ਸੱਚਮੁੱਚ ਹੀ ਇਕੱਲੇ ਨੇ ਲਗਾਤਾਰ 22 ਸਾਲਾਂ ਭਾਵ 1960 ਤੋਂ 1982 ਤਕ ਹੀ ਅਣਥੱਕ ਮਿਹਨਤ ਤੋਂ ਬਾਅਦ ਪਹਾੜ ਚੀਰ ਕੇ 360 ਫੁੱਟ ਲੰਬਾ, 25 ਫੁੱਟ ਡੂੰਘਾ ਅਤੇ 30 ਫੁੱਟ ਚੌੜਾ ਰਸਤਾ ਤਿਆਰ ਕਰਕੇ ਚਮਤਕਾਰ ਕਰ ਦਿਖਾਇਆ। ਫਰਹਾਦ ਨੇ ਤਾਂ ਨਹਿਰ ਆਪਣੀ ਪ੍ਰੇਮਿਕਾ ਨੂੰ ਹਾਸਲ ਕਰਨ ਵਾਸਤੇ ਪੁੱਟੀ ਸੀ ਪਰ ਮਾਂਝੀ ਨੇ ਬਿਨਾਂ ਕਿਸੇ ਨਿੱਜੀ ਸਵਾਰਥ ਦੇ ਨਿਰੋਲ ਲੋਕਾਈ ਦੀ ਸੇਵਾ ਲਈ ਇਹ ਕਾਰਨਾਮਾ ਕੀਤਾ ਹੈ। ਉਸ ਦੇ ਇਸ ਭਗੀਰਥ ਯਤਨ ਨਾਲ ਜ਼ਿਲਾ ਗਯਾ ਦੇ ਅਤਰੀ ਅਤੇ ਵਜੀਰਗੰਜ ਬਲਾਕ ਦਾ ਆਪਸੀ ਫਾਸਲਾ 75 ਕਿ. ਮੀ. ਤੋਂ ਘਟ ਕੇ ਸਿਰਫ 15 ਕਿ. ਮੀ. ਰਹਿ ਗਿਆ ਹੈ। ਜਦੋਂ ਉਸ ਨੇ ਇਹ ਅਸੰਭਵ ਲੱਗਦਾ ਕੰਮ ਸ਼ੁਰੂ ਕੀਤਾ ਤਾਂ ਲੋਕਾਂ ਨੇ ਉਸ ਦਾ ਪਾਗਲ ਸਮਝ ਕੇ ਮਜ਼ਾਕ ਉਡਾਇਆ ਪਰ ਉਹ ਆਪਣੀ ਧੁਨ 'ਚ ਲੱਗਾ ਰਿਹਾ ਤੇ 22 ਸਾਲਾਂ ਦੀ ਹੱਡ-ਤੋੜ ਮਿਹਨਤ ਤੋਂ ਬਾਅਦ ਆਖਿਰ ਮੈਦਾਨ ਮਾਰ ਲਿਆ। ਰਸਤਾ ਤਿਆਰ ਹੋਣ ਤੋਂ ਬਾਅਦ ਉਸ ਨੇ ਕਿਹਾ ਕਿ ਇਹ ਉਸ ਦੀ ਆਪਣੀ ਪਤਨੀ ਪ੍ਰਤੀ ਸੱਚੀ ਸ਼ਰਧਾਂਜਲੀ ਹੈ।
ਅਜਿਹੇ ਸਿਰੜੀ ਤੇ ਨਿਸ਼ਕਾਮ ਵਿਅਕਤੀ ਦਾ ਜਨਮ ਬਿਹਾਰ ਦੇ ਗਯਾ ਜ਼ਿਲੇ ਦੇ ਪਿੰਡ ਗਹਿਲੌਰ ਦੇ ਇਕ ਅੱਤ ਗਰੀਬ ਮਜ਼ਦੂਰ ਪਰਿਵਾਰ ਵਿਚ ਹੋਇਆ ਸੀ। 1959 ਵਿਚ ਦਸ਼ਰਥ ਮਾਂਝੀ ਦੀ ਪਤਨੀ ਫਾਲਗੁਨੀ ਦੇਵੀ ਇਕ ਹਾਦਸੇ 'ਚ ਗੰਭੀਰ ਜ਼ਖ਼ਮੀ ਹੋ ਗਈ, ਨਜ਼ਦੀਕੀ ਸ਼ਹਿਰ ਦੇ ਹਸਪਤਾਲ ਤਕ ਜਾਣ ਲਈ ਪਹਾੜਾਂ ਰਾਹੀਂ ਵਲ ਕੇ 75 ਕਿ. ਮੀ. ਸਫਰ ਕਰਨਾ ਪੈਂਦਾ ਸੀ, ਜਦ ਫਾਲਗੁਨੀ ਦੇਵੀ ਨੂੰ ਲੈ ਕੇ ਜਾ ਰਹੇ ਸਨ ਤਾਂ ਉੱਬੜ-ਖਾਬੜ ਲੰਬੇ ਪਹਾੜੀ ਰਾਹ ਕਾਰਨ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ। ਦਸ਼ਰਥ ਮਾਂਝੀ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ। ਇਕ ਵਾਰ ਤਾਂ ਉਹ ਦੁੱਖ 'ਚ ਪਾਗਲ ਹੀ ਹੋ ਗਿਆ। ਉਸ ਨੇ ਸੋਚਿਆ ਕਿ ਜੇ ਪਹਾੜ ਵਿਚ ਹੀ ਸਿੱਧਾ ਰਸਤਾ ਹੁੰਦਾ ਤਾਂ ਉਸ ਦੀ ਪਤਨੀ ਬਗੈਰ ਇਲਾਜ ਨਾ ਮਰਦੀ। ਕੁਝ ਚਿਰ ਬਾਅਦ ਜਦੋਂ ਉਹ ਠੀਕ ਹੋਇਆ ਤਾਂ ਉਸ ਨੇ ਪਹਾੜਾਂ ਦਾ ਮੁਆਇਨਾ ਕੀਤਾ। ਕਾਫੀ ਖੋਜਬੀਨ ਤੋਂ ਬਾਅਦ ਉਸ ਨੇ ਇਕ ਜਗ੍ਹਾ ਨਿਸ਼ਚਿਤ ਕੀਤੀ। ਉਸ ਨੇ ਲੋਕਾਂ ਨੂੰ ਸਮਝਾਇਆ ਕਿ ਜੇ ਆਪਾਂ ਇਸ ਸਥਾਨ ਤੋਂ ਪਹਾੜ ਨੂੰ ਚੀਰ ਕੇ ਸਿੱਧਾ ਰਸਤਾ ਬਣਾ ਲਈਏ ਤਾਂ ਸਫਰ ਬਹੁਤ ਘੱਟ ਹੋ ਸਕਦਾ ਹੈ ਪਰ ਪਿੰਡ ਵਾਸੀਆਂ ਨੇ ਸਾਥ ਦੇਣ ਦੀ ਬਜਾਏ ਉਸ ਨੂੰ ਪਾਗਲ ਕਹਿ ਕੇ ਦੁਰਕਾਰ ਦਿੱਤਾ ਪਰ ਉਸ ਨੇ ਠਾਣ ਲਿਆ ਕਿ ਲੋਕ ਸਾਥ ਦੇਣ ਜਾਂ ਨਾ ਦੇਣ, ਉਹ ਰਸਤਾ ਹਰ ਹਾਲਤ ਵਿਚ ਬਣਾਏਗਾ ਤਾਂ ਜੋ ਕਿਸੇ ਹੋਰ ਨਾਲ ਉਸ ਦੀ ਪਤਨੀ ਵਾਲੀ ਹੋਣੀ ਨਾ ਵਾਪਰੇ।
ਪਹਾੜ ਪਾਰ ਕਰਨ ਲਈ ਇਲਾਕੇ ਦੇ ਲੋਕਾਂ ਨੂੰ ਇਕ ਬਹੁਤ ਹੀ ਭੀੜੇ, ਵਲਦਾਰ ਅਤੇ ਖਤਰਨਾਕ ਰਸਤੇ ਤੋਂ ਹੋ ਕੇ ਜਾਣਾ ਪੈਂਦਾ ਸੀ। 1960 'ਚ ਦਸ਼ਰਥ ਮਾਂਝੀ ਨੇ ਸਾਰੇ ਪਾਸਿਆਂ ਤੋਂ ਨਿਰਾਸ਼ ਹੋ ਕੇ ਛੈਣੀ, ਹਥੌੜੇ, ਕਹੀ ਅਤੇ ਗੈਂਤੀਆਂ ਆਦਿ ਵਰਗੇ ਰਵਾਇਤੀ ਸੰਦਾਂ ਨਾਲ ਪਹਾੜ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ। ਸੰਦ ਖਰੀਦਣ ਲਈ ਉਸ ਨੂੰ ਆਪਣੀ ਇਕੋ-ਇਕ ਪੂੰਜੀ ਬੱਕਰੀਆਂ ਵੀ ਵੇਚਣੀਆਂ ਪਈਆਂ। ਲੋਕਾਂ ਦੇ ਤਾਅਨੇ-ਮਿਹਣਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਉਹ ਆਪਣੀ ਧੁਨ ਵਿਚ ਕੰਮ ਕਰਦਾ ਰਿਹਾ। ਹੌਲੀ-ਹੌਲੀ ਪਹਾੜਾਂ ਦੀ ਚੱਟਾਨੀ ਬੁੱਕਲ ਵਿਚੋਂ ਰਸਤੇ ਦੀ ਰੂਪ-ਰੇਖਾ ਨਿਕਲਦੀ ਵੇਖ ਕੇ ਲੋਕਾਂ ਨੇ ਵੀ ਉਸ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਉਹ ਉਸ ਨੂੰ ਖੋਦਾਈ ਦੇ ਸੰਦ ਅਤੇ ਖਾਣਾ ਆਦਿ ਪਹੁੰਚਾਉਣ ਲੱਗੇ। ਅਖੀਰ ਉਹ ਕਾਮਯਾਬ ਹੋ ਗਿਆ ਤੇ 1982 ਤਕ ਰਸਤਾ ਤਿਆਰ ਕਰਕੇ ਨਿੰਦਕਾਂ ਦੇ ਮੂੰਹ ਬੰਦ ਕਰ ਦਿੱਤੇ। ਆਪਣੇ ਇਸ ਮਹਾਨ ਕਾਰਨਾਮੇ ਨਾਲ ਉਹ ਸਾਰੇ ਦੇਸ਼ ਵਿਚ ਮਸ਼ਹੂਰ ਹੋ ਗਿਆ। ਉਸ ਨੂੰ ਮਾਊਂਟੇਨ ਮੈਨ ਕਿਹਾ ਜਾਣ ਲੱਗਾ। ਜੁਲਾਈ 2007 ਵਿਚ ਜਦੋਂ ਉਹ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਮਿਲਣ ਲਈ ਗਿਆ ਤਾਂ ਉਸ ਨੂੰ ਸਨਮਾਨ ਦੇਣ ਲਈ ਮੁੱਖ ਮੰਤਰੀ ਨੇ ਆਪ ਉੱਠ ਕੇ ਉਸ ਨੂੰ ਆਪਣੀ ਕੁਰਸੀ 'ਤੇ ਬਿਠਾ ਦਿੱਤਾ। ਉਹ ਐਨਾ ਦਰਿਆ ਦਿਲ ਸੀ ਕਿ ਅੱਤ ਗਰੀਬ ਹੁੰਦੇ ਹੋਏ ਵੀ ਬਿਹਾਰ ਸਰਕਾਰ ਵਲੋਂ ਕਰਜਾਨੀ ਪਿੰਡ ਵਿਚ ਇਨਾਮ ਵਜੋਂ ਭੇਟ ਕੀਤੀ ਪੰਜ ਏਕੜ ਜ਼ਮੀਨ ਉਸ ਨੇ ਹਸਪਤਾਲ ਬਣਾਉਣ ਲਈ ਦਾਨ ਕਰ ਦਿੱਤੀ। ਇਹ ਉਨ੍ਹਾਂ ਲੋਕਾਂ ਲਈ ਇਕ ਸਬਕ ਹੋ ਸਕਦੀ ਹੈ, ਜੋ ਖੇਤ ਦੀ ਵੱਟ ਪਿੱਛੇ ਸਕੇ ਭਰਾ ਨੂੰ ਵੱਢ ਦਿੰਦੇ ਹਨ।
ਅਸੰਭਵ ਨੂੰ ਸੰਭਵ ਕਰ ਵਿਖਾਉਣ ਵਾਲੇ ਇਸ ਮਹਾਨ ਪੁਰਸ਼ ਦੀ 17 ਅਗਸਤ 2007 ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਕੈਂਸਰ ਨਾਲ ਮੌਤ ਹੋ ਗਈ। ਉਸ ਦੇ ਇਲਾਜ ਦਾ ਸਾਰਾ ਖਰਚਾ ਬਿਹਾਰ ਸਰਕਾਰ ਨੇ ਚੁੱਕਿਆ। ਉਸ ਦਾ ਅੰਤਿਮ ਸੰਸਕਾਰ ਵੀ ਉੱਚ ਸਿਆਸੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿਚ ਇਕ ਨਾਇਕ ਦੇ ਰੂਪ ਵਿਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਦਸ਼ਰਥ ਮਾਂਝੀ ਨੇ ਸਾਰੀ ਉਮਰ ਸਖਤ ਗਰੀਬੀ ਵਿਚ ਗੁਜ਼ਾਰੀ। ਲੱਖਾਂ ਲੋਕਾਂ ਦੀ ਜ਼ਿੰਦਗੀ ਆਸਾਨ ਬਣਾਉਣ ਵਾਲਾ ਇਹ ਸ਼ਖਸ ਆਪਣੇ ਪਰਿਵਾਰ ਦੀ ਇੰਦਰਾ ਅਵਾਸ ਯੋਜਨਾ 'ਚੋਂ ਇਕ ਮਕਾਨ ਦਿਵਾਉਣ ਤੋਂ ਇਲਾਵਾ ਹੋਰ ਕੋਈ ਮਦਦ ਨਹੀਂ ਕਰ ਸਕਿਆ।
ਦਸ਼ਰਥ ਮਾਂਝੀ ਨੂੰ ਸਨਮਾਨ ਦੇਣ ਲਈ ਨਿਤੀਸ਼ ਕੁਮਾਰ ਸਰਕਾਰ ਨੇ ਉਸ ਵਲੋਂ ਬਣਾਏ ਰਸਤੇ ਨੂੰ ਪੱਕਾ ਕਰਕੇ ਉਸ ਦਾ ਨਾਂ ਦਸ਼ਰਥ ਮਾਂਝੀ ਰੋਡ ਰੱਖਣ ਦਾ ਐਲਾਨ ਕੀਤਾ ਹੈ। ਉਸ ਦੇ ਨਾਂ 'ਤੇ ਇਕ ਸਰਕਾਰੀ ਹਸਪਤਾਲ ਬਣਾਉਣ ਦਾ ਵੀ ਐਲਾਨ ਕੀਤਾ ਹੈ। ਮਸ਼ਹੂਰ ਫਿਲਮਕਾਰ ਕੇਤਨ ਮਹਿਤਾ ਨੇ ਉਸ ਨੂੰ ਗਰੀਬਾਂ ਦਾ ਸ਼ਾਹਜਹਾਂ ਕਿਹਾ ਹੈ। 2012 ਵਿਚ ਫਿਲਮ ਨਿਰਦੇਸ਼ਕ ਮਨੀਸ਼ ਝਾਅ ਨੇ ਨਵਾਜੂਦੀਨ ਸਦੀਕੀ ਨੂੰ ਹੀਰੋ ਲੈ ਕੇ ਉਸ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ ਮਾਂਝੀ ਬਣਾਉਣ ਦਾ ਐਲਾਨ ਕੀਤਾ। ਮਲਿਆਲਮ ਫਿਲਮ 'ਉਲਾਵੇ ਮਾਨਦਾਰਾ' ਵੀ ਉਸ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਆਮਿਰ ਖਾਨ ਨੇ ਆਪਣੇ ਸ਼ੋਅ 'ਸੱਤਯਮੇਵ ਜਯਤੇ' ਦਾ ਮਾਰਚ 2014 ਦਾ ਐਪੀਸੋਡ ਮਾਂਝੀ ਨੂੰ ਸਮਰਪਿਤ ਕੀਤਾ ਸੀ। ਉਹ ਉਸ ਨੂੰ ਸ਼ਰਧਾਂਜਲੀ ਦੇਣ ਲਈ ਉਸ ਦੇ ਪਿੰਡ ਗਹਿਲੌਰ ਗਿਆ ਤੇ ਉਸ ਦੇ ਗਰੀਬੀ ਵਿਚ ਰਹਿ ਰਹੇ ਪਰਿਵਾਰ ਨੂੰ ਮਿਲ ਕੇ ਆਇਆ। ਉਸ ਨੇ ਕਿਹਾ ਕਿ ਮੈਨੂੰ ਦਸ਼ਰਥ ਮਾਂਝੀ ਦੀ ਜ਼ਿੰਦਗੀ ਤੋਂ ਬੜੀ ਸੇਧ ਮਿਲੀ ਹੈ। ਦਸ਼ਰਥ ਮਾਂਝੀ ਦੀ ਜ਼ਿੰਦਗੀ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਅੱਜਕਲ ਲੋਕਾਂ ਦਾ ਹਾਲ ਇਹ ਹੈ ਕਿ ਸੜਕ 'ਤੇ ਪਿਆ ਵੱਟਾ ਵੀ ਕੋਈ ਚੁੱਕ ਕੇ ਰਾਜ਼ੀ ਨਹੀਂ। ਇਸ ਲਈ ਵੀ ਲੋਕ ਸਰਕਾਰ ਦੇ ਮੂੰਹ ਵੱਲ ਦੇਖਦੇ ਹਨ। ਇਥੇ ਅਜਿਹੇ ਲੋਕਾਂ ਦੀ ਵੀ ਕਮੀ ਨਹੀਂ, ਜੋ ਮਨੁੱਖਤਾ ਦੀ ਕਥਿਤ ਸੇਵਾ ਦੇ ਨਾਂ ਹੇਠ ਐੱਨ. ਜੀ. ਓ. ਬਣਾ ਕੇ ਸਰਕਾਰੀ ਫੰਡ ਹੜੱਪ ਕਰ ਜਾਂਦੇ ਹਨ ਪਰ ਜੇ ਇਨਸਾਨ ਲੋਕ ਭਲਾਈ ਦੇ ਕੰਮ ਕਰਨ ਦੀ ਠਾਣ ਲਵੇ ਤਾਂ ਉਸ ਨੂੰ ਸਰਕਾਰੀ ਸਹਾਇਤਾ ਦੀ ਕੋਈ ਜ਼ਰੂਰਤ ਨਹੀਂ। ਦਸ਼ਰਥ ਮਾਂਝੀ ਦੀ ਕਠਿਨ ਮਿਹਨਤ ਦੀ ਸਫਲ ਕਹਾਣੀ ਵੇਖ ਕੇ ਲੱਗਦਾ ਹੈ ਕਿ ਫਰਹਾਦ ਤੇ ਭਗੀਰਥ ਵਾਕਈ ਹੀ ਹੋਏ ਹੋਣਗੇ।
- ਬਲਰਾਜ ਸਿੰਘ ਸਿੱਧੂ ਐੱਸ. ਪੀ.
ਪਤੀ ਵਿਚਾਰਾ ਕੀ ਕਰੇ....
NEXT STORY